ਗਰਭਵਤੀ ਔਰਤਾਂ ਸਮੇਂ-ਸਮੇਂ ’ਤੇ ਕਰਵਾਉਣ ਖ਼ੂਨ ਦੀ ਜਾਂਚ : ਐੱਸਐੱਮਓ
ਸੁਰੱਖਿਅਤ ਮਾਤਰਤਵ ਨੂੰ ਸਮਰਪਿਤ ਇਕ ਦਹਾਕਾ ਪੂਰਾ ਹੋਣ ਸਬੰਧੀ ਕੈਂਪ ਲਗਾਇਆ
Publish Date: Tue, 09 Jun 2026 05:24 PM (IST)
Updated Date: Wed, 10 Jun 2026 04:06 AM (IST)

ਸੁਰੱਖਿਅਤ ਮਾਤਰਤਵ ਨੂੰ ਸਮਰਪਿਤ ਇਕ ਦਹਾਕਾ ਪੂਰਾ ਹੋਣ ਸਬੰਧੀ ਕੈਂਪ ਲਗਾਇਆ ਲਵਦੀਪ ਦੇਵਗਨ•, ਪੰਜਾਬੀ ਜਾਗਰਣ, ਸਰਹਾਲੀ ਕਲਾਂ : ਡਾ. ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸੀਐੱਚਸੀ ਸਰਹਾਲੀ ਵਿਖੇ ਸੁਰੱਖਿਅਤ ਮਾਤਰਤਵ ਨੂੰ ਸਮਰਪਿਤ ਇਕ ਦਹਾਕਾ ਪੂਰਾ ਹੋਣ ’ਤੇ ਅੱਜ ਸੀਐੱਚਸੀ ਸਰਹਾਲੀ ਵਿਖੇ ਗਰਭਵਤੀ ਔਰਤਾਂ ਦਾ ਚੈੱਕਅੱਪ ਕੈਂਪ ਲਗਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਆਪਣੇ ਖੂਨ ਦੀ ਜਾਂਚ ਸਮੇਂ-ਸਮੇਂ ’ਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ, ਦੁੱਧ, ਪਨੀਰ, ਲੱਸੀ ਅਤੇ ਦਾਲਾਂ ਆਦਿ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਆਇਰਨ ਦੀ ਘਾਟ ਲਈ ਪਾਲਕ ਅਤੇ ਗੁੜ ਦਾ ਸੇਵਨ ਵੀ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟਦਾ ਹੈ ਜਾਂ ਕੱਦ ਛੋਟਾ ਹੈ, ਉਨ੍ਹਾਂ ਨੂੰ ਆਪਣਾ ਇਲਾਜ ਜਨਾਨਾ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਸਮੇਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਡਾਕਟਰ ਸੁਖਵੰਤ ਸਿੰਘ ਸਿੱਧੂ ਅਤੇ ਹੈਲਥ ਸੁਪਰਵਾਈਜ਼ਰ ਅਮਰਜੀਤ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਕੈਂਪ ਦੀ ਜਾਂਚ ਕੀਤੀ। ਇਸ ਮੌਕੇ ਡਾ. ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਅੱਜ 10 ਸਾਲ ਪੂਰੇ ਹੋਣ ’ਤੇ ਸੁਰੱਖਿਅਤ ਮਾਤਰਤਵ ਨੂੰ ਸਮਰਪਿਤ ਗਰਭਵਤੀ ਔਰਤਾਂ ਦੇ ਸਿਹਤ ਜਾਗਰੂਕਤਾ ਸਬੰਧੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਕੌਰ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ਲਗਾਏ ਇਸ ਵਿਸ਼ੇਸ਼ ਕੈਂਪ ਵਿਚ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪੇਟ ਵਿਚ ਪਲ ਰਹੇ ਬੱਚਿਆਂ ਦੀ ਜਾਂਚ ਕੀਤੀ। ਇਸ ਸਮੇਂ ਡਾਕਟਰ ਸੰਦੀਪ ਕੌਰ ਨੇ ਦੱਸਿਆ ਕਿ ਇਸ ਕੈਂਪ ਵਿਚ ਪਹੁੰਚੀਆਂ ਗਰਭਵਤੀਆਂ ਔਰਤਾਂ ਜਿਨ੍ਹਾਂ ਦਾ ਭਾਰ ਵੱਧ ਹੈ, ਬੀਪੀ ਹਾਈ, ਸ਼ੂਗਰ, ਕੱਦ ਛੋਟਾ ਹੈ ਨੂੰ ਹਾਈ ਰਿਸਕ ਵਿਚ ਲਿਆ ਗਿਆ ਹੈ ਅਤੇ ਜਿਨ੍ਹਾਂ ਦੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਅਤੇ ਪੇਟ ਵਿਚ ਪਲ ਰਹੇ ਬੱਚੇ ਦੀ ਸਹੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਸਮੇਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਡਾਕਟਰ ਸੁਖਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਐੱਚਸੀ ਸਰਹਾਲੀ ਵਿਖੇ ਲੱਗੇ ਇਸ ਵਿਸ਼ੇਸ਼ ਕੈਂਪ ਦੀ ਜਾਂਚ ਕੀਤੀ ਗਈ ਹੈ ਅਤੇ ਗਰਭਵਤੀ ਔਰਤਾਂ ਨੂੰ ਖਾਣ, ਪੀਣ ਸਬੰਧੀ ਜਾਣਕਾਰੀ ਦਿੱਤੀ ਅਤੇ ਹਾਈ ਰਿਸਕ ਵਿਚ ਆਈਆਂ ਗਰਭਵਤੀ ਔਰਤਾਂ ਨੂੰ ਆਪਣਾ ਧਿਆਨ ਰੱਖਣ ਅਤੇ ਸਮੇਂ-ਸਮੇਂ ’ਤੇ ਡਾਕਟਰ ਦੀ ਸਲਾਹ ਮੁਤਾਬਿਕ ਆਪਣੇ ਟੈਸਟ, ਅਲਟਰਾਸਾਊਂਡ ਆਦਿ ਕਰਵਾਉਣ ਦੀ ਸਲਾਹ ਦਿੱਤੀ ਅਤੇ ਦੱਸਿਆ ਕਿ ਉਹ ਆਪਣੀ ਸਿਹਤ ਦਾ ਖਾਸ ਧਿਆਨ ਰੱਖਣ, ਤਾਂ ਜੋ ਉਨ੍ਹਾਂ ਦੇ ਪੇਟ ’ਚ ਪਲ ਰਿਹਾ ਬੱਚਾ ਵੀ ਤੰਦਰੁਸਤ ਰਹੇ। ਇਸ ਮੌਕੇ ਬਲਰਾਜ ਸਿੰਘ ਬੀਈਈ, ਸੁਪਰੀਤ ਕੌਰ ਸੀਐੱਚਓ ਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ।