ਸਾਲਾਂ ਤੋਂ ਰਤਨ ਪਹਿਨਣ ਦੇ ਬਾਵਜੂਦ ਨਹੀਂ ਬਦਲੀ ਕਿਸਮਤ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ 5 ਗਲਤੀਆਂ !
ਜੋਤਿਸ਼ ਅਨੁਸਾਰ ਰਤਨ ਊਰਜਾ ਦੇ ਪ੍ਰਭਾਵ ਨਾਲ ਕੰਮ ਕਰਦੇ ਹਨ। ਜੇਕਰ ਰਤਨ ਦਾ ਭਾਰ ਕਾਫ਼ੀ ਘੱਟ ਹੋਵੇ ਤਾਂ ਇਸ ਦਾ ਪ੍ਰਭਾਵ ਵੀ ਕਮਜ਼ੋਰ ਹੋ ਜਾਂਦਾ ਹੈ। ਉਦਾਹਰਨ ਵਜੋਂ ਪੀਲਾ ਪੁਖਰਾਜ ਘੱਟੋ-ਘੱਟ 5-7 ਰੱਤੀ, ਮਾਣਕ ਘੱਟੋ-ਘੱਟ 4-5 ਰੱਤੀ ਅਤੇ ਪੰਨਾ ਘੱਟੋ-ਘੱਟ 5 ਰੱਤੀ ਦਾ ਹੋਣਾ ਚਾਹੀਦਾ ਹੈ।
Publish Date: Mon, 02 Nov 2026 02:01 PM (IST)
Updated Date: Mon, 02 Nov 2026 02:07 PM (IST)
ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਸ਼ੁਭ ਫਲ ਪ੍ਰਾਪਤ ਕਰਨ ਅਤੇ ਸਮੱਸਿਆਵਾਂ ਤੋਂ ਮੁਕਤੀ ਪਾਉਣ ਲਈ ਕਈ ਲੋਕ ਰਤਨ ਪਹਿਨਦੇ ਹਨ। ਅਕਸਰ ਲੋਕ ਇਨ੍ਹਾਂ ਰਤਨਾਂ ਨੂੰ ਅੰਗੂਠੀ, ਬਰੇਸਲੇਟ ਅਤੇ ਲਾਕੇਟ ਦੇ ਰੂਪ 'ਚ ਪਹਿਨਣਾ ਸਹੀ ਮੰਨਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਰਤਨਾਂ ਨੂੰ ਪਹਿਨਣ ਨਾਲ ਜੀਵਨ 'ਚ ਚੱਲ ਰਹੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਖ਼ਤਮ ਹੋਣ ਲੱਗਦੀਆਂ ਹਨ। ਪਰ ਕਈ ਵਾਰ ਲੋਕ ਲੰਬੇ ਸਮੇਂ ਤੱਕ ਰਤਨ ਪਹਿਨਣ ਦੇ ਬਾਵਜੂਦ ਵੀ ਇਸ ਦੇ ਅਸਰ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਜੇਕਰ ਤੁਹਾਨੂੰ ਵੀ ਰਤਨ ਧਾਰਨ ਕਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਮਿਲ ਰਿਹਾ ਤਾਂ ਕੁਝ ਖ਼ਾਸ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚਣਾ ਚਾਹੀਦਾ ਹੈ।
ਗਲਤ ਰਤਨ ਪਹਿਨਣਾ
ਕਿਸੇ ਵੀ ਰਤਨ ਦੇ ਕੰਮ ਨਾ ਕਰਨ ਦਾ ਸਭ ਤੋਂ ਮੁੱਖ ਕਾਰਨ ਕੁੰਡਲੀ ਦੇ ਅਨੁਸਾਰ ਰਤਨ ਧਾਰਨ ਨਾ ਕਰਨਾ ਹੋ ਸਕਦਾ ਹੈ। ਹਰ ਰਤਨ ਦਾ ਸਬੰਧ ਕਿਸੇ ਨਾ ਕਿਸੇ ਗ੍ਰਹਿ ਨਾਲ ਹੁੰਦਾ ਹੈ। ਜੇਕਰ ਕੋਈ ਗ੍ਰਹਿ ਤੁਹਾਡੇ ਲਈ ਲਾਭਦਾਇਕ ਨਹੀਂ ਹੈ ਜਾਂ ਜਨਮ ਕੁੰਡਲੀ 'ਚ ਨਕਾਰਾਤਮਕ ਸਥਿਤੀ 'ਚ ਬੈਠਾ ਹੈ ਤਾਂ ਜੈਮਸਟੋਨ ਸ਼ਾਇਦ ਆਪਣਾ ਅਸਰ ਨਾ ਦਿਖਾਏ। ਕਈ ਵਾਰ ਇਸ ਨਾਲ ਸਥਿਤੀ ਹੋਰ ਵੀ ਖ਼ਰਾਬ ਹੋਣ ਦੀ ਮਾਨਤਾ ਹੈ।
ਰਤਨ ਦਾ ਨਕਲੀ ਜਾਂ ਲੈਬ 'ਚ ਤਿਆਰ ਕੀਤਾ ਹੋਣਾ
ਰਤਨ ਦੇ ਕੰਮ ਨਾ ਕਰਨ ਦਾ ਇਕ ਵੱਡਾ ਕਾਰਨ ਉਸ ਦਾ ਨਕਲੀ ਹੋਣਾ ਵੀ ਹੋ ਸਕਦਾ ਹੈ। ਕਈ ਰਤਨ ਲੈਬ 'ਚ ਤਿਆਰ ਕੀਤੇ ਜਾਂਦੇ ਹਨ, ਜੋ ਸਿੰਥੈਟਿਕ ਜਾਂ ਕੱਚ ਨਾਲ ਭਰੇ ਪੱਥਰ ਹੁੰਦੇ ਹਨ। ਇਹ ਪੱਥਰ ਦੇਖਣ 'ਚ ਕਾਫ਼ੀ ਚਮਕਦਾਰ ਹੁੰਦੇ ਹਨ, ਪਰ ਇਨ੍ਹਾਂ 'ਚ ਕੋਈ ਬ੍ਰਹਿਮੰਡੀ ਊਰਜਾ ਨਾ ਹੋਣ ਦੀ ਮਾਨਤਾ ਹੈ।
ਕੁਦਰਤੀ ਰਤਨ ਬਣਨ 'ਚ ਲੱਖਾਂ ਸਾਲ ਲੱਗ ਜਾਂਦੇ ਹਨ। ਇਸ ਲਈ ਜੋਤਿਸ਼ ਸ਼ਾਸਤਰ 'ਚ ਇਨ੍ਹਾਂ 'ਚ ਸਬੰਧਤ ਗ੍ਰਹਿਆਂ ਦੀ ਊਰਜਾ ਹੋਣ ਦੀ ਮਾਨਤਾ ਹੈ। ਨਕਲੀ ਪੱਥਰ ਜੋਤਿਸ਼ੀ ਪ੍ਰਭਾਵ ਨਹੀਂ ਦਿਖਾ ਸਕਦੇ, ਅਜਿਹਾ ਮੰਨਿਆ ਜਾਂਦਾ ਹੈ।
ਰਤਨ ਦਾ ਭਾਰ ਘੱਟ ਹੋਣਾ
ਜੋਤਿਸ਼ ਅਨੁਸਾਰ ਰਤਨ ਊਰਜਾ ਦੇ ਪ੍ਰਭਾਵ ਨਾਲ ਕੰਮ ਕਰਦੇ ਹਨ। ਜੇਕਰ ਰਤਨ ਦਾ ਭਾਰ ਕਾਫ਼ੀ ਘੱਟ ਹੋਵੇ ਤਾਂ ਇਸ ਦਾ ਪ੍ਰਭਾਵ ਵੀ ਕਮਜ਼ੋਰ ਹੋ ਜਾਂਦਾ ਹੈ। ਉਦਾਹਰਨ ਵਜੋਂ ਪੀਲਾ ਪੁਖਰਾਜ ਘੱਟੋ-ਘੱਟ 5-7 ਰੱਤੀ, ਮਾਣਕ ਘੱਟੋ-ਘੱਟ 4-5 ਰੱਤੀ ਅਤੇ ਪੰਨਾ ਘੱਟੋ-ਘੱਟ 5 ਰੱਤੀ ਦਾ ਹੋਣਾ ਚਾਹੀਦਾ ਹੈ।
ਜੇਕਰ ਤੁਹਾਡੇ ਰਤਨ ਦਾ ਭਾਰ ਨਿਰਧਾਰਤ ਮਾਪ ਤੋਂ ਘੱਟ ਹੈ ਤਾਂ ਜੋਤਿਸ਼ੀ ਮਾਨਤਾਵਾਂ ਅਨੁਸਾਰ ਇਸ ਦਾ ਪ੍ਰਭਾਵ ਕਾਫ਼ੀ ਹੌਲੀ ਜਾਂ ਬਿਲਕੁਲ ਨਾ ਦੇ ਬਰਾਬਰ ਹੋ ਸਕਦਾ ਹੈ।
ਗਲਤ ਧਾਤੂ ਨਾਲ ਰਤਨ ਪਹਿਨਣਾ
ਜੋਤਿਸ਼ ਸ਼ਾਸਤਰ 'ਚ ਵੱਖ-ਵੱਖ ਰਤਨਾਂ ਲਈ ਵੱਖ-ਵੱਖ ਧਾਤਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਰੂਬੀ (ਮਾਣਕ) - ਸੋਨਾ
- ਪੰਨਾ - ਸੋਨਾ/ਚਾਂਦੀ
- ਨੀਲਮ - ਚਾਂਦੀ
- ਪੀਲਾ ਨੀਲਮ - ਚਾਂਦੀ
- ਮੋਤੀ - ਚਾਂਦੀ
- ਲਾਲ ਮੂੰਗਾ - ਸੋਨਾ ਜਾਂ ਚਾਂਦੀ
ਮਾਨਤਾ ਹੈ ਕਿ ਗਲਤ ਧਾਤ ਨਾਲ ਰਤਨ ਪਹਿਨਣ ਨਾਲ ਇਸ ਦੀ ਜੋਤਿਸ਼ੀ ਊਰਜਾ ਕਮਜ਼ੋਰ ਹੋ ਸਕਦੀ ਹੈ। ਇਸੇ ਤਰ੍ਹਾਂ ਗਲਤ ਉਂਗਲੀ, ਗਲਤ ਹੱਥ ਜਾਂ ਬਿਨਾਂ ਸ਼ੁੱਧੀਕਰਨ ਦੇ ਰਤਨ ਪਹਿਨਣ ਨਾਲ ਵੀ ਇਸ ਦਾ ਪ੍ਰਭਾਵ ਘੱਟ ਹੋ ਸਕਦਾ ਹੈ।
ਵਾਰ-ਵਾਰ ਰਤਨ ਉਤਾਰਨਾ ਅਤੇ ਖ਼ਰਾਬ ਰਤਨ ਪਹਿਨਣਾ
ਕੁਝ ਲੋਕ ਵਾਰ-ਵਾਰ ਆਪਣਾ ਰਤਨ ਉਤਾਰਦੇ ਰਹਿੰਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਕਾਰਨ ਜੈਮਸਟੋਨ ਆਪਣਾ ਪੂਰਾ ਪ੍ਰਭਾਵ ਦਿਖਾਉਣ 'ਚ ਅਸਮਰੱਥ ਰਹਿ ਸਕਦੇ ਹਨ।
ਇਸ ਤੋਂ ਇਲਾਵਾ ਕਈ ਲੋਕ ਰਤਨ 'ਚ ਤਰੇੜ ਆਉਣ ਜਾਂ ਉਸ ਦੇ ਟੁੱਟ ਜਾਣ ਤੋਂ ਬਾਅਦ ਵੀ ਇਸ ਨੂੰ ਲਗਾਤਾਰ ਪਹਿਨਦੇ ਰਹਿੰਦੇ ਹਨ, ਜਿਸ ਨੂੰ ਜੋਤਿਸ਼ ਦੇ ਨਜ਼ਰੀਏ ਤੋਂ ਗਲਤ ਮੰਨਿਆ ਜਾਂਦਾ ਹੈ। ਮਾਨਤਾ ਅਨੁਸਾਰ ਖ਼ਰਾਬ ਹੋਏ ਰਤਨ ਨੂੰ ਨਹੀਂ ਪਹਿਨਣਾ ਚਾਹੀਦਾ, ਕਿਉਂਕਿ ਇਸ ਨਾਲ ਵਿਅਕਤੀ ਨੂੰ ਜੀਵਨ 'ਚ ਉਲਟ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।