ਡੀਸੀ ਦੇ ਗੰਨਮੈਨ ਦੇ ਘਰ ਚੋਰਾਂ ਨੇ ਮਾਰਿਆ ਡਾਕਾ, ਲੱਖਾਂ ਦੀ ਨਕਦੀ ਤੇ ਸੋਨਾ ਲੈ ਕੇ ਫਰਾਰ
ਡਿਪਟੀ ਕਮਿਸ਼ਨਰ ਨਾਲ ਬਤੌਰ ਗੰਨਮੈਨ ਤਾਇਨਾਤ ਪੁਲਿਸ ਕਰਮਚਾਰੀ ਦੇ ਘਰੋਂ ਰਾਤ ਸਮੇਂ ਅਣਪਛਾਤੇ ਚੋਰਾਂ ਨੇ 12 ਲੱਖ ਕੀਮਤ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਪੰਜ ਲੱਖ ਦੀ ਨਕਦੀ ਚੋਰੀ ਕਰ ਲਈ। ਇਹ ਘਟਨਾ 19 ਜੂਨ ਨੂੰ ਉਸ ਵੇਲੇ ਵਾਪਰੀ ਜਦੋਂ ਪੁਲਿਸ ਕਰਮਚਾਰੀ ਰਾਤ ਨੂੰ ਗੁਰੂ ਘਰ ਗਿਆ ਹੋਇਆ ਸੀ।
Publish Date: Sun, 21 Jun 2026 01:15 PM (IST)
Updated Date: Sun, 21 Jun 2026 01:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ। ਡਿਪਟੀ ਕਮਿਸ਼ਨਰ ਨਾਲ ਬਤੌਰ ਗੰਨਮੈਨ ਤਾਇਨਾਤ ਪੁਲਿਸ ਕਰਮਚਾਰੀ ਦੇ ਘਰੋਂ ਰਾਤ ਸਮੇਂ ਅਣਪਛਾਤੇ ਚੋਰਾਂ ਨੇ 12 ਲੱਖ ਕੀਮਤ ਦੇ ਕਰੀਬ ਸੋਨੇ ਦੇ ਗਹਿਣੇ ਅਤੇ ਪੰਜ ਲੱਖ ਦੀ ਨਕਦੀ ਚੋਰੀ ਕਰ ਲਈ। ਇਹ ਘਟਨਾ 19 ਜੂਨ ਨੂੰ ਉਸ ਵੇਲੇ ਵਾਪਰੀ ਜਦੋਂ ਪੁਲਿਸ ਕਰਮਚਾਰੀ ਰਾਤ ਨੂੰ ਗੁਰੂ ਘਰ ਗਿਆ ਹੋਇਆ ਸੀ।
ਘਟਨਾ ਦਾ ਪਤਾ ਚੱਲਣ ’ਤੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਲਿਆ।
ਪੁਲਿਸ ਕਰਮਚਾਰੀ ਅਸ਼ੀਸ਼ਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪੱਖੋਕੇ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਨਾਲ ਬਤੌਰ ਗੰਨਮੈਨ ਤਾਇਨਾਤ ਹੈ। 19 ਜੂਨ ਦੀ ਰਾਤ ਉਹ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ।
ਪਿੱਛੇ ਘਰ ਵਿਚ ਉਸਦੀ ਮਾਤਾ ਅਤੇ ਭੈਣ ਸਨ। ਸਵੇਰੇ ਕਰੀਬ ਤਿੰਨ ਵਜੇ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਵਿਚ ਦਾਖਲ ਹੋਇਆ ਅਤੇ ਅਲਮਾਰੀ ਖੋਲ੍ਹ ਕੇ ਉਸਦੀ ਭੈਣ ਦੇ ਕਰੀਬ ਸਾਢੇ ਅੱਠ ਤੋਲੇ ਸੋਨੇ ਦੇ ਗਹਿਣੇ ਅਤੇ ਉਸ ਵੱਲੋਂ ਗੱਡੀ ਖਰੀਦਣ ਵਾਸਤੇ ਰੱਖੀ ਹੋਈ ਪੰਜ ਲੱਖ ਦੀ ਨਕਦੀ ਚੋਰੀ ਕਰਕੇ ਲੈ ਗਿਆ।
ਥਾਣਾ ਸਦਰ ਤਰਨਤਾਰਨ ਵਿਖੇ ਦਰਜ ਕੀਤੇ ਗਏ ਉਕਤ ਕੇਸ ਦੀ ਜਾਂਚ ਏ.ਐੱਸ.ਆਈ. ਇੰਦਰਜੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਚੋਰ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।