- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਆਯੋਜਿਤ, 11 ਅਗਸਤ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ

-ਸਾਉਣ ਮੇਲੇ ’ਤੇ ਲੰਗਰ ਸਬੰਧੀ ਪ੍ਰਬੰਧਕਾਂ ਨੇ ਉਚੇਚੇ ਤੌਰ ’ਤੇ ਲਾਈਆਂ ਡਿਊਟੀਆਂ
ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਰਹਿਣ ਵਾਲੀ ਪ੍ਰਮੁੱਖ ਸੰਸਥਾ ‘ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ’ ਦੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਸਾਲਾਨਾ ’ਮਾਤਾ ਚਿੰਤਪੁਰਨੀ ਜੀ ਦਾ ਸਾਵਣ ਮੇਲਾ’ 2026 ਅਤੇ ਲੰਗਰ ਭੰਡਾਰੇ ਦੇ ਪ੍ਰਬੰਧਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਕਮੇਟੀ ਦੇ ਸਲਾਹਕਾਰ ਸੁਭਾਸ਼ ਸ਼ਰਮਾ ਦੇ ਮਾਤਾ ਮਹੇਸ਼ਵਰੀ ਦੇਵੀ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਦੌਰਾਨ ਕਮੇਟੀ ਦੇ ਪ੍ਰਧਾਨ ਅਸ਼ਵਨੀ ਮਹਿਤਾ ਅਤੇ ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ ਨੇ ਦੱਸਿਆ ਕਿ ਪੱਟੀ ਸ਼ਹਿਰ ਦੇ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਵਿਖੇ ਮਾਤਾ ਰਾਣੀ ਦਾ ਇਹ ਪਵਿੱਤਰ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਮੀਟਿੰਗ ਦੇ ਅਹਿਮ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਸੈਕਟਰੀ ਜਗਮੋਹਨ ਮਨਚੰਦਾ ਅਨੁਸਾਰ ਸ਼ਹਿਰ ’ਚ 11 ਅਗਸਤ ਨੂੰ ਮਾਤਾ ਰਾਣੀ ਦੇ ਪਵਿੱਤਰ ਝੰਡੇ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਹ ਸ਼ੋਭਾ ਯਾਤਰਾ ਪ੍ਰਾਚੀਨ ਚਿੰਤਪੁਰਨੀ ਮੰਦਰ ਪੱਟੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਵੱਡੀ ਮੰਡੀ ਸਥਿਤ ਲਕਸ਼ਮੀ ਨਾਰਾਇਣ ਮੰਦਰ ਵਿਖੇ ਪੁੱਜੇਗੀ। ਇਸ ਉਪਰੰਤ ਸ਼ਹੀਦ ਸੋਹਨ ਲਾਲ ਪਾਠਕ ਪਾਰਕ ਪੱਟੀ ਵਿਖੇ ਪਹੁੰਚ ਕੇ ਮਾਤਾ ਰਾਣੀ ਦੇ ਝੰਡੇ ਦੀ ਰਸਮ ਪੂਰੀ ਸ਼ਰਧਾ ਨਾਲ ਅਦਾ ਕੀਤੀ ਜਾਵੇਗੀ। ਇਹ ਮੇਲਾ 20 ਅਗਸਤ ਅਸ਼ਟਮੀ ਤਕ ਨਿਰੰਤਰ ਚੱਲੇਗਾ। ਮੇਲੇ ਦੌਰਾਨ ਹਰ ਰੋਜ਼ ਰਾਤ ਨੂੰ ਮਾਤਾ ਰਾਣੀ ਦੀ ਪਵਿੱਤਰ ਚੌਕੀ ਹੋਵੇਗੀ, ਜਿਸ ਵਿਚ ਭਗਤ ਜਨ ਮਾਂ ਦੀ ਮਹਿਮਾ ਦਾ ਗੁਣਗਾਣ ਕਰਨਗੇ। ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਮੈਂਬਰਾਂ ਦੀ ਆਪਸੀ ਸਹਿਮਤੀ ਨਾਲ ਅਗਾਊਂ ਡਿਊਟੀਆਂ ਲਾ ਦਿੱਤੀਆਂ ਹਨ, ਤਾਂ ਜੋ ਪ੍ਰਬੰਧਾਂ ਵਿਚ ਕਿਸੇ ਵੀ ਪ੍ਰਕਾਰ ਦੀ ਕਮੀ ਨਾ ਰਹੇ। ਮੀਟਿੰਗ ਵਿਚ ਰੱਖੇ ਗਏ ਸਾਰੇ ਮਤਿਆਂ ਨੂੰ ਸਮੂਹ ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਪ੍ਰਵਾਨਗੀ ਦਿੱਤੀ।
ਇਸ ਵਿਸ਼ੇਸ਼ ਮੌਕੇ ਮੈਨੇਜਮੈਂਟ ਕਮੇਟੀ ਦੇ ਸਰਪ੍ਰਸਤ ਮਾਸਟਰ ਪ੍ਰਦੀਪ ਕੁਮਾਰ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ, ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਸੈਕਟਰੀ ਜਗਮੋਹਨ ਮਨਚੰਦਾ, ਵਾਈਸ ਪ੍ਰਧਾਨ ਅਮਨੀਸ਼ ਬੱਤਰਾ, ਰਾਕੇਸ਼ ਕੁਮਾਰ ਟੋਨੀ, ਰਾਜੇਸ਼ ਸ਼ਰਮਾ, ਰਾਜ ਕੁਮਾਰ ਰਾਜੂ, ਆਸ਼ੂ ਅਰੋੜਾ, ਸੰਜੀਵ ਕੁਮਾਰ ਕੋੜਾ, ਅਨਿਲ ਅਰੋੜਾ, ਵਾਈਸ ਪ੍ਰਧਾਨ ਅਮਿਤ ਪੁਰੀ, ਐਡਵੋਕੇਟ ਸ਼ਿਵਦੀਪ ਮਹਿਤਾ, ਕਰਮਨ ਪਟਵਾਰੀ ਅਤੇ ਐੱਸਕੇ ਮਹਿਤਾ ਸਮੇਤ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ।