- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਮੁਲਤਵੀਂ ਕੀਤੀ ਹੜਤਾਲ, ਮੁੜ ਸ਼ੁਰੂ

-ਕੋਈ ਵੀ ਵਾਅਦਾ ਪੂਰਾ ਨਾ ਹੋਣ ’ਤੇ ਬੁੱਧਵਾਰ ਨੂੰ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਕੀਤੀ ਕੰਮ-ਛੋੜ ਹੜਤਾਲ
ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਫਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਨਗਰ ਕੌਂਸਲ ਤਰਨਤਾਰਨ ਦੇ ਕਰਮਚਾਰੀਆਂ ਵੱਲੋਂ ਮੁਲਤਵੀਂ ਕੀਤੀ ਗਈ ਹੜਤਾਲ ਬੁੱਧਵਾਰ ਨੂੰ ਸ਼ੁਰੂ ਕਰਦਿਆਂ ਸਮੂਹ ਕਰਮਚਾਰੀ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ’ਤੇ ਚਲੇ ਗਏ ਹਨ। ਉਕਤ ਕਰਮਚਾਰੀਆਂ ਨੇ ਨਗਰ ਕੌਂਸਲ ਦੇ ਗੇਟ ਅੱਗੇ ਧਰਨਾ ਲਾ ਕੇ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਦਿਆਂ ਮੰਨੀਆਂ ਮੰਗਾਂ ਦਾ ਨੋਟੀਫਿਕੇਸ਼ਨ ਨਾ ਕਰਨ ਦਾ ਦੋਸ਼ ਲਾਇਆ।
ਇਸ ਮੌਕੇ ਸਾਰੇ ਸਫਾਈ ਸੇਵਕ ਤੇ ਸੀਵਰਮੈਨ ਵੀ ਹਾਜ਼ਰ ਰਹੇ। ਹੜਤਾਲ ਦੀ ਪ੍ਰਧਾਨਗੀ ਕਰਦਿਆਂ ਸਥਾਨਕ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਮਿਊਂਸੀਪਲ ਮੁਲਾਜ਼ਮ ਸਫਾਈ ਸੇਵਕ ਯੂਨੀਅਨ ਦੀ ਮੁੱਖ ਲੀਡਰਸ਼ਿਪ ਦੀਆਂ ਮੀਟਿੰਗਾਂ ਹੋਈਆਂ ਸਨ। ਸਰਕਾਰ ਵੱਲੋਂ ਭਰੋਸਾ ਦਿੰਦਿਆਂ ਇਕ ਮਹੀਨੇ ਦਾ ਸਮਾਂ ਮੰਗਿਆ ਸੀ, ਜਿਸ ਦੌਰਾਨ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ’ਤੇ ਕੀਤਾ ਜਾਵੇਗਾ। ਜਿਹੜੇ ਠੇਕਾ ਆਧਾਰਿਤ ਮੁਲਾਜ਼ਮ ਹਨ, ਉਨ੍ਹਾਂ ਨੂੰ ਰੈਗੂਲਰ ਕਰਦਿਆਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਅਤੇ ਹੋਰ ਵਿਸ਼ੇਸ਼ ਮੰਗਾਂ ਦਾ ਵੀ ਫੌਰੀ ਹੱਲ ਕੀਤਾ ਜਾਵੇਗਾ ਪਰ ਪੰਜਾਬ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅੰਦਰ ਰੋਸ ਫੈਲ ਗਿਆ।
ਉਨ੍ਹਾਂ ਦੱਸਿਆ ਕਿ ਸਫ਼ਾਈ ਮੁਲਾਜ਼ਮਾਂ ਵੱਲੋਂ 24 ਜੂਨ ਨੂੰ ਖਰੜ ਵਿਖੇ ਰੈਲੀ ਕੀਤੀ ਸੀ, ਜਿਸ ਦੌਰਾਨ ਲੀਡਰਸ਼ਿਪ ਦੇ ਨਾਲ 2 ਜੁਲਾਈ ਦੀ ਮੀਟਿੰਗ ਦਾ ਸਮਾਂ ਸਰਕਾਰ ਵਲੋਂ ਦਿੱਤਾ ਗਿਆ, ਪਰ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਗਈ ਹੈ, ਜਿਸ ਕਾਰਨ ਸੂਬਾਈ ਲੀਡਰਸ਼ਿਪ ਨੇ 8 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਫੈਸਲਾ ਕੀਤਾ। ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਉਨ੍ਹਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਸ ਮੌਕੇ ਮਿੱਠੂ ਭਗਤ, ਤਿਲਕ ਰਾਜ, ਜੋਗਿੰਦਰਪਾਲ, ਜੱਜਪਾਲ, ਬਿੱਲਾ, ਕਾਲਾ, ਜਗਮੋਹਨ, ਸੁਰਜੀਤ ਕੁਮਾਰ, ਸਾਹਿਬ ਸਿੰਘ, ਦਲੀਪ ਸਿੰਘ, ਸੁਨੀਲ, ਸੁਭਾਸ਼, ਪ੍ਰਦੀਪ ਕੁਮਾਰ, ਜਸਪਾਲ, ਰਾਜ ਰਾਣੀ, ਸਲਮਾ, ਬੱਬਲੀ, ਰੇਨੂੰ, ਨੀਲਮ, ਸਰਬਇੰਦਰ, ਮਨੀਸ਼ਾ, ਸੋਨੀਆ, ਰੱਜੋ, ਸੁੱਖੋ ਆਦਿ ਮੌਜੂਦ ਸਨ।
-ਬਾਕਸ-
-ਸ਼ਹਿਰ ’ਚ ਕੂੜੇ ਦੇ ਢੇਰ ਲੱਗਣੇ ਹੋਏ ਸ਼ੁਰੂ
ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਸਫਾਈ ਦਾ ਕੰਮ ਠੱਪ ਹੋ ਗਿਆ। ਜਿਸ ਕਰਕੇ ਸੜਕਾਂ ’ਤੇ ਕਈ ਥਾਈਂ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਘਰਾਂ ਵਾਲਿਆਂ ਵੱਲੋਂ ਕੂੜੇ ਦੇ ਲਿਫਾਫੇ ਗਲੀਆਂ ਦੇ ਬਾਹਰ ਜਾਂ ਸੜਕਾਂ ਦੇ ਕਿਨਾਰਿਆਂ ’ਤੇ ਸੁੱਟਣੇ ਸ਼ੁਰੂ ਵੀ ਕਰ ਦਿੱਤੇ ਹਨ ਤੇ ਅਗਲੇ ਦਿਨਾਂ ’ਚ ਜੇਕਰ ਹੜਤਾਲ ਨਾ ਰੁਕੀ ਤਾਂ ਕੂੜੇ ਦੇ ਢੇਰ ਵਧਦੇ ਜਾਣਗੇ। ਪਹਿਲਾਂ ਵੀ ਜਦੋਂ ਹੜਤਾਲ ਚੱਲੀ ਸੀ ਤਾਂ ਸ਼ਹਿਰ ਵਿਚ ਸਫਾਈ ਵਿਵਸਥਾ ਚਰਮਰਾ ਕੇ ਰਹਿ ਗਈ ਸੀ।