- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੱਚੀ ਜਗਿਆਸਾ ਕਈ ਵਾਰ ਉਨ੍ਹਾਂ ਸੱਚਾਈਆਂ ’ਤੇ ਵੀ ਸ਼ੱਕ ਪੈਦਾ ਕਰ ਸਕਦੀ ਹੈ, ਜਿਨ੍ਹਾਂ ਨੂੰ ਬਹੁਤ ਮਿਹਨਤ ਨਾਲ ਹਾਸਲ ਕੀਤਾ ਗਿਆ ਸੀ। ਜੋ ਵਿਅਕਤੀ ਆਪਣੇ ਗਿਆਨ ਪ੍ਰਤੀ ਸੁਚੇਤ ਤੇ ਸਵਾਲ ਪੁੱਛਣ ਵਾਲਾ ਰਵੱਈਆ ਰੱਖਦਾ ਹੈ, ਉਸ ’ਚ ‘ਬੌਧਿਕ ਨਿਮਰਤਾ’ ਪੈਦਾ ਹੁੰਦੀ ਹੈ-ਭਾਵ ਇਹ ਅਹਿਸਾਸ ਕਿ ਚੀਜ਼ਾਂ ਨੂੰ ਸਮਝਣ ਦੀ ਸਾਡੀ ਆਪਣੀ ਸਮਰੱਥਾ ਦੀਆਂ ਕੁਝ ਕੁਦਰਤੀ ਹੱਦਾਂ ਹਨ।

ਇਕ ਵਿਅਕਤੀ ਆਪਣੀ ਪੂਰੀ ਜ਼ਿੰਦਗੀ ਦੌਰਾਨ ਵਿਸ਼ਵਾਸਾਂ ਦੇ ਜੋ ਤਾਣੇ-ਬਾਣੇ ਬੁਣਦਾ ਹੈ, ਉਹ ਇਕ ਅਜਿਹੇ ਨਜ਼ਰੀਏ ਦਾ ਕੰਮ ਕਰਦੇ ਹਨ, ਜਿਸ ਰਾਹੀਂ ਉਹ ਦੁਨੀਆ ਨੂੰ ਦੇਖਦਾ ਹੈ। ਇਹ ਵਿਸ਼ਵਾਸ ਉਸ ਦੇ ਰਿਸ਼ਤਿਆਂ ਦੇ ਅਰਥ ਤੈਅ ਕਰਦੇ ਹਨ ਤੇ ਉਹਨਾਂ ਹੱਦਾਂ ਨੂੰ ਘੜਦੇ ਹਨ, ਜਿਨ੍ਹਾਂ ਦੇ ਅੰਦਰ ਉਹ ਭਵਿੱਖ ਦੀ ਕਲਪਨਾ ਕਰਦਾ ਹੈ। ਹਾਲਾਂਕਿ ਵਿਸ਼ਵਾਸ ਜ਼ਿੰਦਗੀ ਦੀਆਂ ਬੇਭਰੋਸਗੀਆਂ ਦੇ ਵਿਚਕਾਰ ਇਕ ਸਹਾਰਾ ਪ੍ਰਦਾਨ ਕਰਦੇ ਹਨ ਪਰ ਇਹ ਕਿਸੇ ਵਿਅਕਤੀ ਦੇ ਨਜ਼ਰੀਏ ਨੂੰ ਸੀਮਤ ਵੀ ਕਰ ਸਕਦੇ ਹਨ। ਸੱਚ ਦੀ ਭਾਲ ਕਰਨ ਦੀ ਬਜਾਏ, ਇਕ ਵਿਅਕਤੀ ਉਸ ਚੀਜ਼ ਦਾ ਬਚਾਅ ਕਰਨ ’ਚ ਹੀ ਉਲਝ ਸਕਦਾ ਹੈ, ਜਿਸ ਨੂੰ ਉਸ ਨੇ ‘ਸੱਚ’ ਵਜੋਂ ਸਵੀਕਾਰ ਕਰ ਲਿਆ ਹੈ। ਜਦੋਂ ਜ਼ਿੰਦਗੀ ’ਚ ਕੋਈ ਅਜਿਹਾ ਤਜਰਬਾ ਸਾਹਮਣੇ ਆਉਂਦਾ ਹੈ, ਜੋ ਸਾਡੇ ਪਹਿਲਾਂ ਤੋਂ ਬਣੇ ਭਰੋਸਿਆਂ ਦੇ ਉਲਟ ਹੁੰਦਾ ਹੈ, ਤਾਂ ਸਾਡੇ ਸਾਹਮਣੇ ਦੋ ਰਾਹ ਹੁੰਦੇ ਹਨ: ਜਾਂ ਤਾਂ ਅਸੀਂ ਉਸ ਤਜਰਬੇ ਨੂੰ ਆਪਣੇ ਮੌਜੂਦਾ ਵਿਚਾਰਧਾਰਕ ਢਾਂਚੇ ਦੇ ਅਨੁਕੂਲ ਢਾਲ ਲਈਏ—ਜਿਸ ਨਾਲ ਸਾਡੇ ਪੁਰਾਣੇ ਵਿਸ਼ਵਾਸ ਕਾਇਮ ਰਹਿਣ—ਜਾਂ ਫਿਰ ਅਸੀਂ ਉਸ ਤਜਰਬੇ ਨੂੰ ਡੂੰਘਾਈ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਤੇ ਇਹ ਮੰਨਣ ਦਾ ਹੌਸਲਾ ਇਕੱਠਾ ਕਰੀਏ ਕਿ ਸਾਡੀ ਪਿਛਲੀ ਸਮਝ ਅਧੂਰੀ ਸੀ। ਇਹ ਕੰਮ ਔਖਾ ਹੁੰਦਾ ਹੈ, ਕਿਉਂਕਿ ਕਿਸੇ ਵਿਸ਼ਵਾਸ ਦਾ ਟੁੱਟਣਾ ਸਿਰਫ਼ ਇਕ ਬੌਧਿਕ ਘਟਨਾ ਨਹੀਂ ਹੁੰਦੀ; ਸਗੋਂ ਇਹ ਉਸ 'ਸਵੈ-ਚਿੱਤਰ' ਦੇ ਟੁੱਟਣ ਵਾਂਗ ਵੀ ਹੁੰਦਾ ਹੈ, ਜਿਸ ਨੂੰ ਬਣਨ ਵਿੱਚ ਸ਼ਾਇਦ ਕਈ ਸਾਲ ਲੱਗੇ ਹੋਣ। ਬੁੱਧੀ ’ਚ ਉੱਠਿਆ ਇਕ ਸਵਾਲ ਮਨੁੱਖ ਨੂੰ ਉਸ ਦੇ ਆਪਣੇ ਸਿੱਟਿਆਂ ਦੇ ਬੰਦ ਘੇਰੇ ਤੋਂ ਬਾਹਰ ਕੱਢ ਸਕਦਾ ਹੈ। ਸੱਚੀ ਜਗਿਆਸਾ ਕਈ ਵਾਰ ਉਨ੍ਹਾਂ ਸੱਚਾਈਆਂ ’ਤੇ ਵੀ ਸ਼ੱਕ ਪੈਦਾ ਕਰ ਸਕਦੀ ਹੈ, ਜਿਨ੍ਹਾਂ ਨੂੰ ਬਹੁਤ ਮਿਹਨਤ ਨਾਲ ਹਾਸਲ ਕੀਤਾ ਗਿਆ ਸੀ। ਜੋ ਵਿਅਕਤੀ ਆਪਣੇ ਗਿਆਨ ਪ੍ਰਤੀ ਸੁਚੇਤ ਤੇ ਸਵਾਲ ਪੁੱਛਣ ਵਾਲਾ ਰਵੱਈਆ ਰੱਖਦਾ ਹੈ, ਉਸ ’ਚ ‘ਬੌਧਿਕ ਨਿਮਰਤਾ’ ਪੈਦਾ ਹੁੰਦੀ ਹੈ-ਭਾਵ ਇਹ ਅਹਿਸਾਸ ਕਿ ਚੀਜ਼ਾਂ ਨੂੰ ਸਮਝਣ ਦੀ ਸਾਡੀ ਆਪਣੀ ਸਮਰੱਥਾ ਦੀਆਂ ਕੁਝ ਕੁਦਰਤੀ ਹੱਦਾਂ ਹਨ। ਇੱਥੋਂ ਹੀ ਅਸਲ ਸਿਆਣਪ ਦੀ ਸ਼ੁਰੂਆਤ ਹੁੰਦੀ ਹੈ। ਅਕਸਰ ਸਾਡੇ ਅੰਦਰ ਇਕ ਅਜੀਬ ਇੱਛਾ ਹੁੰਦੀ ਹੈ: ਅਸੀਂ ਚਾਹੁੰਦੇ ਹਾਂ ਕਿ ਸਾਡਾ ਵਿਕਾਸ ਹੋਵੇ ਪਰ ਬਿਨਾਂ ਕਿਸੇ ਪੁਰਾਣੀ ਚੀਜ਼ ਦੇ ਖ਼ਤਮ ਹੋਏ। ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਸਾਡੇ ਨਜ਼ਰੀਏ ਦਾ ਘੇਰਾ ਵਧਾਵੇ ਪਰ ਨਾਲ ਹੀ ਅਸੀਂ ਆਪਣੀਆਂ ਮੌਜੂਦਾ ਧਾਰਨਾਵਾਂ ਨੂੰ ਚੁਣੌਤੀ ਮਿਲਣ ਦਾ ਵਿਰੋਧ ਵੀ ਕਰਦੇ ਹਾਂ; ਅਸੀਂ ਤਜਰਬੇ ਤੋਂ ਮਿਲਣ ਵਾਲੀ ਸਿਆਣਪ ਤਾਂ ਚਾਹੁੰਦੇ ਹਾਂ ਪਰ ਆਪਣੀਆਂ ਗ਼ਲਤੀਆਂ ਨੂੰ ਮੰਨਣ ਤੋਂ ਬਚਣਾ ਚਾਹੁੰਦੇ ਹਾਂ। ਅੰਤ ’ਚ, ਅਸਲ ਗੱਲ ਇਹ ਹੈ ਕਿ ਕਿਸੇ ਤਜਰਬੇ ਤੋਂ ਬਾਅਦ ਕੋਈ ਵਿਅਕਤੀ ਆਪਣੇ ਅੰਦਰ ਕੀ ਪੈਦਾ ਕਰਦਾ ਹੈ, ਉਹ ਕੁੜੱਤਣ ਜਾਂ ਹਮਦਰਦੀ, ਜ਼ਿੱਦ ਜਾਂ ਸੂਝ-ਬੂਝ, ਡਰ ਜਾਂ ਜਗਿਆਸਾ ਹੋ ਸਕਦੀ ਹੈ।
-ਟਵਿੰਕਲ ਸਿੰਘ ਤੋਮਰ।