- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਓਵਰਲੋਡ ਵਾਹਨਾਂ ਦਾ ਕਹਿਰ, ਸੜਕਾਂ ’ਤੇ ਬੇਖੌਫ਼ ਦੌੜ ਰਹੇ ਮੌਤ ਦੇ ਸੌਦਾਗਰ

ਓਵਰਲੋਡ ਵਾਹਨਾਂ ਦਾ ਕਹਿਰ, ਸੜਕਾਂ ’ਤੇ ਬੇਖੌਫ਼ ਦੌੜ ਰਹੇ ਮੌਤ ਦੇ ਸੌਦਾਗਰ
ਟਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ, ਪ੍ਰਸ਼ਾਸਨ ਦੀ ਕਾਰਵਾਈ ’ਤੇ ਉੱਠ ਰਹੇ ਸਵਾਲ
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਸਬ ਡਵੀਜ਼ਨ ਪੱਟੀ ਤੇ ਆਸ-ਪਾਸ ਦੇ ਇਲਾਕਿਆਂ ਵਿਚ ਓਵਰਲੋਡ ਵਾਹਨਾਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਸੜਕਾਂ ’ਤੇ ਨਿਰਧਾਰਤ ਸਮੱਰਥਾ ਤੋਂ ਕਈ ਗੁਣਾ ਵੱਧ ਮਾਲ ਲੱਦ ਕੇ ਬੇਖੌਫ਼ ਘੁੰਮ ਰਹੇ ਇਹ ਵਾਹਨ ਨਾ ਸਿਰਫ਼ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਸਗੋਂ ਰਾਹਗੀਰਾਂ ਅਤੇ ਹੋਰ ਵਾਹਨ ਚਾਲਕਾਂ ਦੀਆਂ ਜਾਨਾਂ ਨੂੰ ਵੀ ਸਿੱਧੇ ਖ਼ਤਰੇ ਵਿਚ ਪਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਾਹਨ ਚਾਲਕਾਂ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਕਿਸੇ ਕਾਰਵਾਈ ਦਾ ਖੌਫ਼।
ਸ਼ਹਿਰ ਦੀਆਂ ਮੁੱਖ ਸੜਕਾਂ ਜਿਵੇਂ ਪੱਟੀ-ਸਰਹਾਲੀ ਅਤੇ ਤਰਨਤਾਰਨ ਮਾਰਗ ’ਤੇ ਰੋਜ਼ਾਨਾ ਰੇਤਾ, ਬੱਜਰੀ, ਇੱਟਾਂ, ਪੱਥਰ, ਪਸ਼ੂਆਂ ਦਾ ਚਾਰਾ ਅਤੇ ਗੰਨੇ ਨਾਲ ਭਰੇ ਟਰੈਕਟਰ-ਟਰਾਲੀਆਂ ਤੇ ਟਰੱਕ ਆਮ ਵੇਖੇ ਜਾ ਸਕਦੇ ਹਨ। ਕਈ ਵਾਰ ਮਾਲ ਇਨ੍ਹਾਂ ਉੱਚਾ ਲੱਦਿਆ ਹੁੰਦਾ ਹੈ ਕਿ ਵਾਹਨਾਂ ਦਾ ਸੰਤੁਲਨ ਵਿਗੜਨ ਕਾਰਨ ਹਰ ਪਲ ਪਲਟਣ ਦਾ ਡਰ ਬਣਿਆ ਰਹਿੰਦਾ ਹੈ। ਕੁਝ ਟਰਾਂਸਪੋਰਟਰ ਚੰਦ ਪੈਸਿਆਂ ਦੇ ਲਾਲਚ ਵਿਚ ਇੱਕੋ ਫੇਰੇ ’ਚ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਵਾਹਨਾਂ ਵਿਚ ਹੱਦੋਂ ਵੱਧ ਭਾਰ ਲੱਦ ਦਿੰਦੇ ਹਨ। ਨਤੀਜੇ ਵਜੋਂ, ਅਜਿਹੇ ਵਾਹਨਾਂ ਦੇ ਟਾਇਰ ਫਟਣ, ਬਰੇਕ ਫੇਲ੍ਹ ਹੋਣ ਅਤੇ ਭਿਆਨਕ ਸੜਕ ਹਾਦਸਿਆਂ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ।
ਬਾਕਸ
ਪੁਲਿਸ ਤੋਂ ਬਚਣ ਲਈ ਰਾਤ ਦਾ ਸਹਾਰਾ
ਇਥੇ ਇਹ ਵੀਂ ਦੱਸਣਾ ਜ਼ਰੂਰੀ ਹੈ ਕਿ ਬਹੁਤੇ ਓਵਰਲੋਡ ਵਾਹਨ ਚਾਲਕ ਪੁਲਿਸ ਪ੍ਰਸ਼ਾਸ਼ਨ ਅਤੇ ਵਿਭਾਗ ਦੀ ਕਾਰਵਾਈ ਤੋਂ ਬਚਣ ਲਈ ਸਵੇਰੇ ਤੜਕਸਾਰ ਜਾਂ ਦੇਰ ਰਾਤ ਸੜਕਾਂ ’ਤੇ ਨਿਕਲਦੇ ਹਨ। ਘੱਟ ਆਵਾਜਾਈ ਅਤੇ ਨਾਕਾਬੰਦੀ ਨਾ ਹੋਣ ਦਾ ਫਾਇਦਾ ਚੁੱਕਦੇ ਹੋਏ ਇਹ ਵਾਹਨ ਬੇਰੋਕ-ਟੋਕ ਲੰਘਦੇ ਹਨ। ਰਾਤ ਦੇ ਹਨੇਰੇ ਵਿਚ ਰਿਫਲੈਕਟਰਾਂ ਤੋਂ ਬਿਨ੍ਹਾਂ ਚੱਲਣ ਵਾਲੇ ਇਹ ਵਾਹਨ ਪਿੱਛੋਂ ਆਉਣ ਵਾਲੇ ਹੋਰ ਚਾਲਕਾਂ ਲਈ ਚਲਦੇ-ਫਿਰਦੇ ਬੰਬ ਸਾਬਿਤ ਹੋ ਰਹੇ ਹਨ।
ਬਾਕਸ
ਸਖ਼ਤ ਕਾਨੂੰਨੀ ਕਾਰਵਾਈ ਦੀ ਉੱਠੀ ਮੰਗ
ਨੌਜਵਾਨ ਰਾਜਦੀਪ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਮਹਿਜ਼ ਚਲਾਨ ਕੱਟਣ ਦੀ ਰਸਮੀ ਕਾਰਵਾਈ ਬੰਦ ਕਰੇ। ਨਿਯਮ ਤੋੜਨ ਵਾਲੇ ਵਾਹਨਾਂ ਨੂੰ ਮੌਕੇ ’ਤੇ ਹੀ ਜ਼ਬਤ ਕੀਤਾ ਜਾਵੇ ਤੇ ਮਾਲ ਲੋਡ ਕਰਨ ਵਾਲੀਆਂ ਮਿੱਲਾਂ ਜਾਂ ਖੱਡਾਂ ਦੇ ਮਾਲਕਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਪਰਚੇ ਦਰਜ ਕੀਤੇ ਜਾਣ। ਉਸਨੇ ਕਿਹਾ ਕਿ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਬਾਕਸ
ਨਿਯਮ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀਐੱਸਪੀ
ਇਸ ਸਬੰਧੀ ਡੀਐੱਸਪੀ ਰਵੀ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਓਵਰਲੋਡ ਵਾਹਨਾਂ ਕਾਰਨ ਕਿਸੇ ਵੀ ਕੀਮਤੀ ਜਾਨ ਨੂੰ ਖ਼ਤਰੇ ਵਿਚ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟਰੈਫਿਕ ਪੁਲਿਸ ਤੇ ਸਥਾਨਕ ਥਾਣਿਆਂ ਦੀਆਂ ਸਪੈਸ਼ਲ ਟੀਮਾਂ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਦਿਨ ਦੇ ਨਾਲ-ਨਾਲ ਰਾਤ ਦੇ ਸਮੇਂ ਤੇ ਸਵੇਰੇ ਤੜਕਸਾਰ ਵੀ ਵਿਸ਼ੇਸ਼ ਨਾਕੇ ਲਗਾ ਕੇ ਚੈਕਿੰਗ ਕਰਨ। ਜੋ ਵੀ ਵਾਹਨ ਨਿਰਧਾਰਤ ਸਮਰੱਥਾ ਤੋਂ ਵੱਧ ਲੋਡ ਪਾਇਆ ਗਿਆ, ਉਸ ਦਾ ਸਿਰਫ਼ ਚਲਾਨ ਨਹੀਂ ਕੀਤਾ ਜਾਵੇਗਾ, ਸਗੋਂ ਵਾਹਨ ਨੂੰ ਤੁਰੰਤ ਜ਼ਬਤ ਕਰ ਕੇ ਥਾਣੇ ਬੰਦ ਕੀਤਾ ਜਾਵੇਗਾ।