ਜਿਵੇਂ ਹੀ ਲਾੜਾ ਤੇ ਲਾੜੀ ਡੀਜੇ ਦੀਆਂ ਧੁਨਾਂ ਵਿਚਾਲੇ ਸਟੇਜ 'ਤੇ ਪਹੁੰਚੇ, ਮਹਿਮਾਨਾਂ ਨੇ ਉਨ੍ਹਾਂ 'ਤੇ ਨੋਟਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਕੁਝ ਹੀ ਪਲਾਂ 'ਚ ਪੂਰੀ ਸਟੇਜ ਅਤੇ ਆਸ-ਪਾਸ ਦਾ ਇਲਾਕਾ ਨੋਟਾਂ ਨਾਲ ਭਰ ਗਿਆ। ਕਰੀਬ 30 ਮਿੰਟ ਤਕ ਲਗਾਤਾਰ ਨੋਟ ਬਰਸਾਏਜਾਂਦੇ ਰਹੇ। ਦ੍ਰਿਸ਼ ਅਜਿਹਾ ਲੱਗ ਰਿਹਾ ਸੀ ਜਿਵੇਂ ਅਸਮਾਨ ਤੋਂ ਪੈਸਿਆਂ ਦੀ ਬਾਰਿਸ਼ ਹੋ ਰਹੀ ਹੋਵੇ।

ਜਾਗਰਣ ਸੰਵਾਦਦਾਤਾ, ਤਰਨਤਾਰਨ: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਝਾਮਕਾ ਨੇੜੇ ਇਕ ਮੈਰਿਜ ਪੈਲੇਸ 'ਚ ਹੋਏ ਵਿਆਹ ਸਮਾਗਮ 'ਚ ਪੈਸਿਆਂ ਦੀ ਬਰਸਾਤ ਦਾ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਮਾਗਮ ਦੌਰਾਨ ਲਾੜਾ-ਲਾੜੀ 'ਤੇ ਲੱਖਾਂ ਰੁਪਏ ਉਡਾਏ ਗਏ। ਇਸ ਦੀ ਵੀਡੀਓ ਬੁੱਧਵਾਰ ਨੂੰ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਗਈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਲਾੜਾ ਤੇ ਲਾੜੀ ਡੀਜੇ ਦੀਆਂ ਧੁਨਾਂ ਵਿਚਾਲੇ ਸਟੇਜ 'ਤੇ ਪਹੁੰਚੇ, ਮਹਿਮਾਨਾਂ ਨੇ ਉਨ੍ਹਾਂ 'ਤੇ ਨੋਟਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਕੁਝ ਹੀ ਪਲਾਂ 'ਚ ਪੂਰੀ ਸਟੇਜ ਅਤੇ ਆਸ-ਪਾਸ ਦਾ ਇਲਾਕਾ ਨੋਟਾਂ ਨਾਲ ਭਰ ਗਿਆ। ਕਰੀਬ 30 ਮਿੰਟ ਤਕ ਲਗਾਤਾਰ ਨੋਟ ਬਰਸਾਏਜਾਂਦੇ ਰਹੇ। ਦ੍ਰਿਸ਼ ਅਜਿਹਾ ਲੱਗ ਰਿਹਾ ਸੀ ਜਿਵੇਂ ਅਸਮਾਨ ਤੋਂ ਪੈਸਿਆਂ ਦੀ ਬਾਰਿਸ਼ ਹੋ ਰਹੀ ਹੋਵੇ।
ਜਾਣਕਾਰੀ ਅਨੁਸਾਰ ਇਹ ਵਿਆਹ ਇਕ NRI ਪਰਿਵਾਰ ਦਾ ਸੀ। ਵਿਆਹ ਸਮਾਗਮ 'ਚ ਵੱਡੀ ਗਿਣਤੀ 'ਚ ਮਹਿਮਾਨ ਸ਼ਾਮਲ ਹੋਏ ਸਨ। ਡੀਜੇ ਦੀ ਉੱਚੀ ਆਵਾਜ਼ ਅਤੇ ਰੌਸ਼ਨੀਆਂ ਦੇ ਵਿਚਕਾਰ ਨੋਟਾਂ ਦੀ ਵਰਖਾ ਨੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਕੁਝ ਲੋਕਾਂ ਨੇ ਇਸ ਨੂੰ ਸ਼ਾਨੋ-ਸ਼ੌਕਤ ਦੱਸਿਆ ਤਾਂ ਕੁਝ ਨੇ ਇਸ ਨੂੰ ਫ਼ਜ਼ੂਲਖ਼ਰਚੀ ਕਰਾਰ ਦਿੱਤਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਤ ਡੀਜੇ ਸੰਚਾਲਕ ਨਿਸ਼ਾਨ ਸਿੰਘ ਨੇ ਸਾਹਮਣੇ ਆ ਕੇ ਸਥਿਤੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ ਕਿ ਇੰਟਰਨੈੱਟ ਮੀਡੀਆ 'ਤੇ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਸਮਾਗਮ 'ਚ ਕਰੋੜਾਂ ਰੁਪਏ ਦੀ ਬਾਰਿਸ਼ ਹੋਈ ਹੈ ਜਦਕਿ ਹਕੀਕਤ ਇਸ ਤੋਂ ਵੱਖਰੀ ਹੈ।
ਉਨ੍ਹਾਂ ਦੇ ਅਨੁਸਾਰ, ਜ਼ਿਆਦਾਤਰ 10-10 ਰੁਪਏ ਦੇ ਨੋਟ ਹੀ ਉਡਾਏ ਗਏ ਸਨ, ਜੋ ਰਿਸ਼ਤੇਦਾਰਾਂ ਵੱਲੋਂ ਖ਼ੁਸ਼ੀ ਦੇ ਮੌਕੇ 'ਤੇ ਬਰਸਾਏ ਗਏ। ਨਿਸ਼ਾਨ ਸਿੰਘ ਨੇ ਦਾਅਵਾ ਕੀਤਾ ਕਿ ਇਸ ਵਿਆਹ ਸਮਾਗਮ 'ਚ ਡੀਜੇ ਲਗਾਉਣ ਦੇ ਬਦਲੇ ਉਸ ਨੂੰ ਕਰੀਬ ਤਿੰਨ ਲੱਖ ਰੁਪਏ ਦਾ ਲਾਭ ਹੋਇਆ ਹੈ।
ਉਨ੍ਹਾਂ ਕਿਹਾ ਕਿ ਵਿਆਹ 'ਚ ਨੋਟ ਉਡਾਉਣਾ ਪਰਿਵਾਰ ਦੀ ਨਿੱਜੀ ਖ਼ੁਸ਼ੀ ਦਾ ਹਿੱਸਾ ਸੀ ਅਤੇ ਇਸ ਨੂੰ ਵਧਾਅ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਫਿਲਹਾਲ ਇਹ ਵੀਡੀਓ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਰਨਤਾਰਨ 'ਚ ਹੋਏ ਇਸ ਅਨੋਖੇ ਵਿਆਹ ਸਮਾਗਮ ਨੇ ਇੰਟਰਨੈੱਟ ਮੀਡੀਆ 'ਤੇ ਖ਼ਾਸਾ ਧਿਆਨ ਖਿੱਚਿਆ ਹੈ।