- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਤਮਿਕ ਜਾਗ੍ਰਿਤੀ ਉਹ ਪਲ ਹੈ, ਜਦੋਂ ਅਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛਣੇ ਸ਼ੁਰੂ ਕਰਦੇ ਹਾਂ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਅਧਿਆਤਮਿਕ ਜਾਗ੍ਰਿਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸੰਤ-ਮਹਾਤਮਾ ਅਤੇ ਅਧਿਆਤਮਿਕ ਗੁਰੂ ਅਨਾਦਿ ਕਾਲ ਤੋਂ ਸਾਨੂੰ ਇਹ ਯਾਦ ਦਿਵਾਉਂਦੇ ਆਏ ਹਨ ਕਿ ਸਾਡੀ ਹੋਂਦ ਸਿਰਫ਼ ਇਸ ਭੌਤਿਕ ਸਰੀਰ ਤੱਕ ਹੀ ਸੀਮਤ ਨਹੀਂ ਹੈ, ਜਿਸ ਨੂੰ ਅਸੀਂ ਇਨ੍ਹਾਂ ਅੱਖਾਂ ਨਾਲ ਦੇਖ ਸਕਦੇ ਹਾਂ। ਅਸੀਂ ਆਪਣੇ ਮਨ ਤੇ ਭਾਵਨਾਵਾਂ ਤੋਂ ਵੀ ਕਿਤੇ ਵੱਧ ਹਾਂ।

ਅੱਜ ਦੇ ਤਕਨੀਕੀ ਯੁੱਗ ’ਚ ਤਣਾਅ ਤੇ ਭੱਜ-ਦੌੜ ਭਰੀ ਜ਼ਿੰਦਗੀ ਦੌਰਾਨ ਬਹੁਤ ਸਾਰੇ ਲੋਕ ਆਪਣੇ ਜੀਵਨ ਦੇ ਉਦੇਸ਼ ਦੀ ਭਾਲ ਕਰ ਰਹੇ ਹਨ। ਇਹ ਤੈਅ ਹੈ ਕਿ ਤਕਨਾਲੋਜੀ ਨੇ ਕੰਪਿਊਟਰ ਦੇ ਕੁਝ ਬਟਨ ਦਬਾਉਣ ਨਾਲ ਹੀ ਗਿਆਨ ਦੇ ਸਾਰੇ ਖੇਤਰਾਂ ਬਾਰੇ ਜਾਣਕਾਰੀ ਹਾਸਲ ਕਰਨਾ ਸਾਡੇ ਲਈ ਸੰਭਵ ਬਣਾ ਦਿੱਤਾ ਹੈ ਪਰ ਇੰਨਾ ਗਿਆਨ ਹੋਣ ਦੇ ਬਾਵਜੂਦ ਵੀ ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਸਾਨੂੰ ਅਜੇ ਤੱਕ ਨਹੀਂ ਮਿਲ ਸਕੇ। ਜ਼ਿਆਦਾਤਰ ਲੋਕਾਂ ਨੇ ਇਹ ਮਹਿਸੂਸ ਕੀਤਾ ਹੈ ਕਿ ਬਾਹਰੀ ਗਿਆਨ, ਭਾਵੇਂ ਉਹ ਕਿਤਾਬਾਂ ਰਾਹੀਂ ਹਾਸਲ ਕੀਤਾ ਹੋਵੇ ਜਾਂ ਇੰਟਰਨੈੱਟ ਰਾਹੀਂ, ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕਰ ਸਕਦਾ। ਇਸ ਲਈ ਉਹ ਅਜਿਹੀ ਖ਼ੁਸ਼ੀ ਪ੍ਰਾਪਤ ਕਰਨ ਦਾ ਰਾਹ ਸਿੱਖਣਾ ਚਾਹੁੰਦੇ ਹਨ, ਜੋ ਸਦਾ-ਸਦਾ ਲਈ ਕਾਇਮ ਰਹੇ। ਕਈ ਵਾਰ ਸਾਡੇ ਮਨ ’ਚ ਅਜਿਹੇ ਸਵਾਲ ਉੱਠਦੇ ਹਨ ਕਿ ਮੈਂ ਕੌਣ ਹਾਂ? ਮੈਂ ਇੱਥੇ ਕੀ ਕਰ ਰਿਹਾ ਹਾਂ? ਮੇਰੇ ਜੀਵਨ ਦਾ ਉਦੇਸ਼ ਕੀ ਹੈ? ਤੇ ਮੈਨੂੰ ਸੱਚੀ ਸੰਤੁਸ਼ਟੀ ਕਿਵੇਂ ਮਿਲ ਸਕਦੀ ਹੈ? ਕੀ ਅਸੀਂ ਸਿਰਫ਼ ਉਹ ਸਰੀਰ ਹੋ, ਜਿਸ ਨਾਲ ਅਸੀਂ ਇਸ ਦੁਨੀਆ ’ਚ ਆਉਂਦੇ ਹਾਂ, ਜੋ ਸਮੇਂ ਦੇ ਨਾਲ ਬੁੱਢਾ ਹੁੰਦਾ ਜਾਂਦਾ ਹੈ ਅਤੇ ਮੌਤ ਤੋਂ ਬਾਅਦ ਨਸ਼ਟ ਹੋ ਜਾਂਦਾ ਹੈ? ਕੀ ਅਸੀਂ ਉਹ ਬੁੱਧੀ ਹਾਂ, ਜੋ ਬੌਧਿਕ ਖੋਜ ਨਾਲ ਹੋਰ ਨਿਪੁੰਨ ਹੁੰਦੀ ਜਾਂਦੀ ਹੈ ਤੇ ਅੰਤ ’ਚ ਮੌਤ ਦੇ ਸਮੇਂ ਖ਼ਤਮ ਹੋ ਜਾਂਦੀ ਹੈ? ਕੀ ਅਸੀਂ ਭਾਵਨਾਵਾਂ ਦਾ ਹੀ ਰੂਪ ਹਾਂ, ਜੋ ਮੌਸਮ ਵਾਂਗ ਵਾਰ-ਵਾਰ ਬਦਲਦੀਆਂ ਰਹਿੰਦੀਆਂ ਹਨ? ਜਾਂ ਫਿਰ ਸਾਡੀ ਹੋਂਦ ਇਨ੍ਹਾਂ ਸਭ ਤੋਂ ਕਿਤੇ ਵੱਧ ਹੈ? ਅਧਿਆਤਮਿਕ ਜਾਗ੍ਰਿਤੀ ਉਹ ਪਲ ਹੈ, ਜਦੋਂ ਅਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛਣੇ ਸ਼ੁਰੂ ਕਰਦੇ ਹਾਂ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਅਧਿਆਤਮਿਕ ਜਾਗ੍ਰਿਤੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸੰਤ-ਮਹਾਤਮਾ ਅਤੇ ਅਧਿਆਤਮਿਕ ਗੁਰੂ ਅਨਾਦਿ ਕਾਲ ਤੋਂ ਸਾਨੂੰ ਇਹ ਯਾਦ ਦਿਵਾਉਂਦੇ ਆਏ ਹਨ ਕਿ ਸਾਡੀ ਹੋਂਦ ਸਿਰਫ਼ ਇਸ ਭੌਤਿਕ ਸਰੀਰ ਤੱਕ ਹੀ ਸੀਮਤ ਨਹੀਂ ਹੈ, ਜਿਸ ਨੂੰ ਅਸੀਂ ਇਨ੍ਹਾਂ ਅੱਖਾਂ ਨਾਲ ਦੇਖ ਸਕਦੇ ਹਾਂ। ਅਸੀਂ ਆਪਣੇ ਮਨ ਤੇ ਭਾਵਨਾਵਾਂ ਤੋਂ ਵੀ ਕਿਤੇ ਵੱਧ ਹਾਂ। ਸੰਤ-ਮਹਾਤਮਾ ਸਾਨੂੰ ਦੱਸਦੇ ਹਨ ਕਿ ਸਾਡੇ ’ਚੋਂ ਹਰੇਕ ਵਿਅਕਤੀ ਲਈ ਆਪਣੇ ਅਸਲ ਸਰੂਪ ਨੂੰ ਅਨੁਭਵ ਕਰਨ ਦਾ ਇਕ ਤਰੀਕਾ ਮੌਜੂਦ ਹੈ। ਧਿਆਨ-ਅਭਿਆਸ ’ਚ ਕੁਝ ਸਮਾਂ ਬਿਤਾਉਣ ਨਾਲ ਹੀ ਸਾਡੀ ਖੋਜ ਦੇ ਨਵੇਂ ਰਾਹ ਖੁੱਲ੍ਹਣ ਲੱਗ ਪੈਂਦੇ ਹਨ। ਸਾਡੇ ਅੰਦਰ ਗਿਆਨ ਦਾ ਇੱਕ ਅਜਿਹਾ ਸੋਮਾ ਮੌਜੂਦ ਹੈ, ਜੋ ਸਾਡੇ ਅੰਤਰ ਵਿੱਚ ਸਾਡੀ ਉਡੀਕ ਕਰ ਰਿਹਾ ਹੈ। ਜਦੋਂ ਅਸੀਂ ਰੂਹਾਨੀਅਤ ਨੂੰ ਸਮਝ ਲੈਂਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਸ ਦਾ ਅਸਲ ਅਨੁਭਵ ਕੇਵਲ ਆਤਮਾ ਰਾਹੀਂ ਹੀ ਕੀਤਾ ਜਾ ਸਕਦਾ ਹੈ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ