Raja Sahib Ji : ਅੱਜ ਵੀ ਕੋਈ ਮਨੁੱਖ ਜੇਕਰ ‘ਭਗਵਾਨ ਬਿਲਾਸ’ ਬਾਰੇ ਮਨ ਸੂਰਤ ਕਰਕੇ ਪੜ੍ਹੇਗਾ ਤਾਂ ਉਸ ਦੇ ਜੀਵਨ ਵਿਚ ਤਬਦੀਲੀ ਆਉਣੀ ਲਾਜ਼ਮੀ ਹੈ। ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿਚ ਸੰਸਾਰ ਦੇ ਭਲੇ ਹਿੱਤ ਹੀ ਕੰਮ ਕੀਤੇ| ਆਪ ਨੇ ਵੱਖ-ਵੱਖ ਸਥਾਨਾਂ ’ਤੇ ਗੁਰਮਤਿ ਵਿਚਾਰਧਾਰਾ ਅਨੁਸਾਰ ਗੁਰਦੁਆਰਿਆਂ ਦੀ ਸਥਾਪਨਾ ਕਰਵਾਈ|

ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵੀਹਵੀਂ ਸਦੀ ਦੇ ਮਹਾਨ ਚਿੰਤਕ ਮਹਾਨ ਤਪੱਸਵੀ ਸਮਾਜ ਸੁਧਾਰਕ ਸੰਸਾਰ ਨੂੰ ਇੱਕ ਸੂਤਰ ਵਿੱਚ ਪਰੋਣ ਵਾਲੇ ਭਗਤੀ ਭਾਵਨਾ ਪਰਮਾਤਮਾ ਦੀ ਏਕਤਾ ਦੀ ਵਿਚਾਰਧਾਰਾ ਵਾਲੇ ਦਾਰਸ਼ਨਿਕ, ਸੇਵਾ ਸਿਮਰਨ ਵਾਲੇ ਬ੍ਰਹਮਦੇਵਤਾ ਹੋਏ ਹਨ| ਲੋਕਾਈ ਕਲਯੁੱਗ ਦੇ ਪ੍ਰਭਾਵ ਹੇਠਾਂ ਹਮੇਸ਼ਾ ਪਾਪਾਂ ਦੀ ਵੱਡੀ ਪੰਡ ਬੰਨ੍ਹਦੀ ਹੈ ਪਰ ਰਾਜਾ ਸਾਹਿਬ ਵਰਗੇ ਦਰਵੇਸ਼ ਦਾਨਿਸ਼ਮੰਦ ਬ੍ਰਹਮ ਗਿਆਨੀ ਇਸ ਲੋਕਾਈ ਦੇ ਗਲੋੋਂ ਪਾਪਾਂ ਦੀ ਪੰਡ ਨੂੰ ਲਾਹੁਣ ਲਈ ਕਈ ਸਦੀਆਂ ਤੱਕ ਆਪਣੇ ਗਿਆਨ ਨਾਲ ਮਾਰਗ ਦਰਸ਼ਨ ਕਰਦੇ ਰਹਿਣਗੇ| ਆਪ ਜੀ ਦੀ ਸ਼ਖ਼ਸੀਅਤ, ਵਿਚਾਰਧਾਰਾ ਤੇ ਉਪਦੇਸ਼ ਦੀ ਜਾਣਕਾਰੀ ਪੂਰਨ ਤੌਰ ’ਤੇ ਉਨ੍ਹਾਂ ਦੇ ਆਪਣੇ ਲਿਖੇ ਗ੍ਰੰਥ ਭਗਵਾਨ ਬਿਲਾਸ ਤੋਂ ਪਤਾ ਲੱਗਦੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੀ ਨਿਰਾਲੀ ਸੋਚ ਨੂੰ ਅਪਣਾਉਂਦੇ ਹੋਏ ਆਪਣੇ ਉਪਦੇਸ਼ ਤੇ ਗਿਆਨ ਦਿੰਦੇ ਹਨ| ਉਨ੍ਹਾਂ ਦੀ ਵਿਚਾਰਧਾਰਾ ਤੇ ਗੁਰਮਤਿ ਦਾ ਡੂੰਘਾ ਅਸਰ ਤੇ ਅਨੁਭਵ ਹੈ|
ਆਪ ਜੀ ਦਾ ਜਨਮ 1862 ਈਸਵੀ ਨੂੰ ਪਿਤਾ ਮੰਗਲ ਦਾਸ ਤੇ ਮਾਤਾ ਸਾਹਿਬ ਦੇਵੀ ਜੀ ਦੇ ਘਰ ਆਪਣੇ ਨਾਨਕੇ ਪਿੰਡ ਬੱਲੋਵਾਲ (ਨਵਾਂਸ਼ਹਿਰ) ਵਿਖੇ ਹੋਇਆ| ਉਨ੍ਹਾਂ ਦਾ ਜੱਦੀ ਪਿੰਡ ਮੰਨਣਹਾਣਾ ਹੁਸ਼ਿਆਰਪੁਰ ਹੈ| ਆਪ ਨੇ ਆਪਣੇ ਜੀਵਨ ਵਿਚ ਸਖ਼ਤ ਘਾਲਣਾ ਘਾਲ ਕੇ ਹੀ ਵੱਡਾ ਜੱਪ ਤੱਪ ਕੀਤਾ| ਗੁਰਮਤਿ ਰੀਤਾਂ ਅਨੁਸਾਰੀ ਹੁੰਦੇ ਹੋਏ 1940 ਨੂੰ 17 ਭਾਦੋਂ ਮੱਸਿਆ ਦੇ ਦਿਨ ਸਰੀਰ ਛੱਡਿਆ| ਰਾਜਾ ਸਾਹਿਬ ਜੀ ਨੇ ਚਾਲੀ ਸਾਲ ਦੀ ਉਮਰ ਤੱਕ ਬੀਆਬਾਣ, ਖੂਹਾਂ, ਖੇਤਾਂ, ਬਣਾਂ ਵਿਚ ਬੈਠ ਕੇ ਪ੍ਰਭੂ ਦੀ ਖੋਜ ਲਈ ਬਹੁਤ ਸਿਰੜ ਤੇ ਅੰਤਰ ਆਤਮਾ ਨਾਲ ਆਪਣੇ ਆਪ ਨੂੰ ਸੰਪੂਰਨ ਕੀਤਾ| ਚਾਲੀ ਸਾਲ ਤੱਕ ਹੱਥ ’ਤੇ ਰੱਖ ਪ੍ਰਸ਼ਾਦ ਛੱਕਿਆ| ਔਰਤਾਂ ਤੋਂ ਦੂਰ ਤੇ ਬੈਰਾਗ ਵਾਲਾ ਜੀਵਨ ਬਤੀਤ ਕੀਤਾ| ਆਪਣੇ ਜੀਵਨ ਵਿਚ ਕਲਯੁੱਗੀ ਕਰੋੜਾਂ ਜੀਵਨ ਨੂੰ ਨਾਮ ਜਪਾ ਕੇ ਸੱਚ ਦੇ ਮਾਰਗ ’ਤੇ ਪਾਇਆ। ਆਪਣੇ ਉਪਦੇਸ਼ ਦੇ ਸਾਰ ਵਿਚ ਪਰਮਾਤਮਾ ਦੀ ਏਕਤਾ, ਵਿਆਪਕਤਾ, ਗੁਰੂ ਦੀ ਉਸਤਤ, ਸਮਾਜ ਵਿਚ ਪਨਪ ਰਹੇ ਵਹਿਮ ਭਰਮ ਤੇ ਕਰਾਰੀ ਚੋਟ, ਜੀਵਨ ਦੇ ਵਿਕਾਰ ਤੋਂ ਲਾਂਭੇ ਕਿਵੇਂ ਰਹਿਣਾ, ਅਜੋਕੇ ਸਮੇਂ ਦੀ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਜੀਵਨ ਨੂੰ ਨਸ਼ਿਆਂ ਤੋਂ ਦੂਰ ਕਿਵੇਂ ਰੱਖਣਾ, ਜੀਵਨ ਨੂੰ ਪਰਾਈ ਔਰਤ ਤੇ ਵਿਭਚਾਰ ਤੋਂ ਦੂਰ ਕਿਵੇਂ ਰਹਿਣਾ, ਸੇਵਾ ਸਿਮਰਨ ਵਾਲਾ ਜੀਵਨ ਬਿਤਾਉਣ ਆਪ ਜੀ ਨੇ ਆਪਣੇ ਉਪਦੇਸ਼ ਵਿਚ ਵਿੱਦਿਆ ਦੇ ਸੰਕਲਪ, ਆਦਰਸ਼ ਮਨੁੱਖ ਤੇ ਸਦੀਵੀ ਆਨੰਦ ਦੀ ਪ੍ਰਾਪਤੀ ਬਾਰੇ ਗਿਆਨ ਦਿੱਤਾ ਹੈ।
ਅੱਜ ਵੀ ਕੋਈ ਮਨੁੱਖ ਜੇਕਰ ‘ਭਗਵਾਨ ਬਿਲਾਸ’ ਬਾਰੇ ਮਨ ਸੂਰਤ ਕਰਕੇ ਪੜ੍ਹੇਗਾ ਤਾਂ ਉਸ ਦੇ ਜੀਵਨ ਵਿਚ ਤਬਦੀਲੀ ਆਉਣੀ ਲਾਜ਼ਮੀ ਹੈ। ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿਚ ਸੰਸਾਰ ਦੇ ਭਲੇ ਹਿੱਤ ਹੀ ਕੰਮ ਕੀਤੇ| ਆਪ ਨੇ ਵੱਖ-ਵੱਖ ਸਥਾਨਾਂ ’ਤੇ ਗੁਰਮਤਿ ਵਿਚਾਰਧਾਰਾ ਅਨੁਸਾਰ ਗੁਰਦੁਆਰਿਆਂ ਦੀ ਸਥਾਪਨਾ ਕਰਵਾਈ| ਵੱਡੇ ਦਾਨੇ ਪੁਰਸ਼ ਇਸ ਸੰਸਾਰ ’ਤੇ ਨਾਮਬਾਣੀ ਅਤੇ ਸੇਵਾ ਦਾ ਵੱਡਾ ਜਹਾਜ਼ ਤਿਆਰ ਲਈ ਆਉਂਦੇ ਹਨ ਜੋ ਕਿ ਕਲਯੁੱਗੀ ਜੀਵਾਂ ਦਾ ਭਲਾ ਹੋ ਸਕੇ। ਸਾਲ 1906 ਸਿਆਲ ਦੀ ਰੁੱਤ ਖ਼ਤਮ ਹੋ ਚੁੱਕੀ ਸੀ। ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਝਿੰਗੜਾਂ ਸਮਾਧਾਂ ਢਾਬ ਵਿਖੇ ਪ੍ਰਭੂ ਬੰਦਗੀ ਵਿੱਚ ਜੁੜੇ ਹੋਏ ਸਨ। ਮੋਤੀ ਸਿੰਘ ਆਪਣੀ ਘਰਵਾਲੀ ਨਾਲ ਰਾਜਾ ਸਾਹਿਬ ਲਈ ਬਖਸ਼ਿਸ਼ ਲੈਣ ਲਈ ਸਨਮੁੱਖ ਹੋਇਆ| ਰਾਜਾ ਸਾਹਿਬ ਨੇ ਕਿਹਾ ਮੋਤੀ ਸਿੰਘ ਤੂੰ ਵੱਡੇ ਭਾਗਾਂ ਵਾਲਾ ਹੈ, ਤੇਰੇ ’ਤੇ ਪਰਮਾਤਮਾ ਦੀ ਨਜ਼ਰ ਸਵੱਲੀ ਹੋਈ ਹੈ| ਇਲਾਹੀ ਹੁਕਮ ਹੋਇਆ ਹੈ|
ਤੇਰੀ ਜ਼ਮੀਨ ’ਤੇ ਵੱਡਾ ਅਕਾਲੀ ਦਫ਼ਤਰ ਬਣਾਉਣ ਦਾ ਹੁਕਮ ਹੋਇਆ| ਤੇਰੀ ਜ਼ਮੀਨ ਵਿਚ ਜਦੋਂ ਤੱਕ ਸੂਰਜ ਰਹੇਗਾ ਜੀਵਾਂ ਦਾ ਉਦਾਰ ਹੁੰਦਾ ਰਹੇਗਾ। ਸੰਸਾਰੀ ਜੀਵ ਸਿਮਰਨ ਕਰਦੇ ਰਹਿਣਗੇ। ਇਸ ਅਸਥਾਨ ’ਤੇ ਸਰੀਰਕ ਭੁੱਖ ਦੂਰ ਵੀ ਹੋਵੇਗੀ ਤੇ ਆਤਮਿਕ ਗਿਆਨ ਤੇ ਸੁਚੱਜਾ ਜੀਵਨ ਜੀਉਣ ਦੀ ਜਾਚ ਵੀ ਮਿਲੇਗੀ| ਮੋਤੀ ਸਿੰਘ ਨੇ ਮਹਾਰਾਜ ਨੂੰ ਕਿਹਾ,‘ਸੱਚੇ ਪਾਤਸ਼ਾਹ ਜੀ ਜ਼ਮੀਨਾਂ ਜਾਇਦਾਤਾਂ ਤੇ ਜੀਵਨ ਤੁਹਾਡਾ ਦਿੱਤਾ ਹੈ। ਮੈਨੂੰ ਆਪਣੇ ਦੂਜੇ ਭਰਾਵਾਂ ਹਰਨਾਮ ਸਿੰਘ ਤੇ ਕਿਰਪਾ ਸਿੰਘ ਨਾਲ ਥੋੜ੍ਹੀ ਸਲਾਹ ਕਰ ਲੈਣ ਦਿਓ ਜੀ। ਰਾਜਾ ਸਾਹਿਬ ਨੇ ਅਸ਼ੀਰਵਾਦ ਦਿੰਦੇ ਹੋਏ ਰਾਜਭਾਗ ਪ੍ਰਭੁ ਨਾਮ ਵਾਲਾ ਜੀਵਨ ਹੋਣੇ ਦੀਆਂ ਬਖਸ਼ਿਸ਼ਾਂ ਕੀਤੀਆਂ। ਉਸੇ ਸਮੇਂ ਤਿੰਨੇ ਭਰਾ ਮਹਾਰਾਜ ਦੀ ਸ਼ਰਨ ਵਿਚ ਹਾਜ਼ਰ ਹੋਏ ਤੇ ਬੇਨਤੀ ਕੀਤੀ ਕਿ ਸੱਚੇ ਮਾਲਕ ਰਾਜਾ ਸਾਹਿਬ ਜੀ ਤੁਸੀਂ ਸਾਡੇ ਹੋ ਸਾਡੀਆਂ ਜ਼ਮੀਨਾਂ ਜਾਇਦਾਤਾਂ ਵੀ ਤੁਹਾਡੀਆਂ ਹਨ| ਰਾਜਾ ਸਾਹਿਬ ਕਹਿਣ ਲੱਗੇ ਕਿ ਪਿੰਡ ਦੇ ਪਹਾੜ ਪਾਸੇ ਕਿੰਨੀ ਜ਼ਮੀਨ ਹੈ| ਹਰਨਾਮ ਸਿੰਘ ਕਹਿਣ ਲੱਗਾ ਜੀ 17 ਕਨਾਲ ਹੈ| ਮਹਾਰਾਜ ਰਾਜਾ ਸਾਹਿਬ ਕੁੱਝ ਸਮਾਂ ਚੁੱਪ ਰਹਿ ਕੇ ਕਹਿਣ ਲੱਗੇ ਸਾਰੀ ਜ਼ਮੀਨ ਛੱਡਣ ਦੀ ਸਹਿਮਤੀ ਿਦੱਤੀ। ਰਾਜਾ ਸਾਹਿਬ ਨੇ ਨਗਰ ਤੇ ਬਾਹਰਲੀਆਂ ਸੰਗਤਾਂ ਨੂੰ ਚੇਤਰ ਦੀ ਸੰਗਰਾਂਦ ਦਾ ਦਿਨ ਨੀਅਤ ਕੀਤਾ| ਚੇਤਰ ਦੀ ਸੰਗਰਾਂਦ 1907 ਨੂੰ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ। ਸੰਗਤਾਂ ਨੂੰ ਗੁਰਬਾਣੀ ਦੇ ਸ਼ਬਦ ਤੇ ਸੰਤਾਂ ਦੀ ਸੋਭਾ ਦੇ ਸ਼ਬਦ ਜੋਟੀਆਂ ਬਣਾ ਕੇ ਗਾਏ| ਰਾਜਾ ਸਾਹਿਬ ਨੇ ਆਪ ਉੱਠ ਕੇ ਵਾਹਿਗੁਰੂ ਦਾ ਨਾਮ ਲੈ ਕੇ ਪਾਵਨ ਧਰਤੀ ’ਤੇ ਟੱਕ ਲਾਇਆ| ਨੀਂਹ ਪੁੱਟੀ ਗਈ। ਆਪਣੇ ਹੱਥੀਂ ਪੰਜ ਇੱਟਾਂ ਰੱਖ ਕੇ ਇਸ ਅਸਥਾਨ ਨੂੰ ‘ਦੁੱਖ ਨਿਵਾਰਨ’ ਦਾ ਨਾਮ ਦਿੱਤਾ|
ਮਹਾਰਾਜ ਜੀ ਨੇ ਸੰਗਤਾਂ ਨੂੰ ਕਿਹਾ ਕਿ ਜੇ ਕੋਈ ਪ੍ਰਾਣੀ ਇੱਥੇ ਬੈਠ ਕੇ ਪ੍ਰਭੂ ਸਿਮਰਨ ਕਰੇਗਾ, ਸੇਵਾ ਕਰੇਗਾ ਉਸਦੇ ਸਾਰੇ ਕਸ਼ਟ ਦੁੱਖ ਦੂਰ ਹੋਣਗੇ| ਹਰਨਾਮ ਸਿੰਘ ਨੂੰ ਕਹਿਣ ਲੱਗੇ,‘ਹਰਨਾਮਿਆ ਤੇਰੇ ਪਿੰਡ ਇਲਾਹੀ ਤੀਰਥ ਰਚ ਦਿੱਤਾ ਹੈ। ਦੁਨੀਆ ਦੇ ਹਾਕਮ ਇਸ ਅਸਥਾਨ ਨੂੰ ਝੁਕ-ਝੁਕ ਸਲਾਮਾਂ ਕਰਨਗੇ। ਇਸ ਥਾਂ ’ਤੇ ਅਸਾਧ ਰੋਗ ਦੂਰ ਹੋਣਗੇ। ਕਲਯੁੱਗੀ ਜੀਵਾਂ ਦਾ ਇਸ ਪਾਵਨ ਅਸਥਾਨ ’ਤੇ ਉਦਾਰ ਹੋਵੇਗਾ| ਇਸ ਥਾਂ ਤੋਂ ਕਸ਼ਟ, ਦਲਿੱਦਰ, ਦੁੱਖ ਦੂਰ ਹੋਣਗੇ। ਲੈ ਹਰਨਾਮਿਆ ਅੱਜ ਤੇਰੇ ਪਿੰਡ ਦੁੱਖ ਨਿਵਾਰਨ ਬਣਾ ਦਿੱਤਾ ਹੈ| ਤੇਰੇ ਪਿੰਡ ਦਾ ਨਾਮ ਦੁਨੀਆ ਵਿਚ ਬੋਲੇਗਾ ਸਰਵ ਕਲਾਂ ਸੰਪੂਰਨ ਇਸ ਅਸਥਾਨ ਨੂੰ ਬਣਾਇਆ, ਰਾਜਾ ਸਾਹਿਬ ਨੇ। ਮੰਗਲਦਾਸ ਗੋਸਲਾਂ ਵਾਲਾ ਪ੍ਰਸ਼ਾਦ ਦੀਆਂ ਪਰਾਤਾਂ ਲੈ ਕੇ ਆਇਆ, ਆਪਣੇ ਹੱਥੀਂ ਰਾਜਾ ਸਾਹਿਬ ਨੇ 50 ਗੁਣਾ 50 ਫੁੱਟ ਦਾ ਹਾਲ ਬਣਾਇਆ| ਬਾਗ਼ ਲਗਵਾਇਆ, ਗੁਰਦੁਆਰੇ ਦੇ ਸਾਹਮਣੇ ਖ਼ੂਹੀ ਲਗਵਾਈ। ਆਪਣੇ ਜੀਵਨ ਦਾ ਬਹੁਤਾਂ ਸਮਾਂ ਇਸ ਅਸਥਾਨ ਤੇ ਗੁਜ਼ਾਰਿਆਂ| ਅੱਜ ਇਸ ਅਸਥਾਨ ’ਤੇ ਤੱਪ ਅਸਥਾਨ ਰਾਜਾ ਸਾਹਿਬ, ਯਾਦਗਾਰ ਸਾਹਿਬ ਦਾਸ ਜੀ, ਗੁਰੂ ਗ੍ਰੰਥ ਸਾਹਿਬ ਦਰਬਾਰ ਹਾਲ ਤੇ ਵੱਡੀ ਬਿਲਡਿੰਗ ਲੰਗਰ ਹਾਲ ਬਣੀ ਹੋਈ ਹੈ। ਸਦਾ ਲੰਗਰ ਚੱਲਦੇ ਹਨ। ਗੁਰਬਾਣੀ ਦੇ ਵੱਡੇ ਪ੍ਰਵਾਹ ਚੱਲਦੇ ਹਨ ਮਰਿਆਦਾ ਅਨੁਸਾਰ ਕੀਰਤਨ, ਸ੍ਰੀ ਅਖੰਡ ਪਾਠ ਹੁੰਦੇ ਹਨ| ਇਸ ਅਸਥਾਨ ’ਤੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ਵਿਚ 15, 16, 17 ਭਾਦੋਂ 30-31 ਅਗਸਤ, 1, 2 ਸਤੰਬਰ ਨੂੰ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ|
• ਤਿਰਜੀਵਨ ਸਿੰਘ ਗਰਚਾ
94176-72639