ਦੋਵੇਂ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਵਿੱਢਾਂਗੇ ਸੰਘਰਸ਼ : ਆਗੂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ : ਆਗੂ
Publish Date: Wed, 08 Jul 2026 04:56 PM (IST)
Updated Date: Thu, 09 Jul 2026 04:00 AM (IST)
-10 ਅਗਸਤ ਨੂੰ ਡੀਸੀ ਦਫ਼ਤਰ ਅੱਗੇ ਗ੍ਰਿਫ਼ਤਾਰੀਆਂ ਦੇਣ ਦਾ ਕੀਤਾ ਐਲਾਨ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੀ ਜ਼ਿਲ੍ਹਾ ਤਰਨਤਾਰਨ ਇਕਾਈ ਦੀ ਮੀਟਿੰਗ ਅੱਜ ਰਾਮਗੜ੍ਹੀਆ ਭੁੱਗਾ, ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਹਿੰਦਰ ਸਿੰਘ ਪੱਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੀਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਜ਼ਿਲ੍ਹਾ ਕਨਵੀਨਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਜਸਵਿੰਦਰ ਸਿੰਘ ਮਾਣੋਚਾਹਲ, ਕਾਮਰੇਡ ਕਰਮ ਸਿੰਘ ਲਾਲਪੁਰਾ, ਕਾਮਰੇਡ ਅਜਮੇਰ ਸਿੰਘ ਤਰਨਤਾਰਨ, ਕਾਮਰੇਡ ਨਰਿੰਦਰ ਸਿੰਘ ਬਘਿਆੜੀ ਅਤੇ ਕਾਮਰੇਡ ਬਲਦੇਵ ਸਿੰਘ ਗੋਹਲਵੜ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ, ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਮਿਹਨਤਕਸ਼ ਵਰਗ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਕੇ ਟਰੇਡ ਯੂਨੀਅਨਾਂ ਦੇ ਸੰਵਿਧਾਨਕ ਹੱਕਾਂ ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਰਤ ਕਾਨੂੰਨਾਂ ਨੂੰ ਕਮਜ਼ੋਰ ਕਰਕੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਰਿਹਾ ਹੈ ਅਤੇ ਮਜ਼ਦੂਰਾਂ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ। ਕਾਮਰੇਡ ਸੁੱਚਾ ਸਿੰਘ ਅਜਨਾਲਾ ਅਤੇ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਨੇ ਕਿਹਾ ਕਿ ਮਜ਼ਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 10 ਜੁਲਾਈ ਨੂੰ ਐੱਸਡੀਐੱਮ ਤਰਨਤਾਰਨ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ, ਜਦਕਿ 10 ਅਗਸਤ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਗ੍ਰਿਫ਼ਤਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 29 ਜੁਲਾਈ ਨੂੰ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ ਸੀਟੂ, ਕੁਲ ਹਿੰਦ ਕਿਸਾਨ ਸਭਾ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਕਰਵਾਈ ਜਾ ਰਹੀ ਕਨਵੈਨਸ਼ਨ ਵਿਚ ਜ਼ਿਲ੍ਹਾ ਤਰਨਤਾਰਨ ਤੋਂ ਵੱਡੀ ਗਿਣਤੀ ਵਿਚ ਮਜ਼ਦੂਰ ਅਤੇ ਕਿਸਾਨ ਵਰਕਰ ਸ਼ਮੂਲੀਅਤ ਕਰਨਗੇ। ਆਗੂਆਂ ਨੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਮਜ਼ਦੂਰ-ਕਿਸਾਨ ਏਕਤਾ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ, ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਜਥੇਬੰਦਕ ਸੰਘਰਸ਼ ਹੀ ਇੱਕੋਂ-ਇਕ ਪ੍ਰਭਾਵਸ਼ਾਲੀ ਰਾਹ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਮੀਟਿੰਗ ਵਿਚ ਕਾਮਰੇਡ ਕੁਲਵੰਤ ਸਿੰਘ ਛਾਪਾ, ਕਾਮਰੇਡ ਮਲੂਕ ਸਿੰਘ ਝਬਾਲ, ਕਾਮਰੇਡ ਮਨਪ੍ਰੀਤ ਸਿੰਘ, ਕਾਮਰੇਡ ਪਰਮਜੀਤ ਸਿੰਘ ਕੋਟਲੀ, ਕਾਮਰੇਡ ਪ੍ਰਗਟ ਸਿੰਘ, ਕਾਮਰੇਡ ਗੁਰਨਾਮ ਸਿੰਘ, ਕਾਮਰੇਡ ਸਰਬਜੀਤ ਸਿੰਘ ਰਟੌਲ, ਕੰਵਲਜੀਤ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਸਿੰਘ ਗੋਹਲਵੜ, ਸੰਮਾ ਸਿੰਘ ਚੂਸਲੇਵੜ, ਸੇਵਕ ਸਿੰਘ, ਕਾਬਲ ਸਿੰਘ ਘਰਿਆਲਾ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਆਗੂ ਅਤੇ ਵਰਕਰਜ਼ ਹਾਜ਼ਰ ਸਨ। ਕੈਪਸ਼ਨ- ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਸੀਟੂ ਮੀਟਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਆਗੂ।