ਸਰਹੱਦ ਪਾਰੋਂ ਨਵੀਂ ਨਾਪਾਕ ਹਰਕਤ, ਡ੍ਰੋਨ ਰਾਹੀਂ ਭਾਰਤੀ ਖੇਤਰ ’ਚ ਸੁੱਟਿਆ ਅਸਲਾ ਬਰਾਮਦ, ਹਥਿਆਰਾਂ ਦੀ ਵੱਡੀ ਖੇਪ ਬਰਾਮਦ
ਸਰਹੱਦ ਪਾਰਲੇ ਤਸਕਰਾਂ ਵਲੋਂ ਡ੍ਰੋਨ ਨਾਲ ਨਸ਼ਾ ਅਤੇ ਅਸਲਾ ਭਾਰਤੀ ਖੇਤਰ ’ਚ ਭੇਜਣ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲੇ ’ਚ ਪੁਲਿਸ ਅਤੇ ਬੀ.ਐੱਸ.ਐੱਫ. ਨੇ ਸਰਹੱਦ ਨਾਲ ਲੱਗਦੇ ਪਿੰਡ ਵਾਂ ਤਾਰਾ ਸਿੰਘ ਵਿੱਚੋਂ ਮੁੜ ਅਸਲੇ ਦੀ ਖੇਪ ਬਰਾਮਦ ਕੀਤੀ ਹੈ।
Publish Date: Sat, 11 Jul 2026 12:20 PM (IST)
Updated Date: Sat, 11 Jul 2026 12:23 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ। ਸਰਹੱਦ ਪਾਰਲੇ ਤਸਕਰਾਂ ਵਲੋਂ ਡ੍ਰੋਨ ਨਾਲ ਨਸ਼ਾ ਅਤੇ ਅਸਲਾ ਭਾਰਤੀ ਖੇਤਰ ’ਚ ਭੇਜਣ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲੇ ’ਚ ਪੁਲਿਸ ਅਤੇ ਬੀ.ਐੱਸ.ਐੱਫ. ਨੇ ਸਰਹੱਦ ਨਾਲ ਲੱਗਦੇ ਪਿੰਡ ਵਾਂ ਤਾਰਾ ਸਿੰਘ ਵਿੱਚੋਂ ਮੁੜ ਅਸਲੇ ਦੀ ਖੇਪ ਬਰਾਮਦ ਕੀਤੀ ਹੈ।
ਜਿਸ ਨੂੰ ਕਬਜ਼ੇ ’ਚ ਲੈ ਕੇ ਉਕਤ ਖੇਪ ਮੰਗਵਾਉਣ ਵਾਲੇ ਅਣਵਛਾਤੇ ਵਿਅਕਤੀ ਵਿਰੁੱਧ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਵਾਂ ਤਾਰਾ ਸਿੰਘ ’ਤੇ ਤਾਇਨਾਤ 142 ਬਟਾਲੀਅਨ ਦੇ ਕੰਪਨੀ ਕਮਾਂਡਰ ਸੁਰੇਸ਼ ਵੀਐੱਮ ਨੇ ਥਾਣਾ ਖਾਲੜਾ ’ਚ ਸੂਚਨਾ ਦਿੱਤੀ ਕਿ ਵਾਂ ਤਾਰਾ ਸਿੰਘ ਪਿੰਡ ’ਚੋਂ ਡ੍ਰੋਨ ਨਾਲ ਪੀਲੇ ਰੰਗ ਦਾ ਪੈਕੇਟ ਸੁੱਟਿਆ ਗਿਆ ਹੈ।
ਸੂਚਨਾ ਤੋਂ ਬਾਅਦ ਏ.ਐੱਸ.ਆਈ. ਗੁਰਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਪੈਕੇਟ ਨੂੰ ਕਬਜ਼ੇ ’ਚ ਲੈ ਲਿਆ। ਜਦੋਂ ਪੈਕੇਟ ਦੀ ਜਾਂਚ ਕੀਤੀ ਤਾਂ ਉਸ ’ਚੋਂ ਤਿੰਨ ਮੈਗਜ਼ੀਨਾਂ ਤੋਂ ਇਲਾਵਾ 9 ਅਤੇ 7.63 ਐੱਮਐੱਮ ਬੋਰ ਦੇ 31 ਕਾਰਤੂਸ ਬਰਾਮਦ ਹੋਏ।
ਐੱਸ.ਐੱਸ.ਪੀ. ਨੇ ਦੱਸਿਆ ਕਿ ਅਸਲੇ ਦੀ ਖੇਪ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਜਾਵੇਗਾ।