- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਵਿਚ ਇਕਾਗਰਤਾ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਕਾਗਰਤਾ ਮਾਮੂਲੀ ਯਤਨਾਂ ਨਾਲ ਸੰਭਵ ਨਹੀਂ ਹੁੰਦੀ ਬਲਕਿ ਇਹ ਉਦੋਂ ਵਿਕਸਤ ਹੁੰਦੀ ਹੈ ਜਦ ਕਿਸੇ ਕੰਮ ਨੂੰ ਸੂਝਬੂਝ ਨਾਲ ਕੀਤਾ ਜਾਂਦਾ ਹੈ ਅਤੇ ਉਸ ਦੇ ਮੁਕੰਮਲ ਹੋਣ ’ਤੇ ਆਨੰਦ ਦਾ ਤੇਜ਼ ਅਹਿਸਾਸ ਹੋਣ ਲੱਗਦਾ ਹੈ।

ਜੀਵਨ ਵਿਚ ਇਕਾਗਰਤਾ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਕਾਗਰਤਾ ਮਾਮੂਲੀ ਯਤਨਾਂ ਨਾਲ ਸੰਭਵ ਨਹੀਂ ਹੁੰਦੀ ਬਲਕਿ ਇਹ ਉਦੋਂ ਵਿਕਸਤ ਹੁੰਦੀ ਹੈ ਜਦ ਕਿਸੇ ਕੰਮ ਨੂੰ ਸੂਝਬੂਝ ਨਾਲ ਕੀਤਾ ਜਾਂਦਾ ਹੈ ਅਤੇ ਉਸ ਦੇ ਮੁਕੰਮਲ ਹੋਣ ’ਤੇ ਆਨੰਦ ਦਾ ਤੇਜ਼ ਅਹਿਸਾਸ ਹੋਣ ਲੱਗਦਾ ਹੈ। ਕੰਮ ਨੂੰ ਕਰਨ ਵਿਚ ਹੋਏ ਤਜਰਬੇ ਕਾਰਨ ਮਿਲੇ ਆਨੰਦ ਦੇ ਸੁਖਾਵੇਂ ਅਹਿਸਾਸ ਵਿਅਕਤੀ ਨੂੰ ਕੰਮ ਪ੍ਰਤੀ ਇਕਾਗਰ ਕਰਨ ਵਿਚ ਵੀ ਮਦਦਗਾਰ ਸਿੱਧ ਹੁੰਦੇ ਹਨ। ਅਸਲ ਵਿਚ ਇਕਾਗਰਤਾ ਇਕ ਅਜਿਹੀ ਤਾਕਤ ਹੈ ਜੋ ਵਿਅਕਤੀ ਨੂੰ ਉਸ ਦੀ ਅੰਦਰੂਨੀ ਸ਼ਕਤੀ ਨਾਲ ਜੋੜਦੀ ਹੈ। ਇਸੇ ਕਾਰਨ ਇਕਾਗਰਤਾ ਦੀ ਹਾਲਤ ਵਿਚ ਜਦ ਕੋਈ ਕੰਮ ਕੀਤਾ ਜਾ ਰਿਹਾ ਹੁੰਦਾ ਹੈ ਤਾਂ ਉਸ ਵਿਚ ਖ਼ੁਦ ਹੀ ਮਜ਼ਾ ਆਉਣ ਲੱਗਦਾ ਹੈ। ਲੋਕਾਂ ਨੂੰ ਆਪਣੇ ਬਚਪਨ ਦੇ ਦਿਨ ਜ਼ਰੂਰ ਯਾਦ ਹੋਣਗੇ। ਜਦ ਇਕ ਬੱਚਾ ਸਿਰਫ਼ ਉਸ ਸਮੇਂ ਆਨੰਦ ਨਾਲ ਸਰਾਬੋਰ ਰਹਿੰਦਾ ਹੈ ਜਦ ਉਹ ਗ਼ੈਰ-ਜ਼ਰੂਰੀ ਤੌਰ ’ਤੇ ਦੌੜਦਾ ਹੋਇਆ ਇਕ ਤਿਤਲੀ ਨੂੰ ਫੜਨ ਦਾ ਯਤਨ ਕਰਦਾ ਹੈ। ਉਦੋਂ ਉਹ ਹੋਰ ਸਭ ਕੁਝ ਭੁੱਲ ਜਾਂਦਾ ਹੈ। ਉਸ ਦਾ ਸਾਰਾ ਧਿਆਨ ਤਿਤਲੀ ਨੂੰ ਫੜਨ ਵਿਚ ਲੱਗਾ ਰਹਿੰਦਾ ਹੈ। ਅਜਿਹੀ ਹਾਲਤ ਵਿਚ ਇਹ ਬੱਚਾ ਇਕਾਗਰ ਭਾਵ ਵਿਚ ਜਾ ਕੇ ਆਪਣੇ ਕੰਮਾਂ ਨੂੰ ਸੰਪੂਰਨ ਕਰਦਾ ਹੈ। ਇਕਾਗਰਤਾ ਦਾ ਮਤਲਬ ਇਹ ਹਰਗਿਜ਼ ਨਹੀਂ ਹੈ ਕਿ ਅਸੀਂ ਚੁੱਪਚਾਪ ਵਿਹਲੇ ਬੈਠ ਜਾਈਏ ਅਤੇ ਆਪਣੇ-ਆਪ ਨੂੰ ਵਿਚਾਰਾਂ ਤੋਂ ਮੁਕਤ ਕਰ ਲਈਏ ਜਾਂ ਕੁਝ ਨਾ ਕਰੀਏ। ਇਕਾਗਰਤਾ ਦਾ ਮਤਲਬ ਇਕਾਗਰ ਹੋ ਕੇ ਕੰਮ ਨੂੰ ਸਿਰੇ ਚਾੜ੍ਹਨਾ ਹੈ ਜੋ ਉਸ ਕੰਮ ਪ੍ਰਤੀ ਦਿਲਚਸਪੀ ਪੈਦਾ ਕਰਦਾ ਹੈ। ਜਦ ਕੰਮ ਪ੍ਰਤੀ ਰੁਚੀ ਉਤਪੰਨ ਹੁੰਦੀ ਹੈ ਤਾਂ ਅਜਿਹਾ ਕੰਮ ਨਾ ਸਿਰਫ਼ ਆਸਾਨੀ ਨਾਲ ਸਿਰੇ ਚੜ੍ਹ ਜਾਂਦਾ ਹੈ ਸਗੋਂ ਉਸ ਨੂੰ ਮੁਕੰਮਲ ਕਰਦੇ ਸਮੇਂ ਅਤੇ ਮੁਕੰਮਲ ਕਰਨ ਤੋਂ ਬਾਅਦ, ਦੋਵੇਂ ਹੀ ਹਾਲਤਾਂ ਵਿਚ ਅਦੁੱਤੀ ਆਨੰਦ ਦਾ ਅਹਿਸਾਸ ਹੁੰਦਾ ਰਹਿੰਦਾ ਹੈ। ਅਸੀਂ ਜੀਵਨ ਵਿਚ ਜਦੋਂ ਵੀ ਜਿਸ ਤਰ੍ਹਾਂ ਦੇ ਆਨੰਦ ਦਾ ਅਹਿਸਾਸ ਕਰਦੇ ਹਾਂ, ਉਹ ਆਨੰਦ ਸਾਡੇ ਹਿਰਦੇ ਵਿਚ ਸਮਾ ਜਾਂਦਾ ਹੈ ਅਤੇ ਛੋਟੇ-ਛੋਟੇ ਟੁਕੜਿਆਂ ਦੇ ਸਮਾਨ ਹਿਰਦੇ ਦੀਆਂ ਡੂੰਘਾਈਆਂ ਵਿਚ ਇੱਧਰ-ਓਧਰ ਪਿਆ ਰਹਿੰਦਾ ਹੈ। ਅਸਲ ਵਿਚ ਇਕਾਗਰਤਾ ਇਕ ਅਜਿਹੀ ਬੇਮਿਸਾਲ ਤਾਕਤ ਹੁੰਦੀ ਹੈ ਜੋ ਹਿਰਦੇ ਵਿਚ ਪਏ ਹੋਏ ਆਨੰਦ ਦੇ ਪੁਰਾਣੇ ਟੁਕੜਿਆਂ ਨੂੰ ਆਪਸ ਵਿਚ ਜੋੜ ਦਿੰਦੀ ਹੈ। ਇਸੇ ਨਾਲ ਇਕਾਗਰਤਾ ਦੇ ਅਸਲ ਪਲਾਂ ਵਿਚ ਸੁਖਾਵਾਂ ਅਹਿਸਾਸ ਹੁੰਦਾ ਰਹਿੰਦਾ ਹੈ। -ਵੀਕੇ ਜਾਇਸਵਾਲ।