- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੌਤਿਕ ਉਪਲਬਧੀਆਂ ਦੇ ਇਸ ਯੁੱਗ ਵਿਚ ਮਨੁੱਖ ਇਹ ਮੰਨ ਬੈਠਾ ਹੈ ਕਿ ਜਿੰਨਾ ਜ਼ਿਆਦਾ ਧਨ, ਇੱਜ਼ਤ-ਮਾਣ ਤੇ ਜ਼ਮੀਨ-ਜਾਇਦਾਦ ਉਸ ਕੋਲ ਹੋਣਗੇ, ਓਨਾ ਹੀ ਜ਼ਿਆਦਾ ਉਹ ਸੁਖੀ ਤੇ ਸ਼ਾਂਤ ਹੋਵੇਗਾ। ਇਸੇ ਭਰਮ ਵਿਚ ਉਹ ਦਿਨ-ਰਾਤ ਧਨ-ਦੌਲਤ ਇਕੱਠੀ ਕਰਨ ਵਿਚ ਲੱਗਿਆ ਰਹਿੰਦਾ ਹੈ। ਉਸ ਨੇ ਵੱਡੇ-ਵੱਡੇ ਭਵਨਾਂ, ਮਹਿੰਗੀਆਂ ਗੱਡੀਆਂ ਅਤੇ ਐਸ਼ੋ-ਇਸ਼ਰਤ ਨਾਲ ਭਰਪੂਰ ਜੀਵਨ ਨੂੰ ਹੀ ਸਫਲਤਾ ਦਾ ਪ੍ਰਤੀਕ ਮੰਨ ਲਿਆ ਹੈ

ਭੌਤਿਕ ਉਪਲਬਧੀਆਂ ਦੇ ਇਸ ਯੁੱਗ ਵਿਚ ਮਨੁੱਖ ਇਹ ਮੰਨ ਬੈਠਾ ਹੈ ਕਿ ਜਿੰਨਾ ਜ਼ਿਆਦਾ ਧਨ, ਇੱਜ਼ਤ-ਮਾਣ ਤੇ ਜ਼ਮੀਨ-ਜਾਇਦਾਦ ਉਸ ਕੋਲ ਹੋਣਗੇ, ਓਨਾ ਹੀ ਜ਼ਿਆਦਾ ਉਹ ਸੁਖੀ ਤੇ ਸ਼ਾਂਤ ਹੋਵੇਗਾ। ਇਸੇ ਭਰਮ ਵਿਚ ਉਹ ਦਿਨ-ਰਾਤ ਧਨ-ਦੌਲਤ ਇਕੱਠੀ ਕਰਨ ਵਿਚ ਲੱਗਿਆ ਰਹਿੰਦਾ ਹੈ। ਉਸ ਨੇ ਵੱਡੇ-ਵੱਡੇ ਭਵਨਾਂ, ਮਹਿੰਗੀਆਂ ਗੱਡੀਆਂ ਅਤੇ ਐਸ਼ੋ-ਇਸ਼ਰਤ ਨਾਲ ਭਰਪੂਰ ਜੀਵਨ ਨੂੰ ਹੀ ਸਫਲਤਾ ਦਾ ਪ੍ਰਤੀਕ ਮੰਨ ਲਿਆ ਹੈ ਪਰ ਜੀਵਨ ਦਾ ਡੂੰਘਾ ਸੱਚ ਇਹ ਹੈ ਕਿ ਧਨ ਵਿਅਕਤੀ ਨੂੰ ਸਹੂਲਤਾਂ ਤੇ ਪਲ ਭਰ ਦਾ ਸੁੱਖ ਤਾਂ ਦੇ ਸਕਦਾ ਹੈ ਪਰ ਹਕੀਕੀ ਸ਼ਾਂਤੀ ਕਦੇ ਵੀ ਨਹੀਂ ਦੇ ਸਕਦਾ। ਜੇ ਧਨ ਨਾਲ ਸ਼ਾਂਤੀ ਮਿਲਦੀ ਤਾਂ ਸੰਸਾਰ ਦੇ ਸਾਰੇ ਧਨਵਾਨ ਅਤੇ ਸਾਧਨ ਸੰਪੰਨ ਲੋਕ ਸਭ ਤੋਂ ਵੱਧ ਸ਼ਾਂਤ ਤੇ ਸੰਤੁਸ਼ਟ ਹੁੰਦੇ। ਜਦਕਿ ਹਕੀਕਤ ਇਸ ਦੇ ਉਲਟ ਹੈ। ਇਤਿਹਾਸ ਤੇ ਵਰਤਮਾਨ ਗਵਾਹ ਹਨ ਕਿ ਅਨੇਕ ਅਮੀਰ ਵਿਅਕਤੀ ਤਣਾਅ, ਉਦਾਸੀ, ਭੈਅ, ਅਸੁਰੱਖਿਆ ਤੇ ਇਕੱਲੇਪਣ ਤੋਂ ਗ੍ਰਸਤ ਰਹੇ ਹਨ। ਉਨ੍ਹਾਂ ਕੋਲ ਸਭ ਕੁਝ ਸੀ ਪਰ ਮਨ ਦੀ ਸ਼ਾਂਤੀ ਨਹੀਂ ਸੀ। ਇਸ ਦਾ ਕਾਰਨ ਇਹ ਹੈ ਕਿ ਸ਼ਾਂਤੀ ਕੋਈ ਬਾਹਰਲੀ ਵਸਤੂ ਨਹੀਂ ਬਲਕਿ ਅੰਦਰੂਨੀ ਅਹਿਸਾਸ ਹੈ। ਉਸ ਨੂੰ ਬਾਜ਼ਾਰ ਤੋਂ ਖ਼ਰੀਦਿਆ ਨਹੀਂ ਜਾ ਸਕਦਾ ਤੇ ਨਾ ਹੀ ਕਿਸੇ ਤਿਜੌਰੀ ਵਿਚ ਰੱਖਿਆ ਜਾ ਸਕਦਾ ਹੈ। ਧਨ ਦੀ ਪ੍ਰਕਿਰਤੀ ਇਕੱਠਾ ਕਰ ਕੇ ਰੱਖਣ ਦੀ ਹੈ ਜਦਕਿ ਸ਼ਾਂਤੀ ਦੀ ਪ੍ਰਕਿਰਤੀ ਤਿਆਗ ਦੀ ਹੈ। ਧਨ ਬਾਹਰਲੇ ਸੰਸਾਰ ਨੂੰ ਸਜਾਉਂਦਾ ਹੈ ਜਦਕਿ ਸ਼ਾਂਤੀ ਅੰਦਰਲੇ ਸੰਸਾਰ ਨੂੰ ਪ੍ਰਕਾਸ਼ਮਾਨ ਕਰਦੀ ਹੈ। ਧਨ ਨਾਲ ਘਰ ਬਣਾਇਆ ਜਾ ਸਕਦਾ ਹੈ ਪਰ ਘਰ ਵਿਚ ਪ੍ਰੇਮ, ਬਰਕਤ ਤੇ ਸਬਰ-ਸੰਤੋਖ ਨਹੀਂ ਖ਼ਰੀਦਿਆ ਜਾ ਸਕਦਾ। ਧਨ ਨਾਲ ਦਵਾਈਆਂ ਖ਼ਰੀਦੀਆਂ ਜਾ ਸਕਦੀਆਂ ਹਨ ਪਰ ਸਿਹਤ ਤੇ ਮਾਨਸਿਕ ਸੰਤੁਲਨ ਨਹੀਂ। ਧਨ ਨਾਲ ਸੁਰੱਖਿਆ ਦੇ ਸਾਧਨ ਜੁਟਾਏ ਜਾ ਸਕਦੇ ਹਨ ਪਰ ਭੈਅ ਮੁਕਤ ਜੀਵਨ ਨਹੀਂ ਹਾਸਲ ਕੀਤਾ ਜਾ ਸਕਦਾ। ਭਾਰਤੀ ਰੂਹਾਨੀ ਪਰੰਪਰਾ ਵੀ ਇਹੋ ਸਿਖਾਉਂਦੀ ਹੈ ਕਿ ਹਕੀਕੀ ਸ਼ਾਂਤੀ ਆਤਮਬੋਧ, ਸੰਜਮ, ਧਿਆਨ, ਸਾਧਨਾ ਤੇ ਈਸ਼ਵਰ ਜਾਂ ਆਤਮਾ ਦੀ ਸ਼ਰਨ ਵਿਚ ਹੀ ਪ੍ਰਾਪਤ ਹੁੰਦੇ ਹਨ। ਜਦ ਮਨੁੱਖ ਆਪਣੀਆਂ ਇੱਛਾਵਾਂ, ਤ੍ਰਿਸ਼ਣਾਵਾਂ ਤੇ ਹੰਕਾਰ ’ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ ਤਦ ਉਸ ਦੇ ਜੀਵਨ ਵਿਚ ਸ਼ਾਂਤੀ ਦਾ ਉਦੈ ਹੁੰਦਾ ਹੈ। ਇਹੀ ਜੀਵਨ ਦਾ ਪਰਮ ਸੱਚ ਹੈ ਕਿ ਐਸ਼ੋ-ਇਸ਼ਰਤ ਨਾਲ ਸੁੱਖ ਤਾਂ ਮਿਲ ਸਕਦਾ ਹੈ ਪਰ ਸ਼ਾਂਤੀ ਸਿਰਫ਼ ਰੂਹਾਨੀਅਤ ਨਾਲ ਹੀ ਹਾਸਲ ਹੁੰਦੀ ਹੈ।
-ਲਲਿਤ ਗਰਗ।