ਪੰਜਾਬ 'ਚ ਖ਼ੌਫ਼ਨਾਕ ਵਾਰਦਾਤ: ਮਾਂ-ਧੀ ਤੇ 5 ਸਾਲਾ ਬੱਚੀ ਨੂੰ ਬੰਧਕ ਬਣਾ ਕੇ ਲੱਖਾਂ ਦੀ ਲੁੱਟ; ਤਿੰਨ ਹਥਿਆਰਬੰਦ ਲੁਟੇਰਿਆਂ ਨੇ ਦੇਰ ਰਾਤ ਘਰ 'ਚ ਦਿੱਤਾ ਵਾਰਦਾਤ ਨੂੰ ਅੰਜਾਮ
ਖਡੂਰ ਸਾਹਿਬ ਹਲਕੇ ਦੇ ਪਿੰਡ ਨੌਰੰਗਾਬਾਦ ਵਿੱਚ ਦੇਰ ਰਾਤ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਮਾਂ, ਧੀ ਅਤੇ ਪੰਜ ਸਾਲਾ ਬੱਚੀ ਨੂੰ ਬੰਧਕ ਬਣਾ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣਿਆਂ ਅਤੇ ਹੋਰ ਕੀਮਤੀ ਸਮਾਨ ਦੀ ਲੁੱਟ ਕਰ ਲਈ।
Publish Date: Tue, 14 Jul 2026 10:07 AM (IST)
Updated Date: Tue, 14 Jul 2026 10:08 AM (IST)
ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਖਡੂਰ ਸਾਹਿਬ ਹਲਕੇ ਦੇ ਪਿੰਡ ਨੌਰੰਗਾਬਾਦ ਵਿੱਚ ਦੇਰ ਰਾਤ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਮਾਂ, ਧੀ ਅਤੇ ਪੰਜ ਸਾਲਾ ਬੱਚੀ ਨੂੰ ਬੰਧਕ ਬਣਾ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣਿਆਂ ਅਤੇ ਹੋਰ ਕੀਮਤੀ ਸਮਾਨ ਦੀ ਲੁੱਟ ਕਰ ਲਈ।
ਜਾਣਕਾਰੀ ਅਨੁਸਾਰ ਭਾਰਤੀ ਫ਼ੌਜ ਤੋਂ ਸੇਵਾਮੁਕਤ ਬਲਦੇਵ ਸਿੰਘ ਕਿਸੇ ਕੰਮ ਸਬੰਧੀ ਘਰ ਤੋਂ ਬਾਹਰ ਗਏ ਹੋਏ ਸਨ। ਘਰ ਵਿੱਚ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ, ਧੀ ਅਨਮੋਲਦੀਪ ਕੌਰ ਅਤੇ ਪੰਜ ਸਾਲਾ ਦੋਹਤੀ ਮੌਜੂਦ ਸਨ। ਰਾਤ ਕਰੀਬ 2 ਵਜੇ ਲੁਟੇਰੇ ਘਰ ਵਿੱਚ ਦਾਖਲ ਹੋ ਕੇ ਬਾਥਰੂਮ ਵਿੱਚ ਲੁਕ ਗਏ। ਜਿਵੇਂ ਹੀ ਬਲਜਿੰਦਰ ਕੌਰ ਬਾਥਰੂਮ ਵੱਲ ਗਈ ਤਾਂ ਮੁਲਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਕਮਰੇ ਵਿੱਚ ਲੈ ਜਾ ਕੇ ਤਿੰਨਾਂ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਰੀਬ 12 ਤੋਲੇ ਸੋਨੇ ਦੇ ਗਹਿਣੇ, ਨਕਦੀ, ਬੁਲੇਟ ਮੋਟਰਸਾਈਕਲ, ਤਿੰਨ ਮੋਬਾਈਲ ਫੋਨ, ਡੀਵੀਆਰ, ਗੈਸ ਚੁੱਲ੍ਹਾ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਲੁੱਟ ਲਏ।
ਸੂਚਨਾ ਮਿਲਣ 'ਤੇ ਡੀਐੱਸਪੀ ਹਰਿੰਦਰ ਸਿੰਘ ਅਤੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕਾਂ ਨੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।