- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਥਰਾ ਦੀ ਕੁਸੰਗਤ ਕਾਰਨ ਸ੍ਰੀ ਰਾਮ ਨੂੰ ਬਨਵਾਸ ਜਾਣਾ ਪਿਆ ਤੇ ਅੰਤ ’ਚ ਰਾਜਾ ਦਸ਼ਰਥ ਨੇ ਵੀ ਪੁੱਤਰ ਦੇ ਵਿਛੋੜੇ ’ਚ ਆਪਣੇ ਪ੍ਰਾਣ ਤਿਆਗ ਦਿੱਤੇ। ਇਸੇ ਲਈ ਵਿਦਵਾਨਾਂ ਨੇ ਹਮੇਸ਼ਾ ਚੰਗੀ ਸੰਗਤ ਕਰਨ ਦੀ ਸਲਾਹ ਦਿੱਤੀ ਹੈ। ਚੰਗੀ ਸੰਗਤ ਵਿਅਕਤੀ ਨੂੰ ਮਾੜੇ ਰਾਹ ’ਤੇ ਜਾਣ ਤੋਂ ਬਚਾਉਂਦੀ ਹੈ। ਚੰਗੀ ਸੰਗਤ ਵਾਲਾ ਵਿਅਕਤੀ ਨਾ ਸਿਰਫ਼ ਆਪ ਨੇਕੀ ਦੇ ਰਾਹ ’ਤੇ ਚੱਲਦਾ ਹੈ, ਸਗੋਂ ਦੂਜਿਆਂ ਨੂੰ ਵੀ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

ਸਤਿਕਾਰਯੋਗ, ਨੇਕਦਿਲ, ਸੂਝਵਾਨ ਤੇ ਪਰਉਪਕਾਰੀ ਵਿਅਕਤੀ ਵੀ ਜੇਕਰ ਮਾੜੀ ਸੰਗਤ ’ਚ ਪੈ ਜਾਂਦਾ ਹੈ ਤਾਂ ਉਸ ਦੇ ਚੰਗੇ ਗੁਣ ਹੌਲੀ-ਹੌਲੀ ਖ਼ਤਮ ਹੋਣ ਲੱਗ ਪੈਂਦੇ ਹਨ। ਭਾਵ, ਬੁਰੇ ਲੋਕਾਂ ਦੀ ਸੰਗਤ ’ਚ ਪੈ ਕੇ ਚੰਗੇ ਤੋਂ ਚੰਗਾ ਇਨਸਾਨ ਵੀ ਵਿਗੜ ਜਾਂਦਾ ਹੈ। ਉਹ ਬੁਰੀਆਂ ਆਦਤਾਂ ਤੇ ਮਾੜੇ ਕੰਮਾਂ ਵੱਲ ਵਧਣ ਲੱਗਦਾ ਹੈ। ਇਸ ਦੀ ਮਿਸਾਲ ਰਾਮਾਇਣ ਦੇ ਇਕ ਪ੍ਰਸੰਗ ’ਚ ਮਿਲਦੀ ਹੈ। ਤ੍ਰੇਤਾਯੁਗ ’ਚ ਜਦੋਂ ਰਾਜਾ ਦਸ਼ਰਥ ਨੇ ਸ੍ਰੀ ਰਾਮ ਦਾ ਰਾਜਤਿਲਕ ਕਰਨ ਦਾ ਫ਼ੈਸਲਾ ਕੀਤਾ ਤਾਂ ਪੂਰੀ ਅਯੁੱਧਿਆ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਪਰ ਮੰਥਰਾ ਦੀ ਮਾੜੀ ਸੰਗਤ ਦਾ ਕੈਕੇਈ ਉੱਤੇ ਅਜਿਹਾ ਅਸਰ ਪਿਆ ਕਿ ਉਹ ਸ੍ਰੀ ਰਾਮ ਦੇ ਰਾਜਤਿਲਕ ਦੇ ਵਿਰੋਧ ’ਚ ਖੜ੍ਹੀ ਹੋ ਗਈ। ਗੋਸਵਾਮੀ ਤੁਲਸੀਦਾਸ ਨੇ ਇਸੇ ਪ੍ਰਸੰਗ ’ਚ ਕਿਹਾ ਹੈ: ‘ਕੋ ਨ ਕੁਸੰਗਤਿ ਪਾਇ ਨਸਾਈ। ਰਹਇ ਨ ਨੀਚ ਮਤੇਂ ਚਤੁਰਾਈ॥’ ਭਾਵ, ਕੁਸੰਗਤ ’ਚ ਪੈ ਕੇ ਕੌਣ ਨਸ਼ਟ ਨਹੀਂ ਹੁੰਦਾ ਅਤੇ ਨੀਵੇਂ ਵਿਚਾਰਾਂ ਦੇ ਪ੍ਰਭਾਵ ਹੇਠ ਆਉਣ ਨਾਲ ਸੂਝਬੂਝ ਵੀ ਖ਼ਤਮ ਹੋ ਜਾਂਦੀ ਹੈ। ਇਕ ਸਮਾਂ ਸੀ ਜਦੋਂ ਕੈਕੇਈ ਭਗਵਾਨ ਸ੍ਰੀ ਰਾਮ ਨੂੰ ਕੌਸ਼ੱਲਿਆ ਨਾਲੋਂ ਵੀ ਵੱਧ ਪਿਆਰ ਕਰਦੀ ਸੀ ਪਰ ਉਹ ਆਪਣੀ ਦਾਸੀ ਮੰਥਰਾ ਦੀਆਂ ਗੱਲਾਂ ’ਚ ਆ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦਸ਼ਰਥ ਨੇ ਕੈਕੇਈ ਦੇ ਕਹਿਣ ’ਤੇ ਸ੍ਰੀ ਰਾਮ ਨੂੰ 14 ਸਾਲ ਦਾ ਬਨਵਾਸ ਦੇ ਦਿੱਤਾ। ਮੰਥਰਾ ਦੀ ਕੁਸੰਗਤ ਕਾਰਨ ਸ੍ਰੀ ਰਾਮ ਨੂੰ ਬਨਵਾਸ ਜਾਣਾ ਪਿਆ ਤੇ ਅੰਤ ’ਚ ਰਾਜਾ ਦਸ਼ਰਥ ਨੇ ਵੀ ਪੁੱਤਰ ਦੇ ਵਿਛੋੜੇ ’ਚ ਆਪਣੇ ਪ੍ਰਾਣ ਤਿਆਗ ਦਿੱਤੇ। ਇਸੇ ਲਈ ਵਿਦਵਾਨਾਂ ਨੇ ਹਮੇਸ਼ਾ ਚੰਗੀ ਸੰਗਤ ਕਰਨ ਦੀ ਸਲਾਹ ਦਿੱਤੀ ਹੈ। ਚੰਗੀ ਸੰਗਤ ਵਿਅਕਤੀ ਨੂੰ ਮਾੜੇ ਰਾਹ ’ਤੇ ਜਾਣ ਤੋਂ ਬਚਾਉਂਦੀ ਹੈ। ਚੰਗੀ ਸੰਗਤ ਵਾਲਾ ਵਿਅਕਤੀ ਨਾ ਸਿਰਫ਼ ਆਪ ਨੇਕੀ ਦੇ ਰਾਹ ’ਤੇ ਚੱਲਦਾ ਹੈ, ਸਗੋਂ ਦੂਜਿਆਂ ਨੂੰ ਵੀ ਚੰਗੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਦੇ ਉਲਟ, ਮਾੜੀ ਸੰਗਤ ’ਚ ਪਿਆ ਵਿਅਕਤੀ ਸਿਰਫ਼ ਆਪਣੇ ਸੁਆਰਥ ਬਾਰੇ ਹੀ ਸੋਚਦਾ ਹੈ। ਉਹ ਛਲ-ਕਪਟ ਅਤੇ ਜੋੜ-ਤੋੜ ਰਾਹੀਂ ਦੁਨਿਆਵੀ ਸੁੱਖ-ਸਹੂਲਤਾਂ ਇਕੱਠੀਆਂ ਕਰਨ ਵਿੱਚ ਲੱਗਾ ਰਹਿੰਦਾ ਹੈ। ਭੌਤਿਕ ਵਸਤਾਂ ਤੋਂ ਭਾਵੇਂ ਕੁਝ ਸਮੇਂ ਲਈ ਸੁੱਖ ਮਿਲ ਸਕਦਾ ਹੈ ਪਰ ਆਤਮਿਕ ਆਨੰਦ ਨਹੀਂ। ਅਜਿਹਾ ਵਿਅਕਤੀ ਅਕਸਰ ਸ਼ੱਕ ਅਤੇ ਡਰ ਦੇ ਸਾਏ ਹੇਠ ਆਪਣਾ ਜੀਵਨ ਬਿਤਾਉਂਦਾ ਹੈ। ਭੌਤਿਕ ਸਾਧਨ ਇਕੱਠੇ ਕਰਨ ਦੀ ਦੌੜ ’ਚ ਉਹ ਮਨ ਦੀ ਸ਼ਾਂਤੀ ਤੇ ਖ਼ੁਸ਼ੀ ਗੁਆ ਬੈਠਦਾ ਹੈ। ਇਸ ਦਾ ਅਸਰ ਉਸ ਦੀ ਨੀਂਦ ਅਤੇ ਸਿਹਤ ’ਤੇ ਵੀ ਪੈ ਸਕਦਾ ਹੈ। ਇਸ ਲਈ ਥੋੜ੍ਹੇ ਜਿਹੇ ਲਾਲਚ ’ਚ ਆ ਕੇ ਕਿਸੇ ਬੁਰੇ ਵਿਅਕਤੀ ਦੀ ਸਲਾਹ ਨਹੀਂ ਮੰਨਣੀ ਚਾਹੀਦੀ।
-ਸਲਿਲ ਪਾਂਡੇ।