
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਰੇਡ ਕਮਾਂਡਰ ਡੀ. ਐਸ. ਪੀ ਪ੍ਰਵੇਸ਼ ਕੁਮਾਰ ਦੀ ਅਗਵਾਈ ਵਿਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ ਕੈਡਿਟਾਂ ਤੇ ਐਨ.ਐਸ.ਐਸ ਗਰਲ ਗਾਈਡਜ਼ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਜਦ ਕਿ ਪੁਲਿਸ ਅਤੇ ਸਕੂਲ ਬੈਂਡ ਨੇ ਸਮਾਗਮ ਨੂੰ ਸੰਗੀਤਕ ਰੰਗਤ ਦਿੱਤੀ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਭਾਰਤ ਦਾ 80ਵਾਂ ਆਜ਼ਾਦੀ ਦਿਹਾੜਾ ਤਰਨ ਤਾਰਨ ਵਿਖੇ ਪੂਰੇ ਉਤਸ਼ਾਹ, ਧੂਮ-ਧਾਮ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਸਥਾਨਕ ਪੁਲਿਸ ਲਾਈਨ ਗਰਾਊਂਂਡ ਵਿਖੇ ਹੋਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਵੀ ਉਨ੍ਹਾਂ ਦੇ ਨਾਲ ਸਨ। ਸਮਾਗਮ ਵਿੱਚ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ, ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ ਅਤੇ ਡਿਪਟੀ ਸਪੀਕਰ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਪਰੇਡ ਕਮਾਂਡਰ ਡੀ. ਐਸ. ਪੀ ਪ੍ਰਵੇਸ਼ ਕੁਮਾਰ ਦੀ ਅਗਵਾਈ ਵਿਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ ਕੈਡਿਟਾਂ ਤੇ ਐਨ.ਐਸ.ਐਸ ਗਰਲ ਗਾਈਡਜ਼ ਨੇ ਸ਼ਾਨਦਾਰ ਮਾਰਚ ਪਾਸਟ ਕੀਤਾ ਜਦ ਕਿ ਪੁਲਿਸ ਅਤੇ ਸਕੂਲ ਬੈਂਡ ਨੇ ਸਮਾਗਮ ਨੂੰ ਸੰਗੀਤਕ ਰੰਗਤ ਦਿੱਤੀ। ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਇਸ ਮੌਕੇ ਪੀ.ਟੀ ਸ਼ੋਅ, ਸ਼ਬਦ ਗਾਇਨ, ਗਰੁੱਪ ਸੌਂਗ ਅਤੇ ਦੇਸ਼ ਭਗਤੀ ਨਾਲ ਸਬੰਧਤ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਸਭਨਾਂ ਦਾ ਮਨ ਮੋਹ ਲਿਆ। ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਨੇ ਸਮਾਗਮ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਗਈਆਂ ਸੱਭਿਆਚਾਰਕ ਵੰਨਗੀਆਂ ਦੌਰਾਨ ਦੇਸ਼ ਭਗਤੀ ਦਾ ਜਜ਼ਬਾ ਉਮੜ ਰਿਹਾ ਸੀ, ਜਿਸ ਦੀ ਜ਼ੋਰਦਾਰ ਤਾੜੀਆਂ ਨਾਲ ਭਰਪੂਰ ਸ਼ਲਾਘਾ ਹੋਈ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਇਸ ਮੌਕੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ ਕਿ ਉਨ੍ਹਾਂ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਪਵਿੱਤਰ ਗੁਰੂ ਕੀ ਨਗਰੀ ਤਰਨ ਤਾਰਨ ਵਿਖੇ ਆਜ਼ਾਦੀ ਦਿਹਾੜੇ ਦੇ ਮੌਕੇ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਅਤੇ ਸੂਰਬੀਰਾਂ ਨੇ ਬੜੇ ਮਹਿੰਗੇ ਮੁੱਲ ਆਜ਼ਾਦੀ ਲਈ ਹੈ ਅਤੇ ਸਾਡਾ ਇਹ ਫਰਜ਼ ਹੈ ਕਿ ਅਸੀਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਸਿਰਜੀਏ। ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ, ਅੰਦੋਲਨਾਂ ਅਤੇ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਪ੍ਰਾਪਤ ਕਰਨ ਵਿਚ ਸਫ਼ਲ ਹੋਏ ਸਾਂ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਦੀਆਂ ਉਸਾਰੂ ਨੀਤੀਆਂ, ਲੋਕ ਭਲਾਈ ਸਕੀਮਾਂ, ਪ੍ਰਸ਼ਾਸਕੀ ਸੁਧਾਰਾਂ ਅਤੇ ਸੂਬੇ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਜਾਣੂ ਕਰਵਾਇਆ।
ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਜ਼ਿਲ੍ਹੇ ਨਾਲ ਸਬੰਧਿਤ ਚੇਅਰਮੈਨਾਂ ਅਤੇ ਹੋਰਨਾਂ ਅਹਿਮ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਰਣਜੀਤ ਸਿੰਘ ਚੀਮਾ, ਗੁਰਦੇਵ ਸਿੰਘ ਲਾਖਣਾ, ਗੁਰਵਿੰਦਰ ਸਿੰਘ ਬਹਿਲਵੜ, ਰਜਿੰਦਰ ਸਿੰਘ ਉਸਮਾ, ਅੰਗਦ ਦੀਪ ਸਿੰਘ ਸੋਹਲ, ਨਵਜੋਤ ਕੌਰ ਹੁੰਦਲ, ਗੁਰਸੇਵਕ ਸਿੰਘ ਔਲਖ, ਰੁਪਿੰਦਰ ਕੌਰ ਅਤੇ ਹੋਰ ਸ਼ਾਮਿਲ ਸਨ।
ਇਸ ਮੌਕੇ ਆਈ.ਜੀ ਪ੍ਰਦੀਪ ਕੁਮਾਰ ਯਾਦਵ, ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਆਦਿੱਤਿਆ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ, ਐੱਸ.ਡੀ.ਐੱਮ ਤਰਨ ਤਾਰਨ ਡਾ. ਕਰਨਵੀਰ ਸਿੰਘ, ਐਸ.ਪੀ ਸੁਖਨਿੰਦਰ ਸਿੰਘ, ਡੀ.ਐੱਸ.ਪੀ ਜਸਪਾਲ ਸਿੰਘ, ਤਹਿਸੀਲਦਾਰ ਅਰਚਨਾ ਤੇ ਰਤਨਜੀਤ ਖੁੱਲਰ, ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ, ਸਿਵਲ ਸਰਜਨ ਡਾ. ਸੰਦੀਪ ਧਵਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇਵਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ, ਸਕੱਤਰ ਰੈੱਡ ਕਰਾਸ ਸਰਬਜੀਤ ਸਿੰਘ ਥਿੰਦ, ਲੈਕਚਰਾਰ ਕੁਲਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ, ਜ਼ਿਲ੍ਹੇ ਦੀਆਂ ਉੱਘੀਆਂ ਸ਼ਖਸੀਅਤਾਂ, ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।