
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਤੇ ਉਸਦੇ ਲੜਕੇ ਜਸਪਾਲ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਬਾਲਾਚੱਕ ਵਿਖੇ ਇਕ ਵਿਅਕਤੀ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੀ ਲਾਸ਼ ਛੱਪੜ ਵਿੱਚੋਂ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜਨ ਸਿੰਘ ਉਰਫ਼ ਗੈੜਾ ਵਜੋਂ ਹੋਈ ਹੈ। ਮ੍ਰਿਕਤ ਦੇ ਪਰਿਵਾਰ ਨੇ ਕੁਝ ਵਿਅਕਤੀਆਂ ਵਲੋਂ ਰਾਜਨ ਗੈੜਾ ਦੀ ਕੁੱਟਮਾਰ ਕਰਨ ਅਤੇ ਉਸਦੇ ਛੱਪੜ ਵਿਚ ਡਿੱਗਣ ਦੀ ਘਟਨਾ ਨੂੰ ਲੁਕਾਉਣ ਦੇ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਪਿਓ-ਪੁੱਤ ਸਣੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੀਪਕ ਗੈੜਾ ਪੁੱਤਰ ਦੇਵ ਸਿੰਘ ਗੈੜਾ ਵਾਸੀ ਲਕੋਟੀ ਉੱਤਰਾਖੰਡ ਜੋ ਹੁਣ ਬਾਲਾਚੱਕ ਵਿਖੇ ਰਹਿੰਦਾ ਹੈ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਰਾਜਨ ਸਿੰਘ ਗੈੜਾ ਵੀ ਉਸ ਨਾਲ ਇਕ ਫੈਕਟਰੀ ਵਿਚ ਆਪਰੇਟਰ ਵਜੋਂ ਕੰਮ ਕਰਦਾ ਸੀ। ਉਹ 25, 26 ਜੁਲਾਈ ਨੂੰ ਛੁੱਟੀ ਲੈ ਕੇ ਆਪਣੇ ਪਿੰਡ ਗਿਆ ਅਤੇ ਇਸ ਦੌਰਾਨ ਪਰਿਵਾਰ ਨਾਲ ਉਸ ਦੀ ਫੋਨ ’ਤੇ ਗੱਲਬਾਤ ਵੀ ਹੁੰਦੀ ਰਹੀ। ਉਸਨੇ ਦੱਸਿਆ ਕਿ 10 ਅਗਸਤ ਨੂੰ ਉਮੈਦ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਰਾਜਨ ਸਿੰਘ ਗੈੜਾ ਪਿਛਲੀ ਰਾਤ ਤੋਂ ਘਰ ਨਹੀਂ ਪਹੁੰਚਿਆ ਅਤੇ ਲਾਪਤਾ ਹੈ।
ਇਸ ਤੋਂ ਬਾਅਦ ਉਸ ਦੀ ਵੱਖ-ਵੱਖ ਥਾਵਾਂ ’ਤੇ ਭਾਲ ਕੀਤੀ ਗਈ ਅਤੇ ਉਸ ਦੇ ਸਾਥੀ ਪੂੰਨਾ ਰਾਮ ਨੇ ਥਾਣਾ ਸਿਟੀ ਤਰਨਤਾਰਨ ’ਚ ਗੁੰਮਸ਼ੁਦਗੀ ਦੀ ਦਰਖਾਸਤ ਵੀ ਦੇ ਦਿੱਤੀ। ਉਸਨੇ ਦੱਸਿਆ ਕਿ ਉਹ ਵੀ 12 ਅਗਸਤ ਨੂੰ ਪਿੰਡ ਬਾਲਾਚੱਕ ਪਹੁੰਚ ਗਿਆ ਅਤੇ ਆਪਣੇ ਸਾਥੀਆਂ ਨਾਲ ਭਰਾ ਦੀ ਭਾਲ ਸ਼ੁਰੂ ਕੀਤੀ। 13 ਅਗਸਤ ਨੂੰ ਉਹ ਸੁਖਦੇਵ ਸਿੰਘ ਵਾਸੀ ਬਾਲਾਚੱਕ ਕੋਲ ਪੁੱਛਗਿੱਛ ਲਈ ਗਏ ਤਾਂ ਪਤਾ ਲੱਗਾ ਕਿ ਸੁਖਦੇਵ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ’ਤੇ ਰਾਜਨ ਸਿੰਘ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਗਈ ਸੀ।
ਇਹ ਵੀ ਪਤਾ ਲੱਗਾ ਕਿ ਰਾਜਨ ਸਿੰਘ ਨੇ ਸ਼ਰਾਬ ਦੇ ਨਸ਼ੇ ਵਿਚ ਗਲਤੀ ਨਾਲ ਸੁਖਦੇਵ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾ ਦਿੱਤਾ ਸੀ। ਜਿਸ ਤੋਂ ਬਾਅਦ ਜਸਪਾਲ ਸਿੰਘ, ਉਸ ਦੇ ਪਿਤਾ ਸੁਖਦੇਵ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਹੱਥੋਪਾਈ ਕੀਤੀ ਅਤੇ ਬੇਸਬਾਲ ਨਾਲ ਕੁੱਟਮਾਰ ਕੀਤੀ। ਰਾਜਨ ਸਿੰਘ ਡਰਦਾ ਹੋਇਆ ਉਥੋਂ ਭੱਜਿਆ ਅਤੇ ਹਨੇਰੇ ਕਾਰਨ ਛੱਪੜ ਵਿਚ ਡਿੱਗ ਗਿਆ। ਦੀਪਕ ਸਿੰਘ ਗੈੜਾ ਨੇ ਦੋਸ਼ ਲਗਾਇਆ ਕਿ ਰਾਜਨ ਦੇ ਛੱਪੜ ਵਿਚ ਡਿੱਗਣ ਬਾਰੇ ਉਕਤ ਪਰਿਵਾਰ ਨੂੰ ਜਾਣਕਾਰੀ ਸੀ, ਪਰ ਇਹ ਗੱਲ ਉਸ ਨੂੰ ਨਹੀਂ ਦੱਸੀ ਗਈ। ਬਾਅਦ ਵਿਚ ਉਸਨੇ ਆਪਣੇ ਸਾਥੀਆਂ ਸਮੇਤ ਛੱਪੜ ਦੇ ਕਿਨਾਰੇ ਭਾਲ ਕੀਤੀ ਤਾਂ ਪਾਣੀ ਵਿਚ ਰਾਜਨ ਸਿੰਘ ਗੈੜਾ ਦੀ ਲਾਸ਼ ਤੈਰਦੀ ਮਿਲੀ, ਜਿਸਦੀ ਪਛਾਣ ਉਸਦੇ ਕੱਪੜਿਆਂ ਤੋਂ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਤੇ ਉਸਦੇ ਲੜਕੇ ਜਸਪਾਲ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।