43 ਡਿਗਰੀ ਪਾਰੇ ’ਤੇ ਅਸਮਾਨੋਂ ਡਿੱਗਦੇ ਅੰਗਾਰਿਆਂ ਨੇ ਮੱਠੀ ਕੀਤੀ ਝੋਨੇ ਦੀ ਲਵਾਈ
43 ਡਿਗਰੀ ਪਾਰੇ ’ਤੇ ਅਸਮਾਨੋਂ ਡਿੱਗਦੇ ਅੰਗਾਰਿਆਂ ਨੇ ਮੱਠੀ ਕੀਤੀ ਝੋਨੇ ਦੀ ਲਵਾਈ
Publish Date: Tue, 09 Jun 2026 07:12 PM (IST)
Updated Date: Wed, 10 Jun 2026 04:08 AM (IST)

ਪ੍ਰਵਾਸੀ ਮਜ਼ਦੂਰਾਂ ਸੰਭਾਲਿਆ ਮੋਰਚਾ, ਸਥਾਨਕ ਮਜ਼ਦੂਰ ਮੌਸਮ ਅਨੁਕੂਲ ਹੋਣ ਦੀ ਉਡੀਕ ’ਚ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਵਿਚ ਝੋਨੇ ਦੀ ਅਧਿਕਾਰਤ ਲਵਾਈ ਭਾਵੇਂ 1 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਅਤੇ 43 ਡਿਗਰੀ ਸੈਲਸੀਅਸ ਤੋਂ ਉਪਰ ਪਹੁੰਚੇ ਤਾਪਮਾਨ ਨੇ ਝੋਨੇ ਦੀ ਲਵਾਈ ਦੀ ਰਫ਼ਤਾਰ ਨੂੰ ਕਾਫ਼ੀ ਹੱਦ ਤਕ ਪ੍ਰਭਾਵਿਤ ਕੀਤਾ ਹੈ। ਅਸਮਾਨੋਂ ਵਰ੍ਹਦੀ ਅੱਗ ਵਰਗੀ ਗਰਮੀ ਕਾਰਨ ਖੇਤਾਂ ਵਿਚ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ, ਜਿਸ ਕਰਕੇ ਸਥਾਨਕ ਮਜ਼ਦੂਰਾਂ ਨੇ ਫਿਲਹਾਲ ਲਵਾਈ ਦੇ ਕੰਮ ’ਚ ਰੁਚੀ ਨਹੀਂ ਦਿਖਾਈ ਅਤੇ ਮੌਸਮ ਦੇ ਅਨੁਕੂਲ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ ਦੂਜੇ ਪਾਸੇ ਇਸ ਵਾਰ ਬਹੁ ਗਿਣਤੀ ਵਿਚ ਪੁੱਜੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਲਵਾਈ ’ਚ ਜੁਟੇ ਹੋਏ ਹਨ। ਪਰ ਇਸਦੇ ਬਾਵਜੂਦ ਝੋਨਾ ਲਗਾਉਣ ਦਾ ਕੰਮ ਕੋਈ ਬਹੁਤਾ ਤੇਜ਼ ਦਿਖਾਈ ਨਹੀਂ ਦੇ ਰਿਹਾ। ਕਿਸਾਨਾਂ ਅਨੁਸਾਰ ਜੂਨ ਦੇ ਪਹਿਲੇ ਹਫ਼ਤੇ ਦੌਰਾਨ ਮੌਸਮ ਕੁਝ ਹੱਦ ਤਕ ਠੀਕ ਰਹਿਣ ਕਰਕੇ ਝੋਨੇ ਦੀ ਲਵਾਈ ਨੇ ਰਫ਼ਤਾਰ ਫੜ ਲਈ ਸੀ, ਪਰ ਅਚਾਨਕ ਵਧੇ ਤਾਪਮਾਨ ਨੇ ਇਸ ਪ੍ਰਕਿਰਿਆ ਨੂੰ ਮੱਠਾ ਕਰ ਦਿੱਤਾ ਹੈ। ਦੁਪਹਿਰ ਦੇ ਸਮੇਂ ਤਿੱਖੀ ਧੁੱਪ ਅਤੇ ਗਰਮ ਹਵਾਵਾਂ ਕਾਰਨ ਖੇਤਾਂ ਵਿਚ ਕੰਮ ਕਰਨਾ ਮਜ਼ਦੂਰਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੇ ਝੋਨੇ ਦੀ ਲਵਾਈ ਦਾ ਕਾਰਜ ਸੰਭਾਲਿਆ ਹੋਇਆ ਹੈ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਪ੍ਰਵਾਸੀ ਮਜ਼ਦੂਰ ਸਵੇਰੇ ਤੜਕੇ ਅਤੇ ਸ਼ਾਮ ਦੇ ਸਮੇਂ ਖੇਤਾਂ ਵਿਚ ਲਵਾਈ ਦਾ ਕੰਮ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਲ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਵੱਧ ਹੈ, ਜਿਸ ਕਾਰਨ ਲਵਾਈ ਦੇ ਕੰਮ ਵਿਚ ਕੁਝ ਹੱਦ ਤਕ ਸਹੂਲਤ ਬਣੀ ਹੋਈ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਉਪਲੱਬਧਤਾ ਨਾ ਹੁੰਦੀ, ਤਾਂ ਗਰਮੀ ਕਾਰਨ ਝੋਨੇ ਦੀ ਲਵਾਈ ਹੋਰ ਵੀ ਪ੍ਰਭਾਵਿਤ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਮਜ਼ਦੂਰ ਵੱਧ ਤਾਪਮਾਨ ਕਾਰਨ ਝੋਨੇ ਦੀ ਲਵਾਈ ’ਚ ਰੁਚੀ ਨਹੀ ਦਿਖਾ ਰਹੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨ੍ਹਾਂ ਵਿਚ ਜੇਕਰ ਤਾਪਮਾਨ ’ਚ ਕਮੀ ਨਹੀਂ ਆਉਂਦੀ ਤਾਂ ਝੋਨੇ ਦੀ ਲਵਾਈ ਦਾ ਕੰਮ ਹੋਰ ਪ੍ਰਭਾਵਿਤ ਹੋ ਸਕਦਾ ਹੈ। ਦੂਜੇ ਪਾਸੇ ਜੇੇਕਰ ਅਗਲੇ ਦਿਨ੍ਹਾਂ ਵਿਚ ਗਰਮੀ ਜਾਰੀ ਰਹਿੰਦੀ ਹੈ, ਤਾਂ ਅਜਿਹੇ ਹਾਲਾਤਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ, ਦੋਵਾਂ ਲਈ ਝੋਨੇ ਦੀ ਲਵਾਈ ਵੱਡੀ ਚੁਣੌਤੀ ਬਣ ਸਕਦੀ ਹੈ। ਬਾਕਸ ਜੋ ਝੋਨਾ ਲੱਗਾ, ਉਹ ਵੀ ਤਪਸ਼ ਕਾਰਨ ਰੁਕਿਆ ਇਸ ਤਪਸ਼ ਦੌਰਾਨ ਜੋ ਝੋਨਾ ਖੇਤਾਂ ਵਿਚ ਲਗਾਇਆ ਗਿਆ ਹੈ, ਉਹ ਵੀ ਅਜੇ ਤਕ ਵਧਣ ਵੱਲ ਰਫ਼ਤਾਰ ਨਹੀਂ ਫੜ ਸਕਿਆ। ਕਿਸਾਨਾਂ ਦੀ ਮੰਨੀਏ ਤਾਂ ਇਸ ਤਪਸ਼ ਭਰੀ ਗਰਮੀ ’ਚ ਖੇਤ ਵਿਚ ਖੜ੍ਹਾ ਕੀਤਾ ਪਾਣੀ ਗਰਮ ਹੋ ਜਾਂਦਾ ਹੈ ਤੇ ਲਗਭਗ 30 ਫੀਸਦੀ ਬੂਟੇੇ ਝੂਲਸ ਜਾਂਦੇ ਹਨ। ਕਿਸਾਨ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਤਰਨਤਾਰਨ ਇਲਾਕੇ ਦੀ ਗੱਲ ਕਰੀਏ, ਤਾਂ ਇਥੋਂ ਦੇ ਕਿਸਾਨ ਵਧੇਰੇ ਬਾਸਮਤੀ ਦੀ ਬਿਜਾਈ ’ਚ ਰੁਚੀ ਦਿਖਾਉਂਦੇ ਹਨ, ਜੋ ਝੋਨੇ ਨਾਲੋਂ ਦੇਰੀ ਨਾਲ ਬੀਜੀ ਜਾਂਦੀ ਹੈ। ਇਸ ਕਰ ਕੇ ਵੀ ਰਫ਼ਤਾਰ ਮੱਠੀ ਹੈ। ਇਸ ਵੇਲੇ ਪੈ ਰਹੀ ਗਰਮੀ ਦੇ ਚੱਲਦਿਆਂ ਸਥਾਨਕ ਮਜ਼ਦੂਰ ਬਹੁਤ ਘੱਟ ਝੋਨਾ ਲਗਾ ਰਹੇ ਹਨ। ਦੂਜੇ ਪਾਸੇ ਇਸ ਵਾਰ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿਚ ਪੁੱਜੇ ਹਨ, ਜੋ ਝੋਨਾ ਲਗਾਉਣ ’ਚ ਲੱਗੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹੀਂ ਗਰਮੀ ’ਚ ਚਿੱਕੜ ਕੀਤੀ ਜ਼ਮੀਨ ਸੁੱਕਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਜੇ ਜ਼ਮੀਨ ਇਕ ਵਾਰ ਸੁੱਕ ਜਾਂਦੀ ਹੈ, ਤਾਂ ਨਦੀਨ ਬਣਨ ਦਾ ਖਦਸ਼ਾ ਵੀ ਵਧ ਜਾਂਦਾ ਹੈ।