ਦੱਸਣਾ ਬਣਦਾ ਹੈ ਕਿ ਹਰਮੀਤ ਸਿੰਘ ਸੰਧੂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਰਨਤਾਰਨ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਜਿੱਤੇ ਸਨ। 2007 ’ਚ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਅਤੇ ਉਹ ਕਾਂਗਰਸ ਦੇ ਮਨਜੀਤ ਸਿੰਘ ਘਸੀਟਪੁਰਾ ਨੂੰ ਜਿਤਾ ਕੇ ਉਸ ਵੇਲੇ ਸੱਤਾ ’ਚ ਆਈ ਪਾਰਟੀ ਦੇ ਵਿਧਾਇਕ ਬਣ ਗਏ
ਜਸਪਾਲ ਸਿੰਘ ਜੱਸੀ,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਜਿੰਮੇਵਾਰੀ ਨਿਭਾਅ ਰਹੇ ਹਰਮੀਤ ਸਿੰਘ ਸੰਧੂ ਨੇ ਮੰਗਲਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰ ਸਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਭੇਜ ਅਸਤੀਫੇ ਵਿਚ ਉਨ੍ਹਾਂ ਨੇ ਬੇਸ਼ੱਕ ਇਸ ਪਿੱਛੇ ਨਿੱਜੀ ਕਾਰਨ ਦੱਸਿਆ ਹੈ। ਪਰ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਪਾਰਟੀ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ ਇਕ ਵਾਰ ਫਿਰ ਤੋਂ ਉਜਾਗਰ ਹੋ ਸਕਦੀਆਂ ਹਨ। ਹਾਲਾਂਕਿ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਕੁਝ ਦਿਨਾਂ ਵਿਚ ਹੀ ਵਰਕਰਾਂ ਨਾਲ ਮੀਟਿੰਗ ਕਰਕੇ ਅਗਲੇ ਕਦਮ ਸਬੰਧੀ ਫੈਸਲਾ ਲੈਣਗੇ।
ਦੱਸਣਾ ਬਣਦਾ ਹੈ ਕਿ ਹਰਮੀਤ ਸਿੰਘ ਸੰਧੂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਤਰਨਤਾਰਨ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਜਿੱਤੇ ਸਨ। 2007 ’ਚ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਅਤੇ ਉਹ ਕਾਂਗਰਸ ਦੇ ਮਨਜੀਤ ਸਿੰਘ ਘਸੀਟਪੁਰਾ ਨੂੰ ਜਿਤਾ ਕੇ ਉਸ ਵੇਲੇ ਸੱਤਾ ’ਚ ਆਈ ਪਾਰਟੀ ਦੇ ਵਿਧਾਇਕ ਬਣ ਗਏ। ਜਦੋਕਿ 2012 ’ਚ ਮੁੜ ਹਰਮੀਤ ਸਿੰਘ ਸੰਧੂ ਨੇ ਅਕਾਲੀ ਦਲ ਵੱਲੋਂ ਚੋਣ ਲੜੀ ਅਤੇ ਕਾਂਗਰਸ ਦੇ ਡਾ. ਧਰਮਬੀਰ ਅਗਨੀਹੋਤਰੀ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ। ਦੋ ਵਾਰ ਸੱਤਾ ’ਚ ਆਈ ਅਕਾਲੀ ਦਲ ਦੀ ਸਰਕਾਰ ਸਮੇਂ ਹਰਮੀਤ ਸਿੰਘ ਸੰਧੂ ਨੂੰ ਦੋ ਵਾਰ ਮੁੱਖ ਪਾਰਲੀਮਾਨੀ ਸਕੱਤਰ ਵੀ ਬਣਾਇਆ ਗਿਆ ਅਤੇ ਇਕ ਵਾਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀ ਬਣਾਏ ਗਏ। ਜਦੋਂਕਿ ਸੁਖਬੀਰ ਸਿੰਘ ਬਾਦਲ ਦੀ ਗੁੱਡ ਬੁੱਕ ਵਿਚ ਜਾਣੇ ਜਾਂਦੇ ਹਰਮੀਤ ਸਿੰਘ ਸੰਧੂ ਪਾਰਟੀ ਦੇ ਵੱਖ ਵੱਖ ਅਹੁਦਿਆਂ ਦੀ ਵੀ ਜਿੰਮੇਵਾਰੀ ਨਿਭਾਉਂਦੇ ਰਹੇ ਹਨ। ਪਿਛਲੇ ਕੁਝ ਮਹੀਨਿਆਂ ਤੋਂ ਹਰਮੀਤ ਸਿੰਘ ਸੰਧੂ ਦੇ ਅਕਾਲੀ ਦਲ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਉੱਠਦੀਆਂ ਰਹੀਆਂ ਹਨ। ਪਰ ਇਨ੍ਹਾਂ ਚਰਚਾਵਾਂ ਸਬੰਧੀ ਉਨ੍ਹਾਂ ਦਾ ਕੋਈ ਬਿਆਨ ਜਾ ਜਵਾਬ ਨਹੀਂ ਸੀ ਆਇਆ। ਹੁਣ ਮੰਗਲਵਾਰ ਨੂੰ ਅਚਾਨਕ ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੂੰ ਉਨ੍ਹਾਂ ਨੇ ਬਹੁਤ ਹੀ ਸੰਖੇਪ ਵਿਚ ਅਸਤੀਫਾ ਲਿਖਿਆ ਤੇ ਅਸਤੀਫੇ ਪਿੱਛੇ ਨਿੱਜੀ ਕਾਰਨ ਦੱਸੇ ਹਨ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੁਝ ਦਿਨਾਂ ਵਿਚ ਹੀ ਆਪਣੇ ਸਮਰਥਕਾਂ ਤੇ ਵਰਕਰਾਂ ਨਾਲ ਮੀਟਿੰਗ ਕਰਕੇ ਅੱਗੇ ਦੀ ਰਣਨੀਤੀ ਦਾ ਫੈਸਲਾ ਲੈਣਗੇ। ਫਿਲਹਾਲ ਇਸ ਬਾਰੇ ਕੁਝ ਕਿਹਣਾ ਬਿਹਤ ਨਹੀਂ ਹੋਵੇਗਾ।