- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਸਾਤਾਂ ਤੋਂ ਪਹਿਲਾਂ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਲੱਗੇ, ਰਸੋਈ ਦਾ ਬਜਟ ਵਿਗੜਿਆ

-ਹਰੀਆਂ ਸਬਜ਼ੀਆਂ, ਅਦਰਕ ਤੇ ਧਨੀਆ ਦੇ ਭਾਅ ਨੇ ਤੋੜੇ ਸਾਰੇ ਰਿਕਾਰਡ
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਹੁਣ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਵੀ ਵੱਡਾ ਝਟਕਾ ਦਿੱਤਾ ਹੈ। ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਥਾਨਕ ਮੰਡੀਆਂ ਤੇ ਸਬਜ਼ੀ ਬਾਜ਼ਾਰਾਂ ’ਚ ਲਗਭਗ ਹਰ ਕਿਸਮ ਦੀ ਸਬਜ਼ੀ ਦੇ ਭਾਅ ’ਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਆਮ ਤੇ ਮੱਧਵਰਗੀ ਪਰਿਵਾਰਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਰੋਜ਼ਾਨਾ ਦੀ ਵਰਤੋਂ ਵਾਲੀਆਂ ਸਬਜ਼ੀਆਂ ਵੀ ਹੁਣ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਨਜ਼ਰ ਆ ਰਹੀਆਂ ਹਨ।
ਸਥਾਨਕ ਬਾਜ਼ਾਰਾਂ ਵਿਚ ਇਸ ਵੇਲੇ ਗੋਭੀ 100 ਰੁਪਏ ਪ੍ਰਤੀ ਕਿਲੋ, ਖੀਰਾ 80 ਰੁਪਏ, ਘੀਆ ਤੋਰੀ 80 ਰੁਪਏ, ਘੀਆ 80 ਰੁਪਏ, ਮਟਰ 160 ਰੁਪਏ, ਟੀਂਡਾ 120 ਤੋਂ 160 ਰੁਪਏ, ਭਿੰਡੀ 60 ਤੋਂ 80 ਰੁਪਏ, ਸ਼ਿਮਲਾ ਮਿਰਚ 100 ਤੋਂ 120 ਰੁਪਏ, ਬੈਂਗਣ 60 ਰੁਪਏ, ਫਲੀਆਂ 120 ਰੁਪਏ, ਕਰੇਲਾ 60 ਰੁਪਏ, ਗਾਜਰ 60 ਰੁਪਏ, ਪਿਆਜ਼ 40 ਰੁਪਏ, ਅਦਰਕ 300 ਰੁਪਏ ਅਤੇ ਧਨੀਆ 300 ਤੋਂ 400 ਰੁਪਏ ਪ੍ਰਤੀ ਕਿੱਲੋ ਵਿੱਕ ਰਿਹਾ ਹੈ। ਕਈ ਸਬਜ਼ੀਆਂ ਦੇ ਭਾਅ ਪਿਛਲੇ ਕੁਝ ਹਫ਼ਤਿਆਂ ਦੌਰਾਨ ਲਗਾਤਾਰ ਵਧੇ ਹਨ, ਜਿਸ ਕਾਰਨ ਗ੍ਰਾਹਕਾਂ ਦੀਆਂ ਚਿੰਤਾਵਾਂ ਵੀ ਵਧ ਰਹੀਆਂ ਹਨ। ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਕਈ ਇਲਾਕਿਆਂ ’ਚ ਸਬਜ਼ੀਆਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ।
ਇਸ ਤੋਂ ਇਲਾਵਾ ਆਵਾਜਾਈ ਦੇ ਵਧੇ ਖ਼ਰਚ, ਮੰਡੀਆਂ ਵਿਚ ਘੱਟ ਆਮਦ ਅਤੇ ਮੰਗ ਵਧਣ ਕਾਰਨ ਕੀਮਤਾਂ ’ਚ ਤੇਜ਼ੀ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤਾਂ ਦੌਰਾਨ ਲਗਾਤਾਰ ਮੀਂਹ ਪੈਂਦਾ ਹੈ, ਤਾਂ ਖੇਤਾਂ ਵਿਚ ਫ਼ਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਸਪਲਾਈ ਹੋਰ ਘਟਣ ਨਾਲ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ। ਗ੍ਰਹਿਣੀ ਸਰਬਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਜਿਨ੍ਹੇਂ ਪੈਸਿਆਂ ’ਚ ਹਫ਼ਤੇ ਭਰ ਦੀਆਂ ਸਬਜ਼ੀਆਂ ਖ਼ਰੀਦੀਆਂ ਜਾਂਦੀਆਂ ਸਨ, ਹੁਣ ਉਸੇ ਰਕਮ ’ਚ ਸਿਰਫ਼ ਦੋ ਜਾਂ ਤਿੰਨ ਦਿਨ ਦਾ ਹੀ ਗੁਜ਼ਾਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਘਰ ਦਾ ਮਹੀਨਾਵਾਰ ਬਜਟ ਬਣਾਉਣ ’ਚ ਸਬਜ਼ੀਆਂ ਦੀ ਮਹਿੰਗਾਈ ਨੇ ਅੜਿੱਕਾ ਪਾ ਦਿੱਤਾ ਹੈ। ਕੰਵਲਜੀਤ ਕੌਰ ਨੇ ਕਿਹਾ ਕਿ ਹਰ ਰੋਜ਼ ਤਾਜ਼ੀਆਂ ਸਬਜ਼ੀਆਂ ਬਣਾਉਣਾ ਮਹਿੰਗਾਈ ਦੀ ਭੇਟ ਚੜ੍ਹਦਾ ਦਿਖਾਈ ਦੇਣ ਲੱਗਾ ਹੈ। ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਹੁਣ ਲੋੜ ਅਨੁਸਾਰ ਖਰੀਦਦਾਰੀ ਕਰਨੀ ਵੀ ਮੁਸ਼ਕਲ ਹੋ ਰਹੀ ਹੈ।
ਦਲਜੀਤ ਕੌਰ ਨੇ ਕਿਹਾ ਕਿ ਰਸੋਈ ’ਚ ਵਰਤੀਆਂ ਜਾਣ ਵਾਲੀਆਂ ਲਗਭਗ ਸਾਰੀਆਂ ਜ਼ਰੂਰੀ ਵਸਤਾਂ ਪਹਿਲਾਂ ਹੀ ਮਹਿੰਗੀਆਂ ਹੋ ਚੁੱਕੀਆਂ ਹਨ। ਦਾਲਾਂ, ਖਾਣ ਵਾਲਾ ਤੇਲ ਤੇ ਰਾਸ਼ਨ ਦੇ ਹੋਰ ਸਮਾਨ ਤੋਂ ਬਾਅਦ ਹੁਣ ਸਬਜ਼ੀਆਂ ਦੀ ਮਹਿੰਗਾਈ ਨੇ ਪਰਿਵਾਰਾਂ ਦੀ ਆਰਥਿਕਤਾ ’ਤੇ ਵਾਧੂ ਬੋਝ ਪਾ ਦਿੱਤਾ ਹੈ। ਗ੍ਰਹਿਣੀ ਆਰਤੀ ਨੇ ਦੱਸਿਆ ਕਿ ਧਨੀਆ ਤੇ ਅਦਰਕ ਵਰਗੀਆਂ ਚੀਜ਼ਾਂ, ਜੋ ਹਰ ਰੋਜ਼ ਰਸੋਈ ’ਚ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਦੇ ਭਾਅ ਵੀ ਆਮ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਕਾਰਨ ਹੁਣ ਲੋਕਾਂ ਨੂੰ ਆਪਣੀਆਂ ਲੋੜਾਂ ਵਿਚ ਵੀ ਕਟੌਤੀ ਕਰਨੀ ਪੈ ਰਹੀ ਹੈ।
ਉੱਧਰ, ਸਬਜ਼ੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਮੌਸਮ ਅਨੁਕੂਲ ਰਿਹਾ ਅਤੇ ਮੰਡੀਆਂ ’ਚ ਸਬਜ਼ੀਆਂ ਦੀ ਆਮਦ ਵਧੀ ਤਾਂ ਕੀਮਤਾਂ ਵਿਚ ਕੁਝ ਰਾਹਤ ਮਿਲ ਸਕਦੀ ਹੈ, ਪਰ ਜੇ ਬਰਸਾਤ ਦੌਰਾਨ ਫ਼ਸਲਾਂ ਨੂੰ ਨੁਕਸਾਨ ਹੋਇਆ ਜਾਂ ਸਪਲਾਈ ਪ੍ਰਭਾਵਿਤ ਰਹੀ ਤਾਂ ਮਹਿੰਗਾਈ ਦਾ ਦੌਰ ਹੋਰ ਲੰਬਾ ਜਾ ਸਕਦਾ ਹੈ।