ਸਿਰਫ਼ ਤਿੰਨ ਬਾਣਾਂ ਨਾਲ ਮਹਾਭਾਰਤ ਦਾ ਯੁੱਧ ਜਿੱਤ ਸਕਦੇ ਸਨ ਬਰਬਰੀਕ, ਫਿਰ ਵੀ ਕਿਉਂ ਨਹੀਂ ਲੜੇ ਜੰਗ? ਜਾਣੋ ਕਿਵੇਂ ਬਣੇ 'ਖਾਟੂ ਸ਼ਿਆਮ'
ਮਾਨਤਾ ਹੈ ਕਿ ਇਸੇ ਵਰਦਾਨ ਕਾਰਨ ਬਰਬਰੀਕ ਖਾਟੂ ਸ਼ਿਆਮ ਦੇ ਨਾਂ ਨਾਲ ਪ੍ਰਸਿੱਧ ਹੋਏ। ਇਸੇ ਲਈ ਬਰਬਰੀਕ ਦੀ ਕਥਾ ਸਿਰਫ਼ ਉਨ੍ਹਾਂ ਦੇ ਪਰਾਕ੍ਰਮ ਦੀ ਹੀ ਨਹੀਂ, ਸਗੋਂ ਵਚਨ ਨਿਭਾਉਣ, ਤਿਆਗ ਅਤੇ ਸਮਰਪਣ ਦੀ ਵੀ ਕਹਾਣੀ ਹੈ। ਇਹ ਕਥਾ ਅੱਜ ਵੀ ਸ਼ਰਧਾਲੂਆਂ ਨੂੰ ਖਾਟੂ ਸ਼ਿਆਮ ਬਾਬਾ ਦੇ ਦਰਸ਼ਨਾਂ ਲਈ ਪ੍ਰੇਰਿਤ ਕਰਦੀ ਹੈ।
Publish Date: Tue, 24 Nov 2026 01:55 PM (IST)
Updated Date: Tue, 24 Nov 2026 01:57 PM (IST)
ਧਰਮ ਡੈਸਕ, ਨਵੀਂ ਦਿੱਲੀ : ਮਹਾਭਾਰਤ ਦਾ ਯੁੱਧ ਧਰਮ ਅਤੇ ਅਧਰਮ ਵਿਚਾਲੇ ਲੜਿਆ ਗਿਆ ਸੀ। ਇਸ ਯੁੱਧ 'ਚ ਨਾ ਜਾਣੇ ਕਿੰਨੇ ਯੋਧਿਆਂ ਨੇ ਹਿੱਸਾ ਲਿਆ ਅਤੇ ਸਾਰਿਆਂ ਦੀ ਆਪਣੀ ਵੱਖਰੀ ਕਹਾਣੀ ਸੀ। ਭੀਸ਼ਮ ਪਿਤਾਮਹ, ਦਰੋਣਾਚਾਰੀਆ, ਕਰਨ ਅਤੇ ਅਰਜੁਨ ਵਰਗੇ ਯੋਧਿਆਂ ਦੀ ਬਹਾਦਰੀ ਦੇ ਕਿੱਸੇ ਤਾਂ ਤੁਸੀਂ ਸਾਰਿਆਂ ਨੇ ਜ਼ਰੂਰ ਸੁਣੇ ਹੋਣਗੇ, ਪਰ ਕੁਝ ਅਜਿਹੇ ਯੋਧੇ ਵੀ ਸਨ, ਜੋ ਇਸ ਯੁੱਧ ਦਾ ਨਤੀਜਾ ਬਦਲਣ ਦੀ ਸਮਰੱਥਾ ਰੱਖਦੇ ਸਨ।
ਇਨ੍ਹਾਂ 'ਚੋਂ ਇਕ ਸਨ ਬਰਬਰੀਕ। ਉਨ੍ਹਾਂ ਨੂੰ ਅਜਿਹਾ ਵਰਦਾਨ ਮਿਲਿਆ ਹੋਇਆ ਸੀ ਕਿ ਉਹ ਸਿਰਫ਼ ਤਿੰਨ ਬਾਣਾਂ ਨਾਲ ਪੂਰੀ ਸੈਨਾ ਦਾ ਅੰਤ ਕਰ ਸਕਦੇ ਸਨ। ਭਗਵਾਨ ਸ਼ਿਵ ਤੋਂ ਪ੍ਰਾਪਤ ਤਿੰਨ ਦਿਵਯ ਬਾਣਾਂ ਦੀ ਸ਼ਕਤੀ ਕਾਰਨ ਉਹ ਕੁਝ ਹੀ ਪਲਾਂ 'ਚ ਯੁੱਧ ਦਾ ਨਤੀਜਾ ਬਦਲਣ ਦੀ ਸਮਰੱਥਾ ਰੱਖਦੇ ਸਨ।
ਇਸ ਦੇ ਬਾਵਜੂਦ ਬਰਬਰੀਕ ਨੇ ਮਹਾਭਾਰਤ ਦਾ ਯੁੱਧ ਕਿਉਂ ਨਹੀਂ ਲੜਿਆ? ਆਖ਼ਰ ਇਸ ਦਾ ਕੀ ਕਾਰਨ ਸੀ ਅਤੇ ਉਹ ਆਪਣਾ ਸੀਸ ਦਾਨ ਕਰ ਕੇ ਖਾਟੂ ਸ਼ਿਆਮ ਕਿਵੇਂ ਕਹਾਏ? ਆਓ ਜਾਣਦੇ ਹਾਂ ਮਹਾਭਾਰਤ ਦੇ ਇਸ ਕਿਰਦਾਰ ਦੀ ਅਨੋਖੀ ਕਹਾਣੀ।
ਕੌਣ ਸਨ ਬਰਬਰੀਕ ਅਤੇ ਉਨ੍ਹਾਂ ਨੂੰ ਕਿਵੇਂ ਮਿਲਿਆ ਤਿੰਨ ਦਿਵਯ ਬਾਣਾਂ ਦਾ ਵਰਦਾਨ?
ਮਹਾਭਾਰਤ ਦੀ ਕਥਾ ਅਨੁਸਾਰ, ਬਰਬਰੀਕ ਭੀਮ ਦੇ ਪੋਤਰੇ ਅਤੇ ਘਟੋਤਕਚ ਦੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਦਾ ਨਾਂ ਮੋਰਵੀ ਸੀ। ਬਰਬਰੀਕ ਬਚਪਨ ਤੋਂ ਹੀ ਬੇਹੱਦ ਬਹਾਦਰ ਅਤੇ ਪਰਾਕ੍ਰਮੀ ਸਨ। ਉਨ੍ਹਾਂ ਨੇ ਸਖ਼ਤ ਤਪੱਸਿਆ ਕਰ ਕੇ ਭਗਵਾਨ ਸ਼ਿਵ ਨੂੰ ਪ੍ਰਸੰਨ ਕੀਤਾ ਸੀ। ਉਨ੍ਹਾਂ ਦੀ ਭਗਤੀ ਤੋਂ ਖ਼ੁਸ਼ ਹੋ ਕੇ ਮਹਾਦੇਵ ਨੇ ਉਨ੍ਹਾਂ ਨੂੰ ਤਿੰਨ ਦਿਵਯ ਬਾਣ ਦਿੱਤੇ। ਇਨ੍ਹਾਂ ਤਿੰਨਾਂ ਬਾਣਾਂ ਦੀ ਸ਼ਕਤੀ ਅਦਭੁਤ ਸੀ। ਉਨ੍ਹਾਂ ਦਾ ਪਹਿਲਾ ਬਾਣ ਉਨ੍ਹਾਂ ਸਾਰੇ ਨਿਸ਼ਾਨਿਆਂ ਨੂੰ ਚਿੰਨ੍ਹਿਤ ਕਰ ਸਕਦਾ ਸੀ, ਜਿਨ੍ਹਾਂ ਨੂੰ ਨਸ਼ਟ ਕਰਨਾ ਹੋਵੇ। ਦੂਜਾ ਬਾਣ ਉਨ੍ਹਾਂ ਨਿਸ਼ਾਨਿਆਂ ਨੂੰ ਚਿੰਨ੍ਹਿਤ ਕਰਦਾ ਸੀ, ਜਿਨ੍ਹਾਂ ਨੂੰ ਸੁਰੱਖਿਅਤ ਰੱਖਣਾ ਹੋਵੇ। ਤੀਜਾ ਬਾਣ ਪਹਿਲੇ ਬਾਣ ਨਾਲ ਚਿੰਨ੍ਹਿਤ ਕੀਤੇ ਸਾਰੇ ਨਿਸ਼ਾਨਿਆਂ ਦਾ ਸੰਹਾਰ ਕਰ ਕੇ ਮੁੜ ਤਰਕਸ਼ 'ਚ ਪਰਤ ਆਉਂਦਾ ਸੀ। ਇਸੇ ਕਾਰਨ ਬਰਬਰੀਕ ਨੂੰ ਤਿੰਨ ਬਾਣਧਾਰੀ ਵੀ ਕਿਹਾ ਜਾਣ ਲੱਗਾ।
ਮਾਂ ਨੂੰ ਦਿੱਤਾ ਵਚਨ ਬਣ ਸਕਦਾ ਸੀ ਮਹਾਭਾਰਤ ਦੇ ਯੁੱਧ ਦਾ ਸਭ ਤੋਂ ਵੱਡਾ ਸੰਕਟ
ਬਰਬਰੀਕ ਨੇ ਆਪਣੀ ਮਾਤਾ ਨੂੰ ਵਚਨ ਦਿੱਤਾ ਸੀ ਕਿ ਉਹ ਮਹਾਭਾਰਤ ਦੇ ਯੁੱਧ 'ਚ ਹਮੇਸ਼ਾ ਉਸ ਧਿਰ ਦਾ ਸਾਥ ਦੇਣਗੇ, ਜੋ ਕਮਜ਼ੋਰ ਹੋਵੇਗੀ ਅਤੇ ਹਾਰ ਵੱਲ ਵਧ ਰਹੀ ਹੋਵੇਗੀ। ਉਨ੍ਹਾਂ ਦਾ ਇਹ ਵਚਨ ਉਨ੍ਹਾਂ ਦੀ ਬਹਾਦਰੀ ਅਤੇ ਦਇਆ ਦਾ ਪ੍ਰਤੀਕ ਸੀ, ਪਰ ਇਹੀ ਪ੍ਰਣ ਅੱਗੇ ਚੱਲ ਕੇ ਕੁਰੂਕਸ਼ੇਤਰ ਦੇ ਮੈਦਾਨ 'ਚ ਇਕ ਵੱਡੀ ਸਮੱਸਿਆ ਬਣ ਸਕਦਾ ਸੀ।
ਜੇਕਰ ਬਰਬਰੀਕ ਕੌਰਵਾਂ ਵੱਲੋਂ ਲੜਦੇ ਅਤੇ ਪਾਂਡਵ ਕਮਜ਼ੋਰ ਪੈਣ ਲੱਗਦੇ ਤਾਂ ਉਨ੍ਹਾਂ ਨੂੰ ਪਾਂਡਵਾਂ ਦਾ ਸਾਥ ਦੇਣਾ ਪੈਂਦਾ। ਇਸ ਤੋਂ ਬਾਅਦ ਜੇਕਰ ਕੌਰਵ ਕਮਜ਼ੋਰ ਹੁੰਦੇ ਤਾਂ ਉਹ ਮੁੜ ਉਨ੍ਹਾਂ ਦਾ ਪੱਖ ਲੈ ਲੈਂਦੇ। ਇਸ ਤਰ੍ਹਾਂ ਵਾਰ-ਵਾਰ ਧਿਰ ਬਦਲਣ ਕਾਰਨ ਯੁੱਧ 'ਚ ਦੋਵਾਂ ਸੈਨਾਵਾਂ ਦਾ ਵਿਨਾਸ਼ ਹੋ ਸਕਦਾ ਸੀ। ਇਸੇ ਕਾਰਨ ਸ੍ਰੀ ਕ੍ਰਿਸ਼ਨ ਨੇ ਬਰਬਰੀਕ ਤੋਂ ਇਕ ਅਨੋਖਾ ਵਚਨ ਲਿਆ।
ਭਗਵਾਨ ਸ੍ਰੀ ਕ੍ਰਿਸ਼ਨ ਨੇ ਬਰਬਰੀਕ ਤੋਂ ਸੀਸ ਦਾਨ ਕਿਉਂ ਮੰਗਿਆ?
ਜਦੋਂ ਬਰਬਰੀਕ ਮਹਾਭਾਰਤ ਦੇ ਯੁੱਧ 'ਚ ਸ਼ਾਮਲ ਹੋਣ ਲਈ ਕੁਰੂਕਸ਼ੇਤਰ ਜਾ ਰਹੇ ਸਨ ਤਾਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਦੀ ਪ੍ਰੀਖਿਆ ਲੈਣ ਦਾ ਫ਼ੈਸਲਾ ਕੀਤਾ। ਉਸ ਸਮੇਂ ਸ੍ਰੀ ਕ੍ਰਿਸ਼ਨ ਬ੍ਰਾਹਮਣ ਦਾ ਭੇਸ ਧਾਰਨ ਕਰ ਕੇ ਉਨ੍ਹਾਂ ਦੇ ਸਾਹਮਣੇ ਪਹੁੰਚੇ ਅਤੇ ਉਨ੍ਹਾਂ ਦੀ ਸ਼ਕਤੀ 'ਤੇ ਸਵਾਲ ਉਠਾਇਆ। ਉਨ੍ਹਾਂ ਬਰਬਰੀਕ ਨੂੰ ਕਿਹਾ ਕਿ ਜੇਕਰ ਉਹ ਇੰਨੇ ਸ਼ਕਤੀਸ਼ਾਲੀ ਹਨ ਤਾਂ ਸਾਹਮਣੇ ਖੜ੍ਹੇ ਪਿੱਪਲ ਦੇ ਰੁੱਖ ਦੇ ਸਾਰੇ ਪੱਤਿਆਂ ਨੂੰ ਇਕ ਹੀ ਬਾਣ ਨਾਲ ਵਿੰਨ੍ਹ ਕੇ ਦਿਖਾਉਣ। ਬਰਬਰੀਕ ਨੇ ਇਹ ਚੁਣੌਤੀ ਸਵੀਕਾਰ ਕਰ ਲਈ। ਉਸ ਸਮੇਂ ਸ੍ਰੀ ਕ੍ਰਿਸ਼ਨ ਨੇ ਚੁੱਪਚਾਪ ਇਕ ਪੱਤਾ ਆਪਣੇ ਪੈਰ ਹੇਠ ਲੁਕਾ ਲਿਆ, ਪਰ ਬਰਬਰੀਕ ਦਾ ਬਾਣ ਰੁੱਖ ਦੇ ਸਾਰੇ ਪੱਤਿਆਂ ਨੂੰ ਵਿੰਨ੍ਹਣ ਤੋਂ ਬਾਅਦ ਸ੍ਰੀ ਕ੍ਰਿਸ਼ਨ ਦੇ ਪੈਰ ਕੋਲ ਮੰਡਰਾਉਣ ਲੱਗਾ, ਕਿਉਂਕਿ ਉੱਥੇ ਇਕ ਪੱਤਾ ਲੁਕਿਆ ਹੋਇਆ ਸੀ।
ਸ੍ਰੀ ਕ੍ਰਿਸ਼ਨ ਬਰਬਰੀਕ ਦੀ ਸ਼ਕਤੀ ਤੋਂ ਬੇਹੱਦ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਯੁੱਧ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਕ੍ਰਿਸ਼ਨ ਜੀ ਨੇ ਬਰਬਰੀਕ ਤੋਂ ਉਨ੍ਹਾਂ ਦਾ ਸੀਸ ਮੰਗ ਲਿਆ। ਬਰਬਰੀਕ ਨੇ ਬਿਨਾਂ ਕਿਸੇ ਝਿਜਕ ਦੇ ਆਪਣਾ ਸੀਸ ਦਾਨ ਕਰ ਦਿੱਤਾ। ਉਨ੍ਹਾਂ ਦੀ ਆਖ਼ਰੀ ਇੱਛਾ ਸੀ ਕਿ ਉਹ ਮਹਾਭਾਰਤ ਦਾ ਪੂਰਾ ਯੁੱਧ ਆਪਣੀਆਂ ਅੱਖਾਂ ਨਾਲ ਦੇਖ ਸਕਣ। ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਦਾ ਸੀਸ ਇਕ ਉੱਚੀ ਥਾਂ 'ਤੇ ਸਥਾਪਿਤ ਕਰ ਦਿੱਤਾ, ਜਿੱਥੋਂ ਉਹ ਯੁੱਧ ਦੇਖ ਸਕਣ।
ਮਹਾਭਾਰਤ ਦੇ ਬਰਬਰੀਕ ਕਲਯੁੱਗ 'ਚ ਕਿਵੇਂ ਬਣੇ ਖਾਟੂ ਸ਼ਿਆਮ?
ਬਰਬਰੀਕ ਦੀ ਇਸ ਅਦੁੱਤੀ ਕੁਰਬਾਨੀ ਤੋਂ ਪ੍ਰਸੰਨ ਹੋ ਕੇ ਭਗਵਾਨ ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਵਰਦਾਨ ਦਿੱਤਾ ਕਿ ਕਲਯੁੱਗ 'ਚ ਉਨ੍ਹਾਂ ਦੀ ਪੂਜਾ ਸ੍ਰੀ ਕ੍ਰਿਸ਼ਨ ਦੇ ਹੀ ਸ਼ਿਆਮ ਨਾਂ ਨਾਲ ਕੀਤੀ ਜਾਵੇਗੀ। ਮਾਨਤਾ ਹੈ ਕਿ ਇਸੇ ਵਰਦਾਨ ਕਾਰਨ ਬਰਬਰੀਕ ਖਾਟੂ ਸ਼ਿਆਮ ਦੇ ਨਾਂ ਨਾਲ ਪ੍ਰਸਿੱਧ ਹੋਏ। ਇਸੇ ਲਈ ਬਰਬਰੀਕ ਦੀ ਕਥਾ ਸਿਰਫ਼ ਉਨ੍ਹਾਂ ਦੇ ਪਰਾਕ੍ਰਮ ਦੀ ਹੀ ਨਹੀਂ, ਸਗੋਂ ਵਚਨ ਨਿਭਾਉਣ, ਤਿਆਗ ਅਤੇ ਸਮਰਪਣ ਦੀ ਵੀ ਕਹਾਣੀ ਹੈ। ਇਹ ਕਥਾ ਅੱਜ ਵੀ ਸ਼ਰਧਾਲੂਆਂ ਨੂੰ ਖਾਟੂ ਸ਼ਿਆਮ ਬਾਬਾ ਦੇ ਦਰਸ਼ਨਾਂ ਲਈ ਪ੍ਰੇਰਿਤ ਕਰਦੀ ਹੈ।