
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਹਰੀਕੇ ਹੈੱਡ ’ਤੇ ਮਿਲਦੀ ਹੈ ਤਾਂ ਉਸ ਦੀ ਪਛਾਣ, ਪੋਸਟਮਾਰਟਮ ਅਤੇ ਹੋਰ ਕਾਨੂੰਨੀ ਪ੍ਰਕਿਰਿਆ ਲਈ ਪੁਲਿਸ ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਪਰ ਸਥਾਨਕ ਪੱਧਰ ’ਤੇ ਲਾਸ਼ਾਂ ਨਾਲ ਕਥਿਤ ਤੌਰ ’ਤੇ ਅਪਣਾਏ ਜਾ ਰਹੇ ਰਵੱਈਏ ਨੂੰ ਲੈ ਕੇ ਲੋਕਾਂ ਵਿਚ ਰੋਸ ਵਧ ਰਿਹਾ ਹੈ।

ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ, ਹਰੀਕੇ ਪੱਤਣ : ਬਿਆਸ-ਸਤਲੁਜ ਦਰਿਆਵਾਂ ਦੇ ਸੰਗਮ ’ਤੇ ਬਣੇ ਹਰੀਕੇ ਹੈੱਡ ਵਰਕਸ ’ਤੇ ਲਾਸ਼ਾਂ ਫਸਣ ਅਤੇ ਉਨ੍ਹਾਂ ਦੀ ਬੇਕਦਰੀ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਰਿਆਈ ਪਾਣੀ ਦੇ ਵਹਾਅ ਨਾਲ ਆਉਣ ਵਾਲੀਆਂ ਮਨੁੱਖੀ ਲਾਸ਼ਾਂ ਅਕਸਰ ਹੈੱਡ ਦੇ ਪੁਲਾਂ ਜਾਂ ਜਾਲੀਆਂ ਵਿਚ ਫਸ ਜਾਂਦੀਆਂ ਹਨ। ਕਥਿਤ ਤੌਰ ’ਤੇ ਇਨ੍ਹਾਂ ਲਾਸ਼ਾਂ ਨੂੰ ਕੱਢ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਅੱਗੇ ਪਾਣੀ ਦੇ ਵਹਾਅ ਵਿਚ ਰੋੜ੍ਹ ਦੇਣ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਹਰੀਕੇ ਹੈੱਡ ’ਤੇ ਮਿਲਦੀ ਹੈ ਤਾਂ ਉਸ ਦੀ ਪਛਾਣ, ਪੋਸਟਮਾਰਟਮ ਅਤੇ ਹੋਰ ਕਾਨੂੰਨੀ ਪ੍ਰਕਿਰਿਆ ਲਈ ਪੁਲਿਸ ਨੂੰ ਸੂਚਿਤ ਕਰਨਾ ਜ਼ਰੂਰੀ ਹੈ। ਪਰ ਸਥਾਨਕ ਪੱਧਰ ’ਤੇ ਲਾਸ਼ਾਂ ਨਾਲ ਕਥਿਤ ਤੌਰ ’ਤੇ ਅਪਣਾਏ ਜਾ ਰਹੇ ਰਵੱਈਏ ਨੂੰ ਲੈ ਕੇ ਲੋਕਾਂ ਵਿਚ ਰੋਸ ਵਧ ਰਿਹਾ ਹੈ। ਲੋਕਾਂ ਦਾ ਸਵਾਲ ਹੈ ਕਿ ਜੇਕਰ ਲਾਸ਼ ਨੂੰ ਅੱਗੇ ਰੋੜ੍ਹ ਦਿੱਤਾ ਜਾਂਦਾ ਹੈ ਤਾਂ ਮ੍ਰਿਤਕ ਦੀ ਪਛਾਣ ਅਤੇ ਉਸ ਦੇ ਪਰਿਵਾਰ ਤਕ ਪਹੁੰਚਣ ਦੀ ਸੰਭਾਵਨਾ ਕਿਵੇਂ ਬਣੇਗੀ?
ਹਰੀਕੇ ਹੈੱਡ ਵਰਕਸ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਸੰਗਮ ਵਾਲੇ ਖੇਤਰ ਵਿਚ ਹੋਣ ਕਾਰਨ ਇੱਥੇ ਪਾਣੀ ਦੇ ਵਹਾਅ ਨਾਲ ਕਈ ਤਰ੍ਹਾਂ ਦੀ ਸਮੱਗਰੀ ਆਉਂਦੀ ਰਹਿੰਦੀ ਹੈ। ਇਸੇ ਕਾਰਨ ਹੈੱਡ ਦੇ ਗੇਟਾਂ ਅਤੇ ਪੁਲਾਂ ਨੇੜੇ ਲਾਸ਼ਾਂ ਫਸਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਲੋਕਾਂ ਦੀ ਮੰਗ ਹੈ ਕਿ ਅਜਿਹੇ ਮਾਮਲਿਆਂ ਵਿਚ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਪੱਸ਼ਟ ਅਤੇ ਨਿਰਧਾਰਤ ਪ੍ਰਕਿਰਿਆ ਅਪਣਾਈ ਜਾਵੇ ਤਾਂ ਜੋ ਕਿਸੇ ਮ੍ਰਿਤਕ ਦੀ ਬੇਅਦਬੀ ਨਾ ਹੋਵੇ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਵਿਛੜੇ ਜੀਅ ਬਾਰੇ ਜਾਣਕਾਰੀ ਮਿਲ ਸਕੇ।
---
ਸਤਲੁਜ ਫਿਲਮ ਨੇ ਦੁਨੀਆ ਦਾ ਧਿਆਨ ਹਰੀਕੇ ਵੱਲ ਖਿੱਚਿਆ
ਬਹੁਚਰਚਿਤ ‘ਸਤਲੁਜ’ ਫਿਲਮ ਤੋਂ ਬਾਅਦ ਹਰੀਕੇ ਖੇਤਰ ਵੱਲ ਦੇਸ਼-ਵਿਦੇਸ਼ ਦੇ ਲੋਕਾਂ ਦਾ ਧਿਆਨ ਹੋਰ ਵੀ ਕੇਂਦਰਿਤ ਹੋਇਆ ਹੈ। ਅਜਿਹੇ ਵਿਚ ਹਰੀਕੇ ਹੈੱਡ ’ਤੇ ਮਨੁੱਖੀ ਲਾਸ਼ਾਂ ਦੀ ਕਥਿਤ ਤੌਰ ’ਤੇ ਬੇਕਦਰੀ ਹੋਣ ਦੀਆਂ ਚਰਚਾਵਾਂ ਪ੍ਰਬੰਧਕੀ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਕਰਦੀਆਂ ਹਨ। ਬੇਸ਼ੱਕ ਲੋਕਾਂ ਵਿਚ ਵੱਡੀ ਜਾਗਰੂਕਤਾ ਆਈ ਵੇਖੀ ਜਾ ਸਕਦੀ ਹੈ, ਪਰ ਲਾਸ਼ਾਂ ਦੀ ਬੇਕਦਰੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ।
---
ਤਿੰਨ ਦਿਨਾਂ ਤੋਂ 10 ਨੰਬਰ ਗੇਟ ’ਤੇ ਫਸੀ ਲਾਸ਼ ਨੇ ਖੋਲ੍ਹੇ ਰਾਜ਼
ਤਾਜ਼ਾ ਮਾਮਲੇ ਵਿਚ ਹਰੀਕੇ ਹੈੱਡ ਵਰਕਸ ਦੇ ਦਸ ਨੰਬਰ ਗੇਟ ’ਤੇ ਲਵਾਰਿਸ ਮਨੁੱਖੀ ਲਾਸ਼ ਫਸੀ ਨੂੰ ਤਿੰਨ ਦਿਨ ਬੀਤਣ ਦੇ ਬਾਵਜੂਦ ਵੀ ਅਧਿਕਾਰੀਆਂ ਦੀ ਨੀਂਦ ਨਹੀਂ ਟੁੱਟੀ। ਜਦੋਂ ਸੜਾਂਦ ਮਾਰਦੀ ਲਾਸ਼ ਦੇ ਕੋਲੋ ਰਾਹਗੀਰਾਂ ਦਾ ਲੰਘਣਾ ਮੁਹਾਲ ਹੋਇਆ ਪਿਆ ਹੈ। ਹਰੀਕੇ ਇਲਾਕੇ ਦੇ ਬਾਸ਼ਿੰਦਿਆਂ ਨੇ ਪੰਜਾਬ ਸਰਕਾਰ, ਨਹਿਰੀ ਵਿਭਾਗ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹਰੀਕੇ ਹੈੱਡ ’ਤੇ ਮਿਲਣ ਵਾਲੀਆਂ ਮਨੁੱਖੀ ਲਾਸ਼ਾਂ ਸਬੰਧੀ ਸਪੱਸ਼ਟ ਜਾਂਚ ਅਤੇ ਕਾਰਵਾਈ ਦੀ ਪ੍ਰਣਾਲੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਮਨੁੱਖੀ ਲਾਸ਼ ਨੂੰ ਸਿਰਫ਼ ਇਕ ਰੁਕਾਵਟ ਸਮਝ ਕੇ ਅੱਗੇ ਰੋੜ੍ਹ ਦੇਣਾ ਨਾ ਤਾਂ ਮਨੁੱਖੀ ਸੰਵੇਦਨਸ਼ੀਲਤਾ ਦੇ ਅਨੁਕੂਲ ਹੈ ਅਤੇ ਨਾ ਹੀ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਰਸਤਾ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਇਹ ਰੋਸ ਆਉਣ ਵਾਲੇ ਸਮੇਂ ਵਿੱਚ ਵੱਡੇ ਜਨਤਕ ਵਿਰੋਧ ਦਾ ਰੂਪ ਧਾਰ ਸਕਦਾ ਹੈ।
ਡੀਆਈਜੀ ਤੇ ਐਕਸੀਅਨ ਨੇ ਲਿਆ ਨੋਟਿਸ
ਡੀਆਈਜੀ ਫਿਰੋਜ਼ਪੁਰ ਸਨੇਹਦੀਪ ਸ਼ਰਮਾ ਦਾ ਕਹਿਣਾ ਹੈ ਕਿ ਮਨੁੱਖੀ ਲਾਸ਼ਾਂ ਦੀ ਬੇਕਦਰੀ ਬੜਾ ਗੰਭੀਰ ਮਾਮਲਾ ਹੈ। ਲਾਵਾਰਿਸ ਲਾਸ਼ਾਂ ਦੀ ਸ਼ਨਾਖਤ ਹਿੱਤ 72 ਘੰਟੇ ਲਈ ਮੋਰਚਰੀ ਵਿਚ ਰੱਖਣਾ, ਸ਼ਨਾਖਤ ਨਾ ਹੋਣ ਦੀ ਸੂਰਤ ਵਿਚ ਸਤਿਕਾਰ ਸਹਿਤ ਅੰਤਿਮ ਸਸਕਾਰ ਕਰਨ ਲਈ ਸਬੰਧਤ ਥਾਣਾ ਮੁਖੀ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾਵੇਗੀ। ਉਧਰ ਨਹਿਰ ਵਿਭਾਗ ਦੇ ਐਕਸੀਅਨ ਗੁਰਵੀਰ ਸਿੰਘ ਸਿੱਧੂ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੱਖੂ ਪੁਲਿਸ ਨੂੰ ਇਤਲਾਹ ਦੇਣ ਦੇ ਨਾਲ ਨਾਲ ਐੱਨਜੀਓ ਦੀ ਮਦਦ ਨਾਲ ਸਸਕਾਰ ਦਾ ਪ੍ਰਬੰਧ ਕੀਤਾ ਜਾਵੇਗਾ