- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਮਨ ਅਤੀਤ ਦੀਆਂ ਯਾਦਾਂ ਤੇ ਭਵਿੱਖ ਦੇ ਖ਼ਦਸ਼ਿਆਂ ਤੋਂ ਮੁਕਤ ਹੋ ਕੇ ਮੌਜੂਦਾ ਸਮੇਂ ਵਿਚ ਠਹਿਰਦਾ ਹੈ, ਉਦੋਂ ਇਕ ਅਜਿਹੀ ਅੰਦਰੂਨੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ, ਜਿਸ ਵਿਚ ਸਮੇਂ ਤੇ ਸਥਾਨ ਦਾ ਬੋਧ ਵੀ ਹਲਕਾ ਪੈਣ ਲੱਗਦਾ ਹੈ। ਇਹ ਅਵਸਥਾ ਕਿਸੇ ਵਿਚਾਰ ਨੂੰ ਧੱਕੇ ਨਾਲ ਰੋਕਣ ਨਾਲ ਨਹੀਂ, ਬਲਕਿ ਵਿਚਾਰਾਂ ਦੇ ਪ੍ਰਤੀ ਵੱਖਰੀ ਨਜ਼ਰ ਤਿਆਰ ਕਰਨ ਨਾਲ ਆਉਂਦੀ ਹੈ।

ਮਨੁੱਖ ਦਾ ਮਨ ਵਿਚਾਰਾਂ ਦਾ ਨਿਰੰਤਰ ਪ੍ਰਵਾਹ ਹੈ। ਇੱਛਾਵਾਂ, ਯਾਦਾਂ, ਕਲਪਨਾਵਾਂ ਤੇ ਖ਼ਦਸ਼ੇ ਉਸ ਨੂੰ ਹਰ ਘੜੀ ਵਿਅਸਤ ਰਖਦੇ ਹਨ। ਇਸ ਮਾਨਸਿਕ ਹਲਚਲ ਵਿਚਾਲੇ ਉਹ ਬਾਹਰੀ ਸੰਸਾਰ ਨੂੰ ਤਾਂ ਸਮਝਣ ਦੀ ਕੋਸ਼ਿਸ਼ ਕਰਦਾ ਹੈ ਪਰ ਆਪਣੇ ਅੰਦਰ ਝਾਕਣ ਦਾ ਮੌਕਾ ਗਵਾ ਦਿੰਦਾ ਹੈ। ਯੋਗ ਸਾਧਨਾ ਜਿੱਥੇ ਸਰੀਰ, ਮਨ ਤੇ ਆਤਮਾ ਵਿਚਾਲੇ ਸੰਤੁਲਨ ਸਥਾਪਿਤ ਕਰਨ ਦਾ ਰਾਹ ਹੈ, ਉੱਥੇ ਹੀ ਸਿਫ਼ਰ ਸਾਧਨਾ ਮਾਨਸਿਕ ਹਿਲਜੁਲ ਨੂੰ ਸ਼ਾਂਤ ਕਰ ਕੇ ਅੰਤਰਮਨ ਦੀਆਂ ਗਹਿਰਾਈਆਂ ਤੱਕ ਪੁੱਜਣ ਦੀ ਕੋਸ਼ਿਸ਼ ਹੈ। ਸਿਫ਼ਰ ਦਾ ਅਰਥ ਹੋਂਦ-ਹੀਣਤਾ ਨਹੀਂ ਸਗੋਂ ਵਿਚਾਰਾਂ ਦੇ ਅਕਾਰਨ ਰੌਲੇ ਤੋਂ ਮੁਕਤ ਹੋ ਕੇ ਸਹਿਜ ਜਾਗਰੂਕਤਾ ਵਿਚ ਸਥਿਤ ਹੋਣਾ ਹੈ। ਜਦੋਂ ਮਨ ਅਤੀਤ ਦੀਆਂ ਯਾਦਾਂ ਤੇ ਭਵਿੱਖ ਦੇ ਖ਼ਦਸ਼ਿਆਂ ਤੋਂ ਮੁਕਤ ਹੋ ਕੇ ਮੌਜੂਦਾ ਸਮੇਂ ਵਿਚ ਠਹਿਰਦਾ ਹੈ, ਉਦੋਂ ਇਕ ਅਜਿਹੀ ਅੰਦਰੂਨੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ, ਜਿਸ ਵਿਚ ਸਮੇਂ ਤੇ ਸਥਾਨ ਦਾ ਬੋਧ ਵੀ ਹਲਕਾ ਪੈਣ ਲੱਗਦਾ ਹੈ। ਇਹ ਅਵਸਥਾ ਕਿਸੇ ਵਿਚਾਰ ਨੂੰ ਧੱਕੇ ਨਾਲ ਰੋਕਣ ਨਾਲ ਨਹੀਂ, ਬਲਕਿ ਵਿਚਾਰਾਂ ਦੇ ਪ੍ਰਤੀ ਵੱਖਰੀ ਨਜ਼ਰ ਤਿਆਰ ਕਰਨ ਨਾਲ ਆਉਂਦੀ ਹੈ। ਸਿਫ਼ਰ ਸਾਧਨਾ ਲਈ ਸ਼ਾਂਤ ਥਾਂ ’ਤੇ ਰੀੜ੍ਹ ਸਿੱਧੀ ਰਖ ਕੇ ਬੈਠੋ। ਅੱਖਾਂ ਬੰਦ ਜਾਂ ਅੱਧੀਆਂ ਖੁੱਲ੍ਹੀਆਂ ਰੱਖੋ ਤੇ ਆਪਣਾ ਧਿਆਨ ਸੁਭਾਵਿਕ ਸਾਹਾਂ ’ਤੇ ਕੇਂਦ੍ਰਿਤ ਕਰੋ। ਸਾਹਾਂ ਦੇ ਆਉਣ ਜਾਣ ਨੂੰ ਮਹਿਸੂਸ ਕਰੋ। ਮਨ ਵਿਚ ਵਿਚਾਰ ਉੱਠਣ ਤਾਂ ਉਨ੍ਹਾਂ ਨਾਲ ਸੰਘਰਸ਼ ਨਾ ਕਰੋ ਤੇ ਨਾ ਹੀ ਉਨ੍ਹਾਂ ਦੇ ਪਿੱਛੇ ਚੱਲੋ। ਉਨ੍ਹਾਂ ਨੂੰ ਆਉਂਦੇ-ਜਾਂਦੇ ਦੇਖਦੇ ਹੋਏ ਹੌਲੀ ਹੌਲੀ ਮਨ ਨੂੰ ਸਥਿਰ ਹੋਣ ਦਿਓ। ਨਿਯਮਿਤ ਅਭਿਆਸ ਨਾਲ ਮਨ ਦੀ ਚੰਚਲਤਾ ਘੱਟ ਕਰਨ ਤੇ ਇਕਾਗਰਤਾ ਵਿਕਸਤ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ। ਜਦੋਂ ਮਨ ਦਾ ਰੌਲਾ ਘੱਟ ਹੁੰਦਾ ਹੈ, ਉਦੋਂ ਆਤਮਚਿੰਤਨ ਤੇ ਵਿਵੇਕ ਲਈ ਥਾਂ ਬਣਦੀ ਹੈ। ਇਸੇ ਮੌਨ ਵਿਚ ਵਿਅਕਤੀ ਆਪਣੇ ਵਿਚਾਰਾਂ, ਇੱਛਾਵਾਂ ਤੇ ਵਿਹਾਰ ਨੂੰ ਸਪੱਸ਼ਟਤਾ ਨਾਲ ਸਮਝ ਸਕਦਾ ਹੈ। ਸਿਫ਼ਰ ਸਾਧਨਾ ਦਾ ਸਾਰ ਖੁ਼ਦ ਨੂੰ ਮਿਟਾਉਂਦਾ ਨਹੀਂ, ਹੰਕਾਰ ਤੇ ਬੇਕਾਰ ਵੱਖਰੇਵੇਂ ਦੇ ਬੋਝ ਤੋਂ ਮੁਕਤ ਹੋਣਾ ਹੈ। ਕਿਉਂਕਿ ਮਨੁੱਖ ਬਾਹਰ ਦੀ ਦੁਨੀਆ ਵਿਚ ਬਹੁਤ ਕੁਝ ਪ੍ਰਾਪਤ ਕਰਕੇ ਵੀ ਅੰਦਰੋਂ ਖਾਲੀ ਰਹਿ ਸਕਦਾ ਹੈ। ਜਿਸ ਨੇ ਆਪਣੇ ਅੰਦਰ ਉੱਤਰ ਕੇ ਖ਼ੁਦ ਨੂੰ ਜਾਣ ਲਿਆ, ਉਸ ਲਈ ਸਿਫ਼ਰ ਹੋਣਾ ਖਾਲੀ ਨਹੀਂ, ਆਤਮਬੋਧ ਦੀ ਪੂਰਨਤਾ ਬਣ ਜਾਂਦਾ ਹੈ।
-ਐੱਸਐੱਨ ਦੁਬੇ ‘ਸਨੇਹੀ’।