- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੇਪਾਲ ’ਚ ਭਿਆਨਕ ਤਬਾਹੀ ਤੋਂ ਬਾਅਦ ਆਪਣਿਆਂ ਦੀ ਖਬਰ ਨਾ ਆਉਣ ਕਰਕੇ ਪਰਿਵਾਰ ਸਦਮੇ ਦੇ ਹਲਾਤਾਂ ’ਚ ਹੈ। ਸ਼ਮਸ਼ੇਰ ਸਿੰਘ ਨੇਪਾਲ ਵਿਖੇ ਐਨਡਰਿਟਜ਼ ਕੰਪਨੀ ਦੇ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰੋਜੈਕਟ ’ਚ ਕਰੇਨ ਆਪਰੇਟਰ ਵਜੋਂ ਨੌਕਰੀ ਕਰਦਾ ਹੈ। ਦੂਜੇ ਪਾਸੇ ਕਈ ਦਿਨ ਦੀ ਉਡੀਕ ਤੋਂ ਬਾਅਦ ਸ਼ਮਸ਼ੇਰ ਸਿੰਘ ਦਾ ਚਾਚਾ ਕੁਲਵੰਤ ਸਿੰਘ ਆਪਣਿਆਂ ਦੀ ਖਬਰ ਲੈਣ ਵਾਸਤੇ ਨੇਪਾਲ ਰਵਾਨਾ ਹੋ ਗਿਆ ਹੈ।

ਰਾਕੇਸ਼ ਨਈਅਰ, •ਪੰਜਾਬੀ ਜਾਗਰਣ, ਚੋਹਲਾ ਸਾਹਿਬ : ਨੇਪਾਲ ’ਚ 26 ਅਗਸਤ ਨੂੰ ਆਏ ਭਿਆਨਕ ਹੜ੍ਹ ਦੀ ਤਬਾਹੀ ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਦਾ ਪਰਿਵਾਰ ਆਪਣੇ ਲਾਪਤਾ ਜੀਅ ਦੀ ਸਲਾਮਤੀ ਲਈ ਚਿੰਤਾ ’ਚ ਹਨ। ਪਿੰਡ ਵਾਸੀ ਸਮਸ਼ੇਰ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਦੋ ਰਿਸ਼ਤੇਦਾਰਾਂ ਭੁਪਿੰਦਰ ਸਿੰਘ ਤੇ ਰਛਪਾਲ ਸਿੰਘ ਸਣੇ ਹੜ੍ਹ ਤੋਂ ਬਾਅਦ ਲਾਪਤਾ ਹੈ। ਤਿੰਨਾਂ ਨਾਲ 25 ਅਗਸਤ ਤੋਂ ਬਾਅਦ ਪਰਿਵਾਰ ਦਾ ਕੋਈ ਸੰਪਰਕ ਨਹੀਂ ਹੋ ਸਕਿਆ। ਨੇਪਾਲ ’ਚ ਭਿਆਨਕ ਤਬਾਹੀ ਤੋਂ ਬਾਅਦ ਆਪਣਿਆਂ ਦੀ ਖਬਰ ਨਾ ਆਉਣ ਕਰਕੇ ਪਰਿਵਾਰ ਸਦਮੇ ਦੇ ਹਲਾਤਾਂ ’ਚ ਹੈ। ਸ਼ਮਸ਼ੇਰ ਸਿੰਘ ਨੇਪਾਲ ਵਿਖੇ ਐਨਡਰਿਟਜ਼ ਕੰਪਨੀ ਦੇ ਤ੍ਰਿਸ਼ੂਲ ਅੱਪਰ ਪਾਵਰ ਹਾਊਸ ਪ੍ਰੋਜੈਕਟ ’ਚ ਕਰੇਨ ਆਪਰੇਟਰ ਵਜੋਂ ਨੌਕਰੀ ਕਰਦਾ ਹੈ। ਦੂਜੇ ਪਾਸੇ ਕਈ ਦਿਨ ਦੀ ਉਡੀਕ ਤੋਂ ਬਾਅਦ ਸ਼ਮਸ਼ੇਰ ਸਿੰਘ ਦਾ ਚਾਚਾ ਕੁਲਵੰਤ ਸਿੰਘ ਆਪਣਿਆਂ ਦੀ ਖਬਰ ਲੈਣ ਵਾਸਤੇ ਨੇਪਾਲ ਰਵਾਨਾ ਹੋ ਗਿਆ ਹੈ।
ਪਰਿਵਾਰ ਨਾਲ ਗੱਲਬਾਤ ਦੌਰਾਨ ਸਮਸ਼ੇਰ ਸਿੰਘ ਦੇ ਚਾਚਾ ਕੁਲਵੰਤ ਸਿੰਘ ਨੇ ਦੱਸਿਆ ਕਿ ਸਮਸ਼ੇਰ ਸਿੰਘ ਕੋਲ ਬਹੁਤ ਥੋੜ੍ਹੀ ਜ਼ਮੀਨ ਹੋਣ ਕਾਰਨ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਸੀ। ਇਸੇ ਕਰਕੇ ਉਹ ਕਰੀਬ ਚਾਰ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਨੇਪਾਲ ਗਿਆ। ਉਸ ਦਾ ਸਾਲਾ ਭੁਪਿੰਦਰ ਸਿੰਘ ਪਹਿਲਾਂ ਤੋਂ ਹੀ ਨੇਪਾਲ ’ਚ ਕੰਮ ਕਰ ਰਿਹਾ ਸੀ, ਜਦਕਿ ਬਾਅਦ ’ਚ ਉਸ ਦੇ ਦੂਜੇ ਸਾਲੇ ਹਰਜਿੰਦਰ ਸਿੰਘ ਦਾ ਪੁੱਤਰ ਰਛਪਾਲ ਸਿੰਘ ਵੀ ਉਨ੍ਹਾਂ ਕੋਲ ਨੇਪਾਲ ਚਲਾ ਗਿਆ। ਪਰਿਵਾਰ ਮੁਤਾਬਕ ਸਮਸ਼ੇਰ ਸਿੰਘ ਹੀ ਘਰ ਦੀ ਆਰਥਿਕ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਸਮਸ਼ੇਰ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ’ਚ ਹੁਣ ਉਸ ਦੀ ਪਤਨੀ ਬਲਜਿੰਦਰ ਕੌਰ, ਦੋ ਬੇਟੀਆਂ ਤੇ ਇਕ ਬੇਟਾ ਹੈ। ਵੱਡੀ ਬੇਟੀ ਦਿਲਰੋਜ ਕੌਰ 12ਵੀਂ, ਦੂਜੀ ਬੇਟੀ ਅਨਮੋਲਦੀਪ ਕੌਰ 11ਵੀਂ ਤੇ ਸਭ ਤੋਂ ਛੋਟਾ ਬੇਟਾ ਗੁਰਨੂਰ ਸਿੰਘ ਸੱਤਵੀਂ ਕਲਾਸ ’ਚ ਪੜ੍ਹ ਰਹੇ ਹਨ।
- ਪਤੀ, ਭਰਾ ਤੇ ਭਤੀਜੇ ਦੇ ਲਾਪਤਾ ਹੋਣ ਦਾ ਦਰਦ ਹੰਢਾ ਰਹੀ ਹੈ ਬਲਜਿੰਦਰ ਕੌਰ
ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਇਸੇ ਸਾਲ ਜਨਵਰੀ ਮਹੀਨੇ ਪਿੰਡ ਆਇਆ ਸੀ ਤੇ ਕਰੀਬ ਇਕ ਮਹੀਨਾ ਘਰ ਰਹਿਣ ਤੋਂ ਬਾਅਦ ਮੁੜ ਨੇਪਾਲ ਚਲਾ ਗਿਆ। ਉਸ ਨਾਲ 25 ਅਗਸਤ ਨੂੰ ਆਖਰੀ ਵਾਰ ਫੋਨ ’ਤੇ ਗੱਲ ਹੋਈ ਸੀ। ਇਸ ਤੋਂ ਬਾਅਦ ਉਸ ਦੇ ਪਤੀ ਸਮਸ਼ੇਰ ਸਿੰਘ, ਭਰਾ ਭੁਪਿੰਦਰ ਸਿੰਘ ਤੇ ਭਤੀਜੇ ਰਛਪਾਲ ਸਿੰਘ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਹਰ ਲੰਘਦੇ ਦਿਨ ਨਾਲ ਪਰਿਵਾਰ ਦੀ ਚਿੰਤਾ ਵਧਦੀ ਜਾ ਰਹੀ ਹੈ ਤੇ ਉਹ ਤਿੰਨਾਂ ਦੀ ਸੁਰੱਖਿਅਤ ਵਾਪਸੀ ਦੀ ਉਮੀਦ ਲਾਈ ਬੈਠੇ ਹਨ।
- ਨਾ ਪ੍ਰਸ਼ਾਸਨਿਕ ਅਧਿਕਾਰੀ ਪੁੱਜਾ ਨਾ ਚੁਣਿਆ ਨੁਮਾਇੰਦਾ
ਸ਼ਮਸ਼ੇਰ ਸਿੰਘ ਦੇ ਚਾਚਾ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਸੀ। ਉਥੋਂ ਅਗਲੇਰੀ ਕਾਰਵਾਈ ਲਈ ਮੁੱਖ ਸਕੱਤਰ, ਗ੍ਰਹਿ ਤੇ ਨਿਆਂ ਵਿਭਾਗ ਨੂੰ ਲਿਖਿਆ ਗਿਆ ਹੈ। ਉਨ੍ਹਾਂ ਅਫ਼ਸੋਸ ਜ਼ਾਹਰ ਕੀਤਾ ਕਿ ਅਜੇ ਤੱਕ ਕੋਈ ਪ੍ਰਸ਼ਾਸਨਿਕ ਜਾਂ ਸਿਵਲ ਅਧਿਕਾਰੀ ਦੁਖੀ ਪਰਿਵਾਰ ਦੀ ਸਾਰ ਲੈਣ ਲਈ ਨਹੀਂ ਪੁੱਜਾ ਤੇ ਨਾ ਹੀ ਇਲਾਕੇ ਦੇ ਵਿਧਾਇਕ ਵੱਲੋਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਹੈ। ਇਸ ਲਈ ਉਹ ਖੁਦ ਨੇਪਾਲ ਜਾ ਰਹੇ ਹਨ ਤਾਂ ਜੋ ਆਪਣੇ ਪੱਧਰ ’ਤੇ ਉਥੇ ਪਹੁੰਚ ਕੇ ਸਮਸ਼ੇਰ ਸਿੰਘ, ਭੁਪਿੰਦਰ ਸਿੰਘ ਤੇ ਰਛਪਾਲ ਸਿੰਘ ਬਾਰੇ ਪਤਾ ਲਗਾ ਸਕਣ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਤੇ ਕਾਠਮੰਡੂ ਸਥਿਤ ਭਾਰਤੀ ਦੂਤਾਵਾਸ ਨਾਲ ਤੁਰੰਤ ਤਾਲਮੇਲ ਕੀਤਾ ਜਾਵੇ।