- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ਸ਼ਹਿਰ ਦੀਆਂ ਸੜਕਾਂ ਤੇ ਬਜ਼ਾਰਾਂ ‘ਚ ਨਜਾਇਜ ਕਬਜ਼ਿਆਂ ਨੇ ਵਿਗਾੜੀ ਟਰੈਫਿਕ ਵਿਵਸਥਾ

ਬੱਸ ਅੱਡਾ ਹੋਣ ਦੇ ਬਾਵਜੂਦ ਚੁਰਾਹੇ ’ਚ ਬੱਸਾਂ ਲਗਾ ਕੇ ਬਣਾ ਦਿੱਤੀ ਜਾਂਦੀ ਜਾਮ ਦੀ ਸਥਿਤੀ
ਤਿੱਖੜ ਦੁਪਹਿਰੇ ਲੱਗਦੇ ਟ੍ਰੈਫਿਕ ਜਾਮ ’ਚ ਰਾਹਗੀਰ ਹੋ ਰਹੇ ਹਨ ਪ੍ਰੇਸ਼ਾਨ
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਜ਼ਾਰਾਂ ਵਿਚ ਵਧ ਰਹੇ ਨਜਾਇਜ਼ ਕਬਜ਼ਿਆਂ ਨੇ ਟਰੈਫਿਕ ਵਿਵਸਥਾ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਸ਼ਹਿਰ ਦੇ ਅੰਦਰੂਨੀ ਬਾਜ਼ਾਰ, ਜੋ ਪਹਿਲਾਂ ਹੀ ਤੰਗ ਤੇ ਭੀੜ-ਭਾੜ ਵਾਲੇ ਹਨ, ਉਨ੍ਹਾਂ ਵਿਚ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਸੜਕਾਂ ‘ਤੇ ਰੱਖਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਹਰ ਰੋਜ਼ ਲੰਬੇ ਜਾਮ ਲੱਗ ਰਹੇ ਹਨ, ਜਿਸ ਨਾਲ ਆਮ ਜਨਤਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰ ਕੇ ਦੁਪਹਿਰ ਦੇ ਸਮੇਂ, ਜਦੋਂ ਖਰੀਦਦਾਰੀ ਲਈ ਲੋਕਾਂ ਦੀ ਭੀੜ ਵੱਧ ਜਾਂਦੀ ਹੈ, ਤਦ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਰਿਕਸ਼ਾ, ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਵਿਚ ਰੁਕਾਵਟਾਂ ਆਉਣ ਕਾਰਨ ਸੜਕਾਂ ‘ਤੇ ਲੰਬੇ ਜਾਮ ਲੱਗ ਜਾਂਦੇ ਹਨ। ਕਈ ਵਾਰ ਐਮਰਜੈਂਸੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਵੀ ਇਸ ਭੀੜ ਕਾਰਨ ਰਸਤਾ ਬਣਾਉਣ ਵਿਚ ਦਿੱਕਤ ਆਉਂਦੀ ਹੈ, ਜੋ ਇਕ ਚਿੰਤਾਜਨਕ ਮਸਲਾ ਹੈ। ਇਨ੍ਹਾਂ ਹੀ ਨਹੀਂ ਤਰਨਤਾਰਨ ’ਚ ਬੱਸ ਅੱਡਾ ਹੋਣ ਦੇ ਬਾਵਜੂਦ ਚੁਰਾਹੇ ਵਿਚ ਬੱਸਾਂ ਲਗਾ ਕੇ ਵੀ ਜਾਮ ਲਗਾ ਦਿੱਤਾ ਜਾਂਦਾ ਹੈ। ਜਿਸ ਕਾਰਨ ਤਿੱਖੜ ਦੁਪਹਿਰੇ ਯਾਤਰੂਆਂ ਨੂੰ ਬੱਸ ਦੀ ਉਡੀਕ ’ਚ ਧੁੱਪੇ ਸੜਨਾ ਪੈਂਦਾ ਹੈ।
ਸ਼ਹਿਰ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਬਾਹਰ ਕਈ ਫੁੱਟ ਤਕ ਸਮਾਨ ਫੈਲਾਇਆ ਜਾਂਦਾ ਹੈ, ਜਿਸ ਨਾਲ ਪੈਦਲ ਯਾਤਰੀਆਂ ਲਈ ਵੀ ਰਸਤਾ ਨਹੀਂ ਬਚਦਾ। ਮਜ਼ਬੂਰਨ ਲੋਕਾਂ ਨੂੰ ਸੜਕ ਦੇ ਵਿਚਕਾਰੋਂ ਲੰਘਣਾ ਪੈਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਕਈ ਵਾਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ, ਪਰ ਅਜੇ ਤਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਕੁਝ ਦੁਕਾਨਦਾਰਾਂ ਦਾ ਮੰਨਣਾ ਹੈ ਕਿ ਬਜ਼ਾਰਾਂ ਦੀ ਤੰਗੀ ਅਤੇ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਹੋੜ ਕਾਰਨ ਉਹ ਸਮਾਨ ਬਾਹਰ ਰੱਖਣ ਲਈ ਮਜ਼ਬੂਰ ਹਨ। ਹਾਲਾਂਕਿ, ਇਹ ਦਲੀਲ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੋਰ ਵਧਾ ਰਹੀ ਹੈ ਅਤੇ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ।
ਰਾਹਗੀਰਾਂ ਬਿਕਰਮ ਸਿੰਘ, ਬਲਜੀਤ ਸਿੰਘ, ਮਨਿੰਦਰ ਸਿੰਘ, ਹਰਭਜਨ ਸਿੰਘ, ਅਰਵਿੰਦਰ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾਵੇ ਅਤੇ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਪੱਕੇ ਉਪਾਅ ਕੀਤੇ ਜਾਣ। ਇਸਦੇ ਨਾਲ ਹੀ, ਟਰੈਫਿਕ ਪੁਲਿਸ ਦੀ ਨਿਯਮਤ ਡਿਊਟੀ ਲਗਾ ਕੇ ਬਜ਼ਾਰਾਂ ਵਿਚ ਆਵਾਜਾਈ ਨੂੰ ਕਾਬੂ ਕਰਨ ਦੀ ਵੀ ਲੋੜ ਹੈ। ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸਥਿਤੀ ਹੋਰ ਵੀ ਬੇਕਾਬੂ ਹੋ ਸਕਦੀ ਹੈ। ਸ਼ਹਿਰ ਦੇ ਲੋਕਾਂ ਨੂੰ ਉਮੀਦ ਹੈ ਕਿ ਪ੍ਰਸ਼ਾਸਨ ਇਸ ਗੰਭੀਰ ਮਸਲੇ ਵੱਲ ਧਿਆਨ ਦੇਵੇਗਾ ਅਤੇ ਜਲਦੀ ਹੀ ਢੁਕਵੇਂ ਕਦਮ ਚੁੱਕੇਗਾ, ਤਾਂ ਜੋ ਤਰਨਤਾਰਨ ਦੀਆਂ ਸੜਕਾਂ ‘ਤੇ ਆਵਾਜਾਈ ਮੁੜ ਸੁਚਾਰੂ ਹੋ ਸਕੇ।
ਬਾਕਸ
ਨਹੀਂ ਜਾਂਦੀਆਂ ਅੱਡੇ ’ਚ ਬੱਸਾਂ, ਯਾਤਰੂ ਹੁੰਦੇ ਪਰੇਸ਼ਾਨ
ਤਰਨਤਾਰਨ ’ਚ ਕਰੋੜਾਂ ਦੀ ਲਾਗਤ ਨਾਲ ਬਣਿਆ ਅੱਡਾ ਮੌਜੂਦ ਹੋਣ ਦੇ ਬਾਵਜੂਦ ਲੰਮੇ ਰੂਟ ਦੀਆਂ ਬੱਸਾਂ ਅੱਡੇ ਵਿਚ ਨਹੀਂ ਜਾਂਦੀਆਂਂ। ਜਿਸ ਕਾਰਨ ਯਾਤਰੂਆਂ ਨੂੰ ਤਿੱਖੜ ਦੁਪਹਿਰੇ ਜਿਥੇ ਧੁੱਪ ਵਿਚ ਸੜਨਾ ਪੈਂਦਾ ਹੈ। ਉਥੇ ਹੀ ਬਰਸਾਤ ਦੇ ਦਿਨਾਂ ਵਿਚ ਵੀ ਸਵਾਰੀਆਂ ਪ੍ਰੇਸ਼ਾਨ ਹੁੰਦੀਆਂ ਹਨ। ਇਹ ਮਸਲਾ ਕਈ ਵਾਰ ਸੁਰਖੀਆਂ ਵਿਚ ਆ ਚੁੱਕਾ ਹੈ, ਪਰ ਬੱਸਾਂ ਵਾਲਿਆਂ ਨੂੰ ਅੱਡੇ ਵਿਚ ਜਾਣਾ ਗਵਾਰਾ ਨਹੀਂ ਹੁੰਦਾ।
ਬਾਕਸ
ਬੱਸਾਂ ਦਾ ਅੱਡੇ ’ਚ ਜਾਣਾ ਯਕੀਨੀ ਬਣਾਇਆ ਜਾਵੇ : ਰਿਤਿਕ
ਯੂਥ ਕਾਂਗਰਸ ਦੇ ਸੂਬਾ ਜਨਰਲ ਸਕਕੱਤਰ ਰਿਤਿਕ ਅਰੋੜਾ ਨੇ ਕਿਹਾ ਕਿ ਯਾਤਰੂਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਬੱਸਾਂ ਦਾ ਅੱਡੇੇ ਵਿਚ ਜਾਣਾ ਯਕੀਨੀ ਬਣਾਏ ਜਾਣ ਦੀ ਲੋੜ ਹੈ। ਕਿਉਂਕਿ ਚੁਰਾਹਿਆਂ ਵਿਚ ਜਿਥੇ ਬੱਸਾਂ ਖੜ੍ਹੀਆਂ ਹੁੰਦੀਆਂ ਹਨ। ਉਥੇ ਇਕ ਤਾਂ ਟਰੈਫਿਕ ਜ਼ਿਆਦਾ ਹੁੰਦੀ ਹੈ ਤੇ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਸੜਕ ਪਾਰ ਕਰਨ ਵਿਚ ਦਿੱਕਤ ਆਉਂਦੀ ਹੈ। ਦੂਸਰਾ ਪਲੇਟਫਾਰਮ ਨਾ ਹੋਣ ਕਰ ਕੇ ਬਜ਼ੁਰਗ ਯਾਤਰੂ, ਔਰਤਾਂ ਤੇ ਬੱਚਿਆਂ ਦਾ ਬੱਸ ’ਤੇ ਚੜ੍ਹਨਾ ਵੀ ਔਖਾ ਹੁੰਦਾ ਹੈ। ਠੰਢ, ਬਰਸਾਤ ਤੇ ਗਰਮੀ ’ਚ ਧੁੱਪੇ ਹੀ ਯਾਤਰੂਆਂ ਨੂੰ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਇਸ ਲਈ ਇਸ ਸਮੱਸਿਆ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ।