
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਦੇ ਨਸ਼ੇ ਦੇ ਪੈਕਟਾਂ ਨੂੰ ਤਾਰਾਂ ਦੇ ਪਾਰ ਸੁੱਟਣਾ ਤੇ ਕਦੇ ਪਲਾਸਟਿਕ ਦੀ ਪਾਈਪ ਨਾਲ ਤਾਰ ਦੇ ਕਰੰਟ ਤੋਂ ਬਚ ਕੇ ਨਸ਼ਾ ਭਾਰਤੀ ਖੇਤਰ ’ਚ ਭੇਜਣਾ। ਪਰ ਕੁਝ ਸਾਲਾਂ ਤੋਂ ਤਸਕਰੀ ਲਈ ਹੋਂਦ ’ਚ ਆਈ ਡ੍ਰੋਨ ਨਾਮਕ ਨਵੀਂ ਤਕਨੀਕ ਤੇ ਇੰਟਰਨੈੱਟ ਦੀ ਵਰਤੋਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਨਾਲ ਨਜਿੱਠਣ ਲਈ ਜਿੱਥੇ ਸੁਰੱਖਿਆ ਏਜੰਸੀਆਂ ਡਟੀਆਂ ਹਨ, ਉੱਥੇ ਹੀ ਗਾਹੇ-ਬਗਾਹੇ ਗਲਤ ਥਾਂ ’ਤੇ ਡਿੱਗਾ ਡ੍ਰੋਨ ਜਾਂ ਤਸਕਰੀ ਦੀ ਖੇਪ ਸਰਹੱਦ ਕੋਲ ਵਸਦੇ ਆਮ ਕਿਸਾਨਾਂ ਨੂੰ ਵੀ ਸ਼ੱਕੀ ਬਣਾ ਦਿੰਦੀ ਹੈ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਭਾਰਤ-ਪਾਕਿਸਤਾਨ ਸਰਹੱਦ ’ਤੇ ਕੰਡਿਆਲੀ ਤਾਰ ਲੱਗਣ ਤੋਂ ਬਾਅਦ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ਦੇ ਕਈ ਰੂਪ ਸਾਹਮਣੇ ਆਉਂਦੇ ਰਹੇ ਹਨ। ਕਦੇ ਨਸ਼ੇ ਦੇ ਪੈਕਟਾਂ ਨੂੰ ਤਾਰਾਂ ਦੇ ਪਾਰ ਸੁੱਟਣਾ ਤੇ ਕਦੇ ਪਲਾਸਟਿਕ ਦੀ ਪਾਈਪ ਨਾਲ ਤਾਰ ਦੇ ਕਰੰਟ ਤੋਂ ਬਚ ਕੇ ਨਸ਼ਾ ਭਾਰਤੀ ਖੇਤਰ ’ਚ ਭੇਜਣਾ। ਪਰ ਕੁਝ ਸਾਲਾਂ ਤੋਂ ਤਸਕਰੀ ਲਈ ਹੋਂਦ ’ਚ ਆਈ ਡ੍ਰੋਨ ਨਾਮਕ ਨਵੀਂ ਤਕਨੀਕ ਤੇ ਇੰਟਰਨੈੱਟ ਦੀ ਵਰਤੋਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਇਸ ਨਾਲ ਨਜਿੱਠਣ ਲਈ ਜਿੱਥੇ ਸੁਰੱਖਿਆ ਏਜੰਸੀਆਂ ਡਟੀਆਂ ਹਨ, ਉੱਥੇ ਹੀ ਗਾਹੇ-ਬਗਾਹੇ ਗਲਤ ਥਾਂ ’ਤੇ ਡਿੱਗਾ ਡ੍ਰੋਨ ਜਾਂ ਤਸਕਰੀ ਦੀ ਖੇਪ ਸਰਹੱਦ ਕੋਲ ਵਸਦੇ ਆਮ ਕਿਸਾਨਾਂ ਨੂੰ ਵੀ ਸ਼ੱਕੀ ਬਣਾ ਦਿੰਦੀ ਹੈ।
ਕੌਮਾਂਤਰੀ ਸਰਹੱਦ ਨਾਲ ਵਸੇ ਤਰਨਤਾਰਨ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਸ ਦੀ 102 ਕਿਲੋਮੀਟਰ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਹ ਜ਼ਿਲ੍ਹਾ ਅਕਸਰ ਤਸਕਰੀ ਦੇ ਮਾਮਲੇ ’ਚ ਚਰਚਾ ’ਚ ਰਹਿੰਦਾ ਹੈ। ਸਰਹੱਦ ਨਾਲ ਲੱਗਦੇ ਪਿੰਡਾਂ ਦੇ ਕਈ ਨਾਮੀ ਤਸਕਰਾਂ ਦੇ ਨਾਂ ਵੀ ਪੁਲਿਸ ਸੂਚੀ ’ਚ ਦਰਜ ਹਨ। ਤਾਰ ਲੱਗਣ ਤੋਂ ਪਹਿਲਾਂ ਸਰਹੱਦ ਪਾਰ ਜਾ ਕੇ ਤਸਕਰੀ ਹੁੰਦੀ ਸੀ। ਫਿਰ ਢੰਗ ਤਰੀਕੇ ਬਦਲਦੇ ਗਏ ਤੇ ਅੱਜ ਡ੍ਰੋਨ ਤੇ ਇੰਟਰਨੈਟ ਦੀ ਤਕਨੀਕ ਨੇ ਤਸਕਰੀ ਨੂੰ ਆਧੁਨਿਕ ਮੁਕਾਮ ’ਤੇ ਪਹੁੰਚਾ ਦਿੱਤਾ ਹੈ।
ਹੁਣ ਵਿਸ਼ੇਸ਼ ‘ਐਪ’ ਰਾਹੀਂ ਤਸਕਰਾਂ ਦੀ ਗੱਲਬਾਤ ਹੁੰਦੀ ਹੈ ਤੇ ਲੋਕੇਸ਼ਨ ਭੇਜ ਕੇ ਡ੍ਰੋਨ ਰਾਹੀਂ ਖੇਪ ਤੈਅ ਕੀਤੀ ਥਾਂ ’ਤੇ ਮੰਗਵਾ ਲਈ ਜਾਂਦੀ ਹੈ, ਪਰ ਅਜਿਹੇ ’ਚ ਜੇਕਰ ਤਸਕਰੀ ਦਾ ਸਮਾਨ ਕਿਸੇ ਅਣਜਾਣ ਖੇਤ ’ਚ ਜਾ ਡਿੱਗਦਾ ਹੈ, ਤਾਂ ਉਸ ਦਾ ਮਾਲਕ ਕਿਸਾਨ ਸੁਰੱਖਿਆ ਏਜੰਸੀਆਂ ਦੀ ਨਜ਼ਰ ’ਚ ਸ਼ੱਕੀ ਬਣ ਜਾਂਦਾ ਹੈ, ਜਿਸ ਨੂੰ ਲੈ ਕੇ ਸਰਹੱਦੀ ਕਿਸਾਨਾਂ ਅੰਦਰ ਵੀ ਚਿੰਤਾ ਬਣੀ ਰਹੰਦੀ ਹੈ।
ਬਾਕਸ- ਸਰਕਾਰ ਨੇ ਸਥਾਪਿਤ ਕੀਤਾ ਐਂਟੀ ਡ੍ਰੋਨ ਸਿਸਟਮ
ਡ੍ਰੋਨ ਨਾਲ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵਲੋਂ ਐਂਟੀ ਡ੍ਰੋਨ ਸਿਸਟਮ ‘ਬਾਜ ਅੱਖ’ ਵੀ ਸਥਾਪਿਤ ਕੀਤਾ ਗਿਆ ਹੈ। ਇਸ ਦੀ ਪਹਿਲੀ ਪਰਖ ਵੀ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚ ਕੀਤੀ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਦਾ ਰਸਮੀ ਉਦਘਾਟਨ ਵੀ ਤਰਨਤਾਰਨ ਤੋਂ ਹੀ ਕੀਤਾ ਸੀ। ਇਸ ਵਿਧੀ ਨਾਲ ਕਈ ਡ੍ਰੋਨ ਗਤੀਵਿਧੀਆਂ ਨੂੰ ਦਰਜ ਕਰਕੇ ਪੁਲਿਸ ਤੇ ਬੀਐੱਸਐੱਫ ਨੇ ਰਿਕਵਰੀ ਵੀ ਕੀਤੀ ਹੈ।
ਬਾਕਸ- 31 ਡ੍ਰੋਨ, 50 ਪਿਸਤੌਲ ਤੇ 50 ਕਿਲੋ ਹੈਰੋਇਨ ਬਰਾਮਦ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਡ੍ਰੋਨ ਨਾਲ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ’ਤੇ ਪੁਲਿਸ ਦੀ ਤਿੱਖੀ ਨਜ਼ਰ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਨਾਲ ਤਾਲਮੇਲ ਰਾਹੀਂ 1 ਜਨਵਰੀ ਤੋਂ 9 ਅਗਸਤ ਤਕ ਡ੍ਰੋਨ ਗਤੀਵਿਧੀਆਂ ਨਾਲ ਸਬੰਧਤ 79 ਮੁਕੱਦਮੇਂ ਦਰਜ ਕੀਤੇ ਗਏ ਹਨ। ਜਿਨ੍ਹਾਂ ’ਚ 26 ਲੋਕਾਂ ਦੀ ਗ੍ਰਿਫਤਾਰੀ ਵੀ ਹੋਈ। ਉਨ੍ਹਾਂ ਦੱਸਿਆ ਕਿ 31 ਡ੍ਰੋਨ ਬਰਾਮਦ ਕਰਨ ਦੇ ਨਾਲ-ਨਾਲ 50 ਕਿਲੋ 161 ਗ੍ਰਾਮ ਹੈਰੋਇਨ, 3 ਕਿਲੋ 783 ਗ੍ਰਾਮ ਅਫੀਮ, 50 ਪਿਸਤੌਲ, 1 ਰਿਵਾਲਵਰ, 32 ਮੈਗਜ਼ੀਨ ਤੇ 297 ਕਾਰਤੂਸ ਵੀ ਬਰਾਮਦ ਹੋਏ ਹਨ। ਐੱਸਐੱਸਪੀ ਨੇ ਦੱਸਿਆ ਕਿ ਡ੍ਰੋਨ ਰਾਹੀਂ ਸਮੱਗਲਿੰਗ ਨਾਲ ਜੁੜੇ ਲੋਕਾਂ ਦੀ ਪਛਾਣ ਵਾਸਤੇ ਮਨੁੱਖੀ ਸਰੋਤਾਂ ਤੇ ਤਕਨੀਕੀ ਵਿਧੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਬਾਕਸ- ਤਸਕਰੀ ਦੀ ਨਵੀਂ ਤਕਨੀਕ ਸਰਹੱਦੀ ਕਿਸਾਨਾਂ ਲਈ ਪ੍ਰੇਸ਼ਾਨੀ : ਭੂਰਾ
ਬਾਰਡਰ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਕਿਹਾ ਕਿ ਡ੍ਰੋਨ ਰਾਹੀਂ ਹੋਣ ਵਾਲੀ ਤਸਕਰੀ ਸਰਹੱਦੀ ਕਿਸਾਨਾਂ ਲਈ ਵੱਡੀ ਸਿਰਦਰਦੀ ਸਾਬਿਤ ਹੋ ਰਹੀ ਹੈ। ਭੂਰਾ ਨੇ ਕਿਹਾ ਕਿ ਡ੍ਰੋਨ ਰਾਹੀਂ ਆਈਆਂ ਖੇਪਾਂ ਨੂੰ ਸਰਹੱਦ ਨਾਲ ਲੱਗਦੇ ਖੇਤਾਂ ’ਚ ਸੁੱਟ ਦਿੱਤਾ ਜਾਂਦਾ ਹੈ, ਜਿਸ ਦੀ ਲੋਕੇਸ਼ਨ ਸ਼ਾਇਦ ਮੰਗਵਾਉਣ ਵਾਲਿਆਂ ਨੂੰ ਮਿਲਦੀ ਹੋਵੇਗੀ। ਉਨ੍ਹਾਂ ਦੇ ਖੇਪ ਚੁੱਕਣ ਤੋਂ ਪਹਿਲਾਂ ਜੇਕਰ ਪੁਲਿਸ ਜਾਂ ਬੀਐੱਸਐੱਫ ਦੇ ਹੱਥ ਲੱਗ ਜਾਂਦੀ ਹੈ, ਤਾਂ ਜਿਸ ਦੇ ਖੇਤ ਵਿਚ ਇਹ ਖੇਪ ਡਿੱਗਦੀ ਹੈ, ਉਹ ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ’ਚ ਸ਼ੱਕੀ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਰਾਤ ਨੂੰ ਕਈ ਵਾਰ ਆਮ ਕਿਸਾਨ ਵਜੋਂ ਸੌਣ ਵਾਲਾ ਵਿਅਕਤੀ ਸਵੇਰੇ ਉੱਠਦਿਆਂ ਹੀ ਸ਼ੱਕੀ ਤਸਕਰ ਬਣ ਜਾਂਦਾ ਹੈ।