Ahoi Ashtmi 2026: ਕੌਣ ਹਨ ਅਹੋਈ ਮਾਤਾ, ਜਿਨ੍ਹਾਂ ਦੀ ਪੂਜਾ ਨਾਲ ਮਿਲਦਾ ਹੈ ਔਲਾਦ ਦੀ ਲੰਬੀ ਉਮਰ ਦਾ ਆਸ਼ੀਰਵਾਦ
ਮਾਨਤਾ ਹੈ ਕਿ ਜੇਕਰ ਕੋਈ ਵੀ ਔਰਤ ਇਹ ਵਰਤ ਰੱਖਣ ਦੇ ਨਾਲ ਅਹੋਈ ਮਾਤਾ ਦੀ ਵਿਧੀ-ਵਿਧਾਨ ਨਾਲ ਪੂਜਾ ਕਰਦੀ ਹੈ ਤਾਂ ਇਹ ਘਰ ਦੀ ਸੁੱਖ-ਸਮ੍ਰਿੱਧੀ ਲਈ ਸ਼ੁਭ ਹੁੰਦਾ ਹੈ। ਅਜਿਹੇ 'ਚ ਮਨ 'ਚ ਇਹ ਸਵਾਲ ਵੀ ਆਉਂਦਾ ਹੈ ਕਿ ਆਖ਼ਿਰ ਅਹੋਈ ਮਾਤਾ ਕੌਣ ਹਨ ਅਤੇ ਉਨ੍ਹਾਂ ਲਈ ਵਰਤ ਰੱਖਣਾ ਇੰਨਾ ਫਲਦਾਇਕ ਕਿਉਂ ਮੰਨਿਆ ਜਾਂਦਾ ਹੈ?
Publish Date: Fri, 30 Oct 2026 03:00 PM (IST)
Updated Date: Fri, 30 Oct 2026 03:03 PM (IST)
ਧਰਮ ਡੈਸਕ, ਨਵੀਂ ਦਿੱਲੀ : ਕਰਵਾ ਚੌਥ ਤੋਂ ਠੀਕ ਚਾਰ ਦਿਨ ਬਾਅਦ ਅਹੋਈ ਅਸ਼ਟਮੀ ਦਾ ਵਰਤ ਰੱਖਿਆ ਜਾਂਦਾ ਹੈ। ਔਰਤਾਂ ਇਹ ਵਰਤ ਆਪਣੀ ਔਲਾਦ ਦੀ ਲੰਬੀ ਉਮਰ ਦੀ ਕਾਮਨਾ ਨਾਲ ਰੱਖਦੀਆਂ ਹਨ। ਇਹ ਵਰਤ ਵੀ ਆਮ ਤੌਰ 'ਤੇ ਨਿਰਜਲਾ ਰੱਖਿਆ ਜਾਂਦਾ ਹੈ ਅਤੇ ਇਸ 'ਚ ਤਾਰਿਆਂ ਦੀ ਪੂਜਾ ਕਰਕੇ ਵਰਤ ਖੋਲ੍ਹਣ ਦੀ ਰੀਤ ਹੈ। ਇਹ ਵਰਤ ਰੱਖਣ ਦੇ ਨਾਲ ਮਾਵਾਂ ਆਪਣੀ ਔਲਾਦ ਦੀ ਚੰਗੀ ਸਿਹਤ ਦੀ ਕਾਮਨਾ ਕਰਦੀਆਂ ਹਨ ਅਤੇ ਅਹੋਈ ਮਾਤਾ ਤੋਂ ਬੱਚਿਆਂ ਦੀ ਲੰਬੀ ਉਮਰ ਦਾ ਆਸ਼ੀਰਵਾਦ ਮੰਗਦੀਆਂ ਹਨ। ਇਸ ਸਾਲ ਅਹੋਈ ਅਸ਼ਟਮੀ 1 ਨਵੰਬਰ, ਐਤਵਾਰ ਨੂੰ ਮਨਾਈ ਜਾਵੇਗੀ।
ਅਜਿਹੀ ਮਾਨਤਾ ਹੈ ਕਿ ਜੇਕਰ ਕੋਈ ਵੀ ਔਰਤ ਇਹ ਵਰਤ ਰੱਖਣ ਦੇ ਨਾਲ ਅਹੋਈ ਮਾਤਾ ਦੀ ਵਿਧੀ-ਵਿਧਾਨ ਨਾਲ ਪੂਜਾ ਕਰਦੀ ਹੈ ਤਾਂ ਇਹ ਘਰ ਦੀ ਸੁੱਖ-ਸਮ੍ਰਿੱਧੀ ਲਈ ਸ਼ੁਭ ਹੁੰਦਾ ਹੈ। ਅਜਿਹੇ 'ਚ ਮਨ 'ਚ ਇਹ ਸਵਾਲ ਵੀ ਆਉਂਦਾ ਹੈ ਕਿ ਆਖ਼ਿਰ ਅਹੋਈ ਮਾਤਾ ਕੌਣ ਹਨ ਅਤੇ ਉਨ੍ਹਾਂ ਲਈ ਵਰਤ ਰੱਖਣਾ ਇੰਨਾ ਫਲਦਾਇਕ ਕਿਉਂ ਮੰਨਿਆ ਜਾਂਦਾ ਹੈ? ਆਓ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਕੌਣ ਹਨ ਅਹੋਈ ਮਾਤਾ?
ਅਹੋਈ ਮਾਤਾ ਨੂੰ ਮਾਤਾ ਪਾਰਵਤੀ ਦਾ ਹੀ ਸਰੂਪ ਮੰਨ ਕੇ ਪੂਜਿਆ ਜਾਂਦਾ ਹੈ। ਉਨ੍ਹਾਂ ਨੂੰ ਮੁੱਖ ਤੌਰ 'ਤੇ ਔਲਾਦ ਦੀ ਰੱਖਿਆ ਕਰਨ ਵਾਲੀ ਮਾਤਾ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਪੂਜਾ ਨਾਲ ਬੱਚਿਆਂ ਦੀ ਕਿਸਮਤ ਚੰਗੀ ਹੁੰਦੀ ਹੈ। ਪੌਰਾਣਿਕ ਕਥਾਵਾਂ ਅਨੁਸਾਰ, ਅਹੋਈ ਮਾਤਾ ਦਾ ਸਰੂਪ ਸਹੇ (ਸਾਹੀ) ਵਰਗਾ ਦਿਖਾਇਆ ਜਾਂਦਾ ਹੈ। ਮਾਨਤਾ ਹੈ ਕਿ ਪੁਰਾਣੇ ਸਮੇਂ 'ਚ ਇੱਕ ਔਰਤ ਸੀ, ਜਿਸ ਦੇ ਪੁੱਤਰ ਸਨ।
ਇੱਕ ਦਿਨ ਉਹ ਖੇਤ 'ਚ ਪੌਦਿਆਂ ਲਈ ਮਿੱਟੀ ਪੁੱਟ ਰਹੀ ਸੀ। ਇਸੇ ਦੌਰਾਨ ਗ਼ਲਤੀ ਨਾਲ ਉਸ ਨੇ ਸਹੇ ਦੇ ਬੱਚਿਆਂ ਨੂੰ ਮਾਰ ਦਿੱਤਾ। ਉਹ ਔਰਤ ਆਪਣੀ ਗ਼ਲਤੀ ਕਾਰਨ ਬਹੁਤ ਦੁਖੀ ਹੋਈ ਅਤੇ ਉਸ ਨੇ ਮਾਤਾ ਪਾਰਵਤੀ ਅੱਗੇ ਮੁਆਫ਼ੀ ਮੰਗੀ। ਉਸ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਮਾਤਾ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਕਿ ਉਸ ਦੀ ਔਲਾਦ ਸੁਰੱਖਿਅਤ ਰਹੇਗੀ। ਉਸ ਸਮੇਂ ਮਾਤਾ ਪਾਰਵਤੀ ਨੇ ਜਿਸ ਸਰੂਪ 'ਚ ਔਰਤ ਨੂੰ ਦਰਸ਼ਨ ਦਿੱਤੇ, ਉਸੇ ਨੂੰ ਅਹੋਈ ਮਾਤਾ ਦੇ ਰੂਪ 'ਚ ਪੂਜਿਆ ਜਾਂਦਾ ਹੈ। ਉਨ੍ਹਾਂ ਨੂੰ ਸਿਆਹੁ ਮਾਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਕਿਹੋ ਜਿਹਾ ਹੈ ਅਹੋਈ ਮਾਤਾ ਦਾ ਸਰੂਪ?
ਅਹੋਈ ਮਾਤਾ ਨੂੰ ਮਾਤਾ ਪਾਰਵਤੀ ਦਾ ਅਵਤਾਰ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਸਰੂਪ ਨੂੰ ਗੁੱਡੀ ਦੇ ਆਕਾਰ 'ਚ ਕੰਧ 'ਤੇ ਗੇਰੂ ਨਾਲ ਜਾਂ ਕਾਗਜ਼ 'ਤੇ ਤਸਵੀਰ ਦੇ ਰੂਪ 'ਚ ਉਲੀਕਿਆ ਜਾਂਦਾ ਹੈ। ਮਾਤਾ ਦੀ ਤਸਵੀਰ ਇਸ ਤਰ੍ਹਾਂ ਬਣਾਈ ਜਾਂਦੀ ਹੈ ਕਿ ਉਸ 'ਚ ਅੱਠ ਕੋਨਿਆਂ ਵਾਲੇ ਘਰ ਦੀ ਇੱਕ ਗੁੱਡੀ ਬਣਾਈ ਜਾਂਦੀ ਹੈ। ਅਹੋਈ ਮਾਤਾ ਦੀ ਤਸਵੀਰ ਦੇ ਨਾਲ-ਨਾਲ ਸਹੇ ਅਤੇ ਉਸ ਦੇ ਬੱਚਿਆਂ ਦੀਆਂ ਆਕ੍ਰਿਤੀਆਂ ਵੀ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਸਬੰਧ ਇਸ ਨਾਲ ਜੁੜੀ ਪੌਰਾਣਿਕ ਕਥਾ ਨਾਲ ਹੈ। ਮਾਤਾ ਦੇ ਚਿੱਤਰ 'ਚ ਸੂਰਜ ਅਤੇ ਚੰਦਰਮਾ ਵੀ ਦਿਖਾਏ ਜਾਂਦੇ ਹਨ।
ਅਹੋਈ ਅਸ਼ਟਮੀ ਦੇ ਵਰਤ ਦਾ ਕੀ ਹੈ ਮਹੱਤਵ?
ਅਹੋਈ ਅਸ਼ਟਮੀ ਦਾ ਵਰਤ ਰੱਖਣ ਪਿੱਛੇ ਸਹੇ ਦੇ ਬੱਚਿਆਂ ਦੀ ਕਹਾਣੀ ਜੁੜੀ ਹੋਈ ਹੈ। ਅੱਜ ਵੀ ਮਾਨਤਾ ਹੈ ਕਿ ਅਹੋਈ ਅਸ਼ਟਮੀ ਦਾ ਵਰਤ ਰੱਖਣ ਨਾਲ ਅਹੋਈ ਮਾਤਾ ਔਲਾਦ ਨੂੰ ਲੰਬੀ ਉਮਰ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਚੰਗੀ ਸਿਹਤ ਦਾ ਆਸ਼ੀਰਵਾਦ ਦਿੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਵਾਲੀ ਔਰਤ ਦੇ ਬੱਚਿਆਂ ਸਮੇਤ ਪੂਰੇ ਘਰ 'ਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ, ਮਾਨਤਾ ਹੈ ਕਿ ਜੇਕਰ ਬੇਔਲਾਦ ਔਰਤ ਵੀ ਇਹ ਵਰਤ ਰੱਖਦੀ ਹੈ ਤਾਂ ਉਸ ਨੂੰ ਔਲਾਦ ਦਾ ਸੁੱਖ ਪ੍ਰਾਪਤ ਹੁੰਦਾ ਹੈ।
ਅਸਲ 'ਚ ਅਹੋਈ ਮਾਤਾ ਦਾ ਸਰੂਪ ਬੇਹੱਦ ਮਨਮੋਹਕ ਲੱਗਦਾ ਹੈ ਅਤੇ ਉਨ੍ਹਾਂ ਦੀ ਪੂਜਾ ਨਾਲ ਭਗਤਾਂ ਨੂੰ ਔਲਾਦ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦਾ ਆਸ਼ੀਰਵਾਦ ਮਿਲਦਾ ਹੈ।