- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਖ਼ਤ ਮਿਹਨਤ ਮਨੁੱਖ ਵਿੱਚ ਸਬਰ, ਸਹਿਣਸ਼ੀਲਤਾ, ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦੇ ਗੁਣ ਵਿਕਸਿਤ ਕਰਦੀ ਹੈ। ਜਿਹੜਾ ਵਿਅਕਤੀ ਮਿਹਨਤ ਤੋਂ ਦੂਰ ਭੱਜਦਾ ਹੈ, ਉਹ ਛੋਟੀ ਜਿਹੀ ਮੁਸ਼ਕਲ ਸਾਹਮਣੇ ਵੀ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਸਕਦਾ ਹੈ। ਇਸ ਦੇ ਉਲਟ, ਮਿਹਨਤ ਕਰਨ ਦਾ ਆਦੀ ਵਿਅਕਤੀ ਉਲਟ ਹਾਲਾਤ ਵਿੱਚ ਵੀ ਹੱਲ ਲੱਭਣ ਦਾ ਹੌਸਲਾ ਰੱਖਦਾ ਹੈ। ਕੁਦਰਤ ’ਚ ਜੀਵਨ ਦਾ ਵਿਕਾਸ ਵੀ ਸੰਘਰਸ਼ ਅਤੇ ਯਤਨਾਂ ਰਾਹੀਂ ਹੀ ਹੁੰਦਾ ਹੈ।

ਕੁਦਰਤ ਦਾ ਇਕ ਸਦੀਵੀ ਸੱਚ ਹੈ ਕਿ ਜਿਹੜੇ ਜੀਵ ਔਖੀਆਂ ਹਾਲਤਾਂ ’ਚ ਪਲਦੇ-ਵਧਦੇ ਹਨ, ਉਹ ਉਲਟ ਹਾਲਾਤ ਦਾ ਸਾਹਮਣਾ ਕਰਨਾ ਵੀ ਸਿੱਖ ਜਾਂਦੇ ਹਨ। ਪਹਾੜਾਂ ਦੀਆਂ ਚਟਾਨਾਂ ਵਿਚਕਾਰ ਉੱਗਣ ਵਾਲੇ ਰੁੱਖ ਹਨੇਰੀਆਂ ਅਤੇ ਤੂਫ਼ਾਨਾਂ ਨੂੰ ਸਹਿਣ ਦੇ ਬਾਵਜੂਦ ਹਰੇ-ਭਰੇ ਰਹਿੰਦੇ ਹਨ, ਜਦੋਂਕਿ ਅਨੁਕੂਲ ਵਾਤਾਵਰਨ ’ਚ ਪਲਣ ਵਾਲੇ ਕੋਮਲ ਬੂਟੇ ਥੋੜ੍ਹੀ ਜਿਹੀ ਮੁਸ਼ਕਲ ਆਉਣ ’ਤੇ ਹੀ ਮੁਰਝਾ ਜਾਂਦੇ ਹਨ। ਇਹੋ ਫ਼ਰਕ ਮਨੁੱਖੀ ਜੀਵਨ ’ਚ ਵੀ ਦੇਖਣ ਨੂੰ ਮਿਲਦਾ ਹੈ। ਸਹੂਲਤਾਂ ਜੀਵਨ ਨੂੰ ਸੁਖਾਲਾ ਜ਼ਰੂਰ ਬਣਾਉਂਦੀਆਂ ਹਨ ਪਰ ਸੰਘਰਸ਼ ਤੇ ਮਿਹਨਤ ਮਨੁੱਖ ਨੂੰ ਸਮਰੱਥ ਬਣਾਉਂਦੇ ਹਨ। ਕਰਮਸ਼ੀਲਤਾ ਸਿਰਫ਼ ਸਰੀਰ ਨੂੰ ਸਰਗਰਮ ਰੱਖਣ ਦਾ ਸਾਧਨ ਹੀ ਨਹੀਂ, ਸਗੋਂ ਸ਼ਖ਼ਸੀਅਤ ਨੂੰ ਘੜਨ ਵਾਲੀ ਪ੍ਰਕਿਰਿਆ ਵੀ ਹੈ। ਸਖ਼ਤ ਮਿਹਨਤ ਮਨੁੱਖ ਵਿੱਚ ਸਬਰ, ਸਹਿਣਸ਼ੀਲਤਾ, ਆਤਮ-ਵਿਸ਼ਵਾਸ ਅਤੇ ਆਤਮ-ਨਿਰਭਰਤਾ ਦੇ ਗੁਣ ਵਿਕਸਿਤ ਕਰਦੀ ਹੈ। ਜਿਹੜਾ ਵਿਅਕਤੀ ਮਿਹਨਤ ਤੋਂ ਦੂਰ ਭੱਜਦਾ ਹੈ, ਉਹ ਛੋਟੀ ਜਿਹੀ ਮੁਸ਼ਕਲ ਸਾਹਮਣੇ ਵੀ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਸਕਦਾ ਹੈ। ਇਸ ਦੇ ਉਲਟ, ਮਿਹਨਤ ਕਰਨ ਦਾ ਆਦੀ ਵਿਅਕਤੀ ਉਲਟ ਹਾਲਾਤ ਵਿੱਚ ਵੀ ਹੱਲ ਲੱਭਣ ਦਾ ਹੌਸਲਾ ਰੱਖਦਾ ਹੈ। ਕੁਦਰਤ ’ਚ ਜੀਵਨ ਦਾ ਵਿਕਾਸ ਵੀ ਸੰਘਰਸ਼ ਅਤੇ ਯਤਨਾਂ ਰਾਹੀਂ ਹੀ ਹੁੰਦਾ ਹੈ। ਕੋਲਾ ਬਹੁਤ ਜ਼ਿਆਦਾ ਤਾਪ ਤੇ ਦਬਾਅ ਦੀ ਲੰਮੀ ਪ੍ਰਕਿਰਿਆ ’ਚੋਂ ਲੰਘ ਕੇ ਹੀਰੇ ਦਾ ਰੂਪ ਧਾਰਨ ਕਰਦਾ ਹੈ। ਸੋਨੇ ਦੀ ਸ਼ੁੱਧਤਾ ਅੱਗ ’ਚ ਤਪਣ ਤੋਂ ਬਾਅਦ ਸਾਹਮਣੇ ਆਉਂਦੀ ਹੈ ਤੇ ਲੋਹੇ ਦੀ ਧਾਰ ਘਸਣ ਨਾਲ ਹੀ ਤਿੱਖੀ ਹੁੰਦੀ ਹੈ। ਇਹ ਉਦਾਹਰਨਾਂ ਦੱਸਦੀਆਂ ਹਨ ਕਿ ਮੁਸ਼ਕਲਾਂ ਸਿਰਫ਼ ਰੁਕਾਵਟਾਂ ਹੀ ਨਹੀਂ ਹੁੰਦੀਆਂ, ਸਗੋਂ ਇਹ ਸਮਰੱਥਾ ਨੂੰ ਨਿਖਾਰਨ ਦਾ ਮੌਕਾ ਵੀ ਬਣ ਸਕਦੀਆਂ ਹਨ। ਕਰਮਸ਼ੀਲਤਾ ਦਾ ਸਬੰਧ ਸਰੀਰਕ ਤਾਕਤ ਦੇ ਨਾਲ-ਨਾਲ ਮਾਨਸਿਕ ਦ੍ਰਿੜ੍ਹਤਾ ਨਾਲ ਵੀ ਹੈ। ਡਰ ਤੇ ਖ਼ਦਸ਼ੇ ਕਈ ਵਾਰ ਅਸਲ ਸੰਕਟ ਨਾਲੋਂ ਵੀ ਵੱਧ ਦੁੱਖ ਦਿੰਦੇ ਹਨ। ਹੌਸਲੇ ਵਾਲਾ ਵਿਅਕਤੀ ਮੁਸ਼ਕਲ ਦਾ ਸਾਹਮਣਾ ਕਰਦਾ ਹੈ, ਜਦੋਂਕਿ ਡਰਪੋਕ ਵਿਅਕਤੀ ਮੁਸ਼ਕਲ ਆਉਣ ਤੋਂ ਪਹਿਲਾਂ ਹੀ ਹਾਰ ਮੰਨ ਲੈਂਦਾ ਹੈ। ਜੀਵਨ ਵਿਚ ਲਾਲਚਾਂ ਅਤੇ ਦਬਾਵਾਂ ਸਾਹਮਣੇ ਆਪਣੇ ਸਿਧਾਂਤਾਂ ’ਤੇ ਅਡੋਲ ਰਹਿਣਾ ਵੀ ਇਸੇ ਅੰਦਰੂਨੀ ਤਾਕਤ ਦਾ ਸਬੂਤ ਹੈ। ਅਸਲ ਕਰਮਸ਼ੀਲਤਾ ਉਹੀ ਹੈ, ਜਿਸ ’ਚ ਨਿਰੰਤਰ ਯਤਨ ਦੇ ਨਾਲ ਸਹੀ ਦਿਸ਼ਾ ਅਤੇ ਸਬਰ ਦਾ ਸੁਮੇਲ ਹੋਵੇ।
-ਮੁਕੇਸ਼ ਰਿਸ਼ੀ।