- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ਹਲਕੇ ਵਿਚ ਲਗਾਤਾਰ ਹੋ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਐਤਵਾਰ ਨੂੰ ਦੋ ਥਾਵਾਂ 'ਤੇ ਗੋਲ਼ੀਆਂ ਚੱਲਣ ਤੋਂ ਬਾਅਦ ਅੱਜ ਸੋਮਵਾਰ ਨੂੰ ਵੀ ਦੋ ਵੱਖ-ਵੱਖ ਥਾਵਾਂ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾਈਆਂ। ਚਿੱਟੇ ਦਿਨ ਬਾਜ਼ਾਰ ਵਿਚ ਅਤੇ ਸਵੇਰੇ ਤੜਕੇ ਰਿਹਾਇਸ਼ੀ ਘਰ ਨੂੰ ਨਿਸ਼ਾਨਾ ਬਣਾਉਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।

ਬੱਲੂ ਮਹਿਤਾ/ਕੇਪੀ ਗਿੱਲ•, ਪੰਜਾਬੀ ਜਾਗਰਣ, ਪੱਟੀ/ਕੈਰੋਂ : ਪੱਟੀ ਹਲਕੇ ਵਿਚ ਲਗਾਤਾਰ ਹੋ ਰਹੀਆਂ ਫਾਇਰਿੰਗ ਦੀਆਂ ਘਟਨਾਵਾਂ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਐਤਵਾਰ ਨੂੰ ਦੋ ਥਾਵਾਂ 'ਤੇ ਗੋਲ਼ੀਆਂ ਚੱਲਣ ਤੋਂ ਬਾਅਦ ਅੱਜ ਸੋਮਵਾਰ ਨੂੰ ਵੀ ਦੋ ਵੱਖ-ਵੱਖ ਥਾਵਾਂ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾਈਆਂ। ਚਿੱਟੇ ਦਿਨ ਬਾਜ਼ਾਰ ਵਿਚ ਅਤੇ ਸਵੇਰੇ ਤੜਕੇ ਰਿਹਾਇਸ਼ੀ ਘਰ ਨੂੰ ਨਿਸ਼ਾਨਾ ਬਣਾਉਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।
ਪਹਿਲੀ ਘਟਨਾ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਵਿਚ ਵਾਪਰੀ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਮੇਨ ਬਾਜ਼ਾਰ ਵਿਚ ਸਥਿਤ ਸਾਹਿਬ ਖੇਤੀ ਸਟੋਰ ਅਤੇ ਜਸਪਾਲ ਰਾਏ ਉਰਫ਼ ਗੋਰਖਾ ਸ਼ਾਹ, ਗਗਨ ਸ਼ਾਹ ਅਤੇ ਲਾਲੀ ਸ਼ਾਹ ਦੀਆਂ ਦੁਕਾਨਾਂ ਦੇ ਬੰਦ ਸ਼ਟਰਾਂ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਕਰੀਬ ਬਾਅਦ ਦੁਪਹਿਰ 3 ਵਜੇ 4 ਤੋਂ 5 ਗੋਲੀਆਂ ਚਲਾਈਆਂ ਗਈਆਂ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਜਸਪਾਲ ਰਾਏ ਗੋਰਖਾ ਸ਼ਾਹ ਅਤੇ ਉਨ੍ਹਾਂ ਦੇ ਪਰਿਵਾਰ ਦਾ ਆੜ੍ਹਤ ਅਤੇ ਕਰਿਆਨੇ ਦਾ ਕਾਰੋਬਾਰ ਹੈ, ਜਿਸ ਕਾਰਨ ਇਸ ਘਟਨਾ ਨੂੰ ਫਿਰੌਤੀ ਜਾਂ ਕਾਰੋਬਾਰੀ ਰੰਜਿਸ਼ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਘਟਨਾ ਵਾਲੇ ਦਿਨ ਮੱਸਿਆ ਅਤੇ ਸੰਗਰਾਂਦ ਮੌਕੇ ਨੇੜੇ ਹੀ ਸੰਗਤਾਂ ਲਈ ਲੰਗਰ ਵੀ ਲੱਗਾ ਹੋਇਆ ਸੀ, ਪਰ ਇਸ ਦੇ ਬਾਵਜੂਦ ਹਮਲਾਵਰਾਂ ਨੇ ਬੇਖੌਫ਼ ਹੋ ਕੇ ਦਿਨ-ਦਿਹਾੜੇ ਬਾਜ਼ਾਰ ਵਿਚ ਫਾਇਰਿੰਗ ਕਰ ਦਿੱਤੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪਿੰਡ ਉਬੋਕੇ ’ਚ ਸਵੇਰੇ ਸਾਢੇ ਪੰਜ ਵਜੇ ਕੀਤੀ ਫਾਇਰਿੰਗ
ਦੂਜੀ ਘਟਨਾ ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਉਬੋਕੇ ਵਿਚ ਵਾਪਰੀ, ਜਿਥੇ ਅੱਜ ਸਵੇਰੇ ਕਰੀਬ 5:30 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਤਰਸੇਮ ਸਿੰਘ ਪੁੱਤਰ ਪ੍ਰਗਟ ਸਿੰਘ ਦੇ ਘਰ ਦੇ ਮੁੱਖ ਗੇਟ ਉਪਰ ਪੰਜ ਗੋਲੀਆਂ ਚਲਾਈਆਂ ਗਈਆਂ। ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਵਿਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ ਹੈ।
ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।
ਏਐੱਸਆਈ ਗੁਰਪਾਲ ਸਿੰਘ ਪੰਨੂ,
ਇੰਚਾਰਜ, ਪੁਲਿਸ ਚੌਕੀ ਸਭਰਾ।