ਗੈਂਗਸਟਰ ਅੰਮ੍ਰਿਤਪਾਲ ਬਾਠ ਕੈਨੇਡਾ 'ਚ ਗ੍ਰਿਫ਼ਤਾਰ, ਵਿਧਾਨ ਸਭਾ 'ਚ ਅਕਾਲੀ ਦਲ 'ਤੇ ਵਰ੍ਹੇ ਵਿਧਾਇਕ ਹਰਮੀਤ ਸਿੰਘ ਸੰਧੂ; ਗੈਂਗਸਟਰਵਾਦ ਨੂੰ ਹੱਲਾਸ਼ੇਰੀ ਦੇਣ ਦੇ ਲਾਏ ਦੋਸ਼
ਵਿਧਾਨ ਸਭਾ 'ਚ ਸੰਬੋਧਨ ਕਰਦਿਆਂ ਹਰਮੀਤ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਵੱਲੋਂ ਗੈਂਗਸਟਰਵਾਦ ਨੂੰ ਲਗਾਤਾਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਗੈਂਗਸਟਰਵਾਦ ਖ਼ਿਲਾਫ਼ ਮਿਲ ਕੇ ਲੜਾਈ ਲੜਨੀ ਚਾਹੀਦੀ ਹੈ, ਤਾਂ ਜੋ ਪੰਜਾਬ 'ਚ ਸ਼ਾਂਤੀਪੂਰਨ ਮਾਹੌਲ ਕਾਇਮ ਰਹਿ ਸਕੇ।
Publish Date: Fri, 23 Oct 2026 01:32 PM (IST)
Updated Date: Fri, 23 Oct 2026 01:34 PM (IST)
ਧਰਮਬੀਰ ਸਿੰਘ ਮਲਹਾਰ, ਜਾਗਰਣ ਤਰਨਤਾਰਨ : ਕੇਂਦਰ ਸਰਕਾਰ ਵੱਲੋਂ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨੂੰ ਕੈਨੇਡਾ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਸਦਨ ਨੂੰ ਸੰਬੋਧਨ ਕਰਦਿਆਂ ਦਿੱਤੀ। ਕੈਨੇਡਾ ਦੇ ਸਰੀ ਬਾਰਡਰ ਤੋਂ ਬਾਠ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਂਝੀ ਕਰਦਿਆਂ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ।
ਪਿੰਡ ਮੀਆਂਪੁਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਬਾਠ ਖ਼ਿਲਾਫ਼ ਕਤਲ ਅਤੇ ਨਸ਼ਿਆਂ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਉਹ ਜਾਅਲੀ ਪਾਸਪੋਰਟ 'ਤੇ ਕੈਨੇਡਾ ਭੱਜ ਗਿਆ ਸੀ। ਉਸ 'ਤੇ 14 ਜਨਵਰੀ 2024 ਨੂੰ ਝਬਾਲ ਦੇ ਸਰਪੰਚ ਮੁਨੀਸ਼ ਕੁਮਾਰ ਮੋਨੂੰ ਚੀਮਾ ਦਾ ਕਤਲ ਕਰਵਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਪਿੰਡ ਲਾਲੂ ਘੁੰਮਣ ਦੇ ਬਜ਼ੁਰਗ ਸਰਪੰਚ ਦੇ ਕਤਲ ਦੇ ਮਾਮਲੇ 'ਚ ਵੀ ਬਾਠ ਨੂੰ ਨਾਮਜ਼ਦ ਕੀਤਾ ਗਿਆ ਸੀ।
ਨਵੰਬਰ 2025 'ਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਵੱਲੋਂ ਬਾਠ ਦੀ ਸੱਸ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਬਾਠ ਦੀ ਪਤਨੀ ਕੰਚਨਪ੍ਰੀਤ ਕੌਰ ਰੰਧਾਵਾ ਨੂੰ ਹਲਕੇ ਦਾ ਇੰਚਾਰਜ ਲਾਇਆ ਗਿਆ।
ਵਿਧਾਨ ਸਭਾ 'ਚ ਸੰਬੋਧਨ ਕਰਦਿਆਂ ਹਰਮੀਤ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਅਕਾਲੀ ਦਲ ਵੱਲੋਂ ਗੈਂਗਸਟਰਵਾਦ ਨੂੰ ਲਗਾਤਾਰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਗੈਂਗਸਟਰਵਾਦ ਖ਼ਿਲਾਫ਼ ਮਿਲ ਕੇ ਲੜਾਈ ਲੜਨੀ ਚਾਹੀਦੀ ਹੈ, ਤਾਂ ਜੋ ਪੰਜਾਬ 'ਚ ਸ਼ਾਂਤੀਪੂਰਨ ਮਾਹੌਲ ਕਾਇਮ ਰਹਿ ਸਕੇ।