- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਣਯੋਗ ਹੈ ਕਿ ਸੈਨਟਰੀ ਇੰਸਪੈਕਟਰ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਇਕ ਕਰਮਚਾਰੀ ਵੱਲੋਂ 13 ਸਤੰਬਰ ਤੋਂ ਓਟ ਸੈਂਟਰਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਠਰੂ, ਝਬਾਲ, ਘਰਿਆਲਾ ਅਤੇ ਸਰਹਾਲੀ ਕਲਾਂ ਦੇ ਓਟ ਸੈਂਟਰਾਂ ਦੀ ਜਾਂਚ ਕੀਤੀ ਗਈ।

ਕਿਰਪਾਲ ਸਿੰਘ ਰੰਧਾਵਾ, ਪੰਜਾਬੀ ਜਾਗਰਣ, ਹਰੀਕੇ ਪੱਤਣ : ਤਰਨਤਾਰਨ ਦੇ ਓਟ ਸੈਂਟਰਾਂ ਦੀ ਸਰਵੇ ਦੇ ਨਾਂ ’ਤੇ ਕੀਤੀ ਗਈ ਕਥਿਤ ਜਾਂਚ ਦਾ ਮਾਮਲਾ ‘ਪੰਜਾਬੀ ਜਾਗਰਣ’ ਵੱਲੋਂ ਪ੍ਰਮੁੱਖਤਾ ਨਾਲ ਉਜਾਗਰ ਕੀਤੇ ਜਾਣ ਮਗਰੋਂ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ। ਸਿਹਤ ਵਿਭਾਗ ਨੇ ਮਾਮਲੇ ਦੀ ਪੜਤਾਲ ਲਈ ਜ਼ਿਲ੍ਹੇ ਤੋਂ ਬਾਹਰਲੇ ਅਧਿਕਾਰੀਆਂ ਦੀ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਹੈ। ਕਮੇਟੀ ਵਿੱਚ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ, ਡਰੱਗ ਕੰਟਰੋਲ ਅਫ਼ਸਰ ਅਤੇ ਸਿਵਲ ਹਸਪਤਾਲ ਜਲੰਧਰ ਦੇ ਸਾਇਕੈਟ੍ਰਿਸਟ ਨੂੰ ਸ਼ਾਮਲ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਕਮੇਟੀ ਵਿੱਚ ਤਰਨਤਾਰਨ ਜ਼ਿਲ੍ਹੇ ਦਾ ਕੋਈ ਅਧਿਕਾਰੀ ਨਹੀਂ ਹੈ। ਜਾਂਚ ਟੀਮ ਨੂੰ ਤਿੰਨ ਦਿਨਾਂ ਵਿੱਚ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਸੈਨਟਰੀ ਇੰਸਪੈਕਟਰ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਇਕ ਕਰਮਚਾਰੀ ਵੱਲੋਂ 13 ਸਤੰਬਰ ਤੋਂ ਓਟ ਸੈਂਟਰਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਠਰੂ, ਝਬਾਲ, ਘਰਿਆਲਾ ਅਤੇ ਸਰਹਾਲੀ ਕਲਾਂ ਦੇ ਓਟ ਸੈਂਟਰਾਂ ਦੀ ਜਾਂਚ ਕੀਤੀ ਗਈ। ਕਥਿਤ ਤੌਰ ’ਤੇ ਅਣਅਧਿਕਾਰਤ ਦੱਸੀ ਜਾ ਰਹੀ ਇਸ ਜਾਂਚ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਜ਼ਿਲ੍ਹਾ ਸਿਹਤ ਮੁਖੀ ਵੱਲੋਂ ਇਸ ਨੂੰ ਸਰਵੇ ਦੱਸਿਆ ਗਿਆ ਸੀ।
‘ਪੰਜਾਬੀ ਜਾਗਰਣ’ ਵੱਲੋਂ ‘ਸੈਨਟਰੀ ਇੰਸਪੈਕਟਰ ਕੋਲੋਂ ਕਰਵਾਈ ਓਟ ਸੈਂਟਰ ਦੀ ਚੈਕਿੰਗ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ ਸਰਕਾਰ ਨੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਬਾਹਰੀ ਅਧਿਕਾਰੀਆਂ ਤੋਂ ਪੜਤਾਲ ਕਰਵਾਉਣ ਦੇ ਹੁਕਮ ਦਿੱਤੇ ਹਨ। ਹੁਣ ਜਾਂਚ ਰਿਪੋਰਟ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਓਟ ਸੈਂਟਰਾਂ ਦੀ ਜਾਂਚ ਦੌਰਾਨ ਉੱਠੇ ਸਵਾਲਾਂ ਦੀ ਅਸਲ ਤਸਵੀਰ ਕੀ ਹੈ ਅਤੇ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।
ਕਥਿਤ ਲੈਣ-ਦੇਣ ਦੇ ਵਾਅਦਾ ਮੁਆਫ਼ ਗਵਾਹ ਦੇ ਸਾਹਮਣੇ ਆਉਣ ਮਗਰੋਂ ਪਲਟਿਆ ਪਾਸਾ
ਜ਼ਿਲ੍ਹਾ ਸਿਵਲ ਸਰਜਨ ਡਾ. ਸੰਦੀਪ ਧਵਨ ਇਸ ਜਾਂਚ ਨੂੰ ਸਰਵੇ ਦੱਸਦਿਆਂ ਮਰੀਜ਼ਾਂ ਦੀ ਦਵਾਈ ਘਟਾਉਣ ਜਾਂ ਸਿਹਤਯਾਬ ਹੋਣ ਦੀ ਸੂਰਤ ਵਿੱਚ ਦਵਾਈ ਬੰਦ ਕਰਨ ਦਾ ਤਰਕ ਦਿੰਦੇ ਰਹੇ ਹਨ। ਹਾਲਾਂਕਿ, ਇਕ ਨਾਮੀ ਮੈਡੀਕਲ ਸਟੋਰ ਰਾਹੀਂ ਹੋਏ ਕਥਿਤ ‘ਲੈਣ-ਦੇਣ’ ਦੇ ਵਾਅਦਾ ਮੁਆਫ਼ ਗਵਾਹ ਦੇ ਸਾਹਮਣੇ ਆਉਣ ਮਗਰੋਂ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਹੁਣ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋਵੇਗਾ।
ਉੱਚ ਅਧਿਕਾਰੀਆਂ ਦੇ ਧਿਆਨ ’ਚ ਆਉਣ ਮਗਰੋਂ ਜਾਂਚ ਸ਼ੁਰੂ
ਸੂਤਰਾਂ ਅਨੁਸਾਰ ਓਟ ਸੈਂਟਰਾਂ ਨਾਲ ਸਬੰਧਤ ਮਾਮਲਾ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਹਤਿੰਦਰ ਕੌਰ, ਸਕੱਤਰ ਆਈਏਐੱਸ ਅਧਿਕਾਰੀ ਸਾਕਸ਼ੀ ਸਾਹਨੀ, ਨਸ਼ਾ ਛੁਡਾਊ ਪ੍ਰੋਗਰਾਮ ਦੇ ਸਟੇਟ ਨੋਡਲ ਅਫ਼ਸਰ ਡਾ. ਸੰਦੀਪ ਭੋਲਾ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਦੇ ਮੁਖੀ ਸ਼ਾਲੀਨ ਮਿੱਤਰਾ ਦੇ ਧਿਆਨ ਵਿੱਚ ਆਉਣ ਮਗਰੋਂ ਵਿਭਾਗ ਨੇ ਜਾਂਚ ਸ਼ੁਰੂ ਕੀਤੀ। ਜਾਂਚ ਟੀਮ ਨੂੰ ਤਿੰਨ ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰਿਪੋਰਟ ਮਗਰੋਂ ਹੀ ਮਾਮਲੇ ਦੀ ਅਸਲ ਤਸਵੀਰ ਅਤੇ ਵਿਭਾਗ ਦੀ ਅਗਲੀ ਕਾਰਵਾਈ ਸਪੱਸ਼ਟ ਹੋਵੇਗੀ।
ਸਿਹਤ ਮੰਤਰੀ ਨੇ ਵੀ ਜ਼ਿਲ੍ਹੇ ਦੇ ਦੋ ਅਧਿਕਾਰੀ ਤਲਬ ਕੀਤੇ
ਭਰੋਸੇਯੋਗ ਸੂਤਰਾਂ ਅਨੁਸਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਤਰਨਤਾਰਨ ਦੇ ਓਟ ਸੈਂਟਰਾਂ ਨਾਲ ਜੁੜੇ ਮਾਮਲੇ ਨੂੰ ਲੈ ਕੇ ਨਾਰਾਜ਼ ਹਨ। ਉਨ੍ਹਾਂ ਨੇ ਜ਼ਿਲ੍ਹੇ ਦੇ ਦੋ ਅਧਿਕਾਰੀਆਂ ਨੂੰ ਚੰਡੀਗੜ੍ਹ ਤਲਬ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਫੌਰੀ ਤਲਬ ਕਰਨ ਨੂੰ ਵਿਭਾਗੀ ਕੰਮਕਾਜ ਵਿੱਚ ਲਾਪਰਵਾਹੀ ਜਾਂ ਮਨਮਰਜ਼ੀ ਪ੍ਰਤੀ ਸਖ਼ਤ ਰੁਖ ਵਜੋਂ ਦੇਖਿਆ ਜਾ ਰਿਹਾ ਹੈ। ਨਸ਼ਾ ਵਿਰੋਧੀ ਮੁਹਿੰਮ ਦੇ ਮੱਦੇਨਜ਼ਰ ਓਟ ਸੈਂਟਰਾਂ ਨਾਲ ਜੁੜਿਆ ਮਾਮਲਾ ਵਿਭਾਗ ਲਈ ਵੀ ਅਹਿਮ ਬਣਿਆ ਹੋਇਆ ਹੈ।