
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ’ਚ ਰੱਖੇ ਗਏ ਸਮਾਗਮ ਨੂੰ ਵਰਚੂਅਲ ਤੌਰ ’ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤਕ ਇਸ ਯੋਜਨਾ ਤਹਿਤ 76.11 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਸ ’ਚੋਂ 68.6 ਲੱਖ ਔਰਤਾਂ ਦੇ ਖਾਤਿਆਂ ’ਚ 2381 ਕਰੋੜ ਰੁਪਏ ਪਹਿਲਾਂ ਹੀ ਟਰਾਂਸਫਰ ਕੀਤੇ ਜਾ ਚੁੱਕੇ ਹਨ।

ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਰੱਖੜੀ ਦੇ ਤਿਉਹਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ 1.37 ਲੱਖ ਸਤਿਕਾਰ ਸਖੀਆਂ ਨੂੰ 52.20 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰੇ ਪੰਜਾਬ ਦੀਆਂ ਔਰਤਾਂ ਤੱਕ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਪਹੁੰਚਾਉਣ ’ਚ ਸਤਿਕਾਰ ਸਖੀਆਂ ਦੇ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸਤਿਕਾਰ ਸਖੀਆਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਸ ਯੋਜਨਾ ਤਹਿਤ 75 ਲੱਖ ਤੋਂ ਵੱਧ ਔਰਤਾਂ ਦੀ ਰਜਿਸਟ੍ਰੇਸ਼ਨ ਸੰਭਵ ਹੋ ਸਕੀ ਹੈ ਤੇ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਸਨਮਾਨ ਰਾਸ਼ੀ ਪਹੁੰਚਣੀ ਯਕੀਨੀ ਹੋਈ ਹੈ।
ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ’ਚ ਰੱਖੇ ਗਏ ਸਮਾਗਮ ਨੂੰ ਵਰਚੂਅਲ ਤੌਰ ’ਤੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤਕ ਇਸ ਯੋਜਨਾ ਤਹਿਤ 76.11 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਜਿਸ ’ਚੋਂ 68.6 ਲੱਖ ਔਰਤਾਂ ਦੇ ਖਾਤਿਆਂ ’ਚ 2381 ਕਰੋੜ ਰੁਪਏ ਪਹਿਲਾਂ ਹੀ ਟਰਾਂਸਫਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੀ ਸਰਕਾਰ ਨੇ ਇਸ ਯੋਜਨਾ ਨਾਲ ਇਕ ਕਰੋੜ ਔਰਤਾਂ ਨੂੰ ਜੋੜਨ ਦਾ ਟੀਚਾ ਰੱਖਿਆ ਹੈ, ਜਦਕਿ ਸਤਿਕਾਰ ਸਖੀਆਂ ਨੂੰ ਹਰੇਕ ਰਜਿਸਟ੍ਰੇਸ਼ਨ ਲਈ 300 ਰੁਪਏ ਮਿਲਣਗੇ, ਜਿਸ ਨਾਲ ਉਹ ਇਸ ਪਹਿਲਕਦਮੀ ਰਾਹੀਂ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਸਕਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦ੍ਰਿੜ੍ਹ ਰਹੇਗੀ ਤੇ ਜਦੋਂ ਤਕ ਪੰਜਾਬ ’ਚ ਆਪ ਸਰਕਾਰ ਹੈ, ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਬੰਦ ਨਹੀਂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੱਖੜੀ ਦੇ ਤਿਉਹਾਰ ’ਤੇ ਪਹਿਲੀ ਕਿਸ਼ਤ ਜਾਰੀ ਕਰ ਕੇ ਮਹਿਲਾ ਲਾਭਪਾਤਰੀਆਂ ਨੂੰ ਰੱਖੜੀ ਦਾ ਵਿਸ਼ੇਸ਼ ਤੋਹਫ਼ਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਔਰਤਾਂ ਦੇ ਮਾਣ-ਸਨਮਾਨ ’ਚ ਇਹ ਯੋਜਨਾ ਸ਼ੁਰੂ ਕੀਤੀ ਹੈ। 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾ ਲਾਭਪਾਤਰੀਆਂ ਨੂੰ 1 ਹਜਾਰ ਦੀ ਵਿੱਤੀ ਸਹਾਇਤਾ ਦੇ ਮੋਬਾਈਲ ਸੰਦੇਸ਼ ਮਿਲ ਰਹੇ ਹਨ, ਜਦੋਂਕਿ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਔਰਤਾਂ ਨੂੰ 1500 ਰੁਪਏ ਮਿਲ ਰਹੇ ਹਨ। ਇਹ ਸਹਾਇਤਾ ਰਾਸ਼ੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ ਅਤੇ ਪੰਜਾਬ ਦੀਆਂ 97 ਫੀਸਦੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਦੀ ਉਮੀਦ ਹੈ। ਸੂਬਾ ਸਰਕਾਰ ਨੇ ਇਸ ਪਹਿਲਕਦਮੀ ਲਈ ਬਜਟ ਵਿੱਚ 9300 ਕਰੋੜ ਰੁਪਏ ਰੱਖੇ ਹਨ। ਇਸ ਦੌਰਾਨ ਆਪ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਤੇ ਵਿਧਾਇਕਾ ਡਾ. ਅਮਨਦੀਪ ਕੌਰ, ਵਿਧਾਇਕਾ ਡਾ. ਜੀਵਨਜੋਤ ਕੌਰ, ਵਿਧਾਇਕਾ ਇੰਦਰਜੀਤ ਕੌਰ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਭਜਨ ਸਿੰਘ ਈਟੀਓ, ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ, ਸਮੇਤ ਹੋਰ ਆਗੂ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਐਕਸ ’ਤੇ ਕਿਹਾ ਰੱਖੜੀ ’ਤੇ ਭੈਣਾ ਨਾਲ ਵਾਅਦਾ ਪੂਰਾ ਕੀਤਾ
ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ ਕਿ ‘ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਸਾਡੀ ਸਰਕਾਰ ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕਰ ਰਹੀ ਹੈ, ਮੈਂ ਗੋਇੰਦਵਾਲ ਸਾਹਿਬ ਵਿਖੇ ‘ਸਤਿਕਾਰ ਸਖੀ ਸਨਮਾਨ ਸਮਾਰੋਹ’ ’ਚ ਵਰਚੁਅਲ ਤੌਰ ’ਤੇ ਸ਼ਿਰਕਤ ਕੀਤੀ। ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 75 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ’ਚ ‘ਸਨਮਾਨ ਰਾਸ਼ੀ’ ਭੇਜੀ ਜਾ ਰਹੀ ਹੈ। ਉਨ੍ਹਾਂ ਸਾਰੀਆਂ ‘ਸਤਿਕਾਰ ਸਖੀਆਂ’ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਤੇ ਫਾਰਮ ਭਰਨ ’ਚ ਮਦਦ ਕੀਤੀ। ਇਸ ਨੇਕ ਸੇਵਾ ਲਈ ਤੁਹਾਡਾ ਨਾਂ ਇਤਿਹਾਸ ’ਚ ਦਰਜ ਹੋਵੇਗਾ। ਇਸ ਯੋਜਨਾ ਨੂੰ ਘਰ-ਘਰ ਪਹੁੰਚਾਉਣ ਤੇ ਔਰਤਾਂ ਦੇ ਬੈਂਕ ਖਾਤਿਆਂ ਵਿਚ ਸਨਮਾਨ ਰਾਸ਼ੀ ਪਹੁੰਚਾਉਣ ਲਈ ਸਾਰੀਆਂ ਸਤਿਕਾਰ ਸਖੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਦਿਲੀ ਧੰਨਵਾਦ’।