- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਾਸੀ ਲਖਵਿੰਦਰ ਸਿੰਘ, ਜੋ ਰਾਜ ਮਿਸਤਰੀ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ, ਦੇ ਘਰ ਜਨਮੀ ਬਲਜੀਤ ਕੌਰ ਨੇ ਬਚਪਨ ਤੋਂ ਹੀ ਮਿਹਨਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਉਸ ਨੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਤੋਂ ਪੜ੍ਹਾਈ ਕਰਨ ਦੇ ਨਾਲ ਕੋਚ ਸ਼ਰਨਜੀਤ ਸਿੰਘ ਤੋਂ ਹਾਕੀ ਦੇ ਗੁਰ ਸਿੱਖੇ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ: 44 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਮਹਿਲਾ ਹਾਕੀ ਫਾਈਨਲ ਵਿਚ ਚੀਨ ਨੂੰ 1-0 ਨਾਲ ਹਰਾ ਕੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ ਤਰਨਤਾਰਨ ਨੇੜਲੇ ਪਿੰਡ ਕੱਕਾ ਕੰਡਿਆਲਾ ਦੀ ਧੀ ਬਲਜੀਤ ਕੌਰ ਨੇ ਆਪਣੀ ਮਿਹਨਤ, ਲਗਨ ਤੇ ਖੇਡ ਪ੍ਰਤਿਭਾ ਨਾਲ ਪਿੰਡ, ਪਰਿਵਾਰ, ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਧਾਰਣ ਪਰਿਵਾਰ ਵਿਚ ਜਨਮੀ ਬਲਜੀਤ ਅੱਜ ਅੰਤਰਰਾਸ਼ਟਰੀ ਹਾਕੀ ਦੇ ਮੈਦਾਨ ਵਿਚ ਆਪਣੀ ਪਛਾਣ ਬਣਾ ਚੁੱਕੀ ਹੈ।
ਪਿੰਡ ਵਾਸੀ ਲਖਵਿੰਦਰ ਸਿੰਘ, ਜੋ ਰਾਜ ਮਿਸਤਰੀ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ, ਦੇ ਘਰ ਜਨਮੀ ਬਲਜੀਤ ਕੌਰ ਨੇ ਬਚਪਨ ਤੋਂ ਹੀ ਮਿਹਨਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ। ਉਸ ਨੇ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਤੋਂ ਪੜ੍ਹਾਈ ਕਰਨ ਦੇ ਨਾਲ ਕੋਚ ਸ਼ਰਨਜੀਤ ਸਿੰਘ ਤੋਂ ਹਾਕੀ ਦੇ ਗੁਰ ਸਿੱਖੇ। ਮੈਦਾਨ ਵਿਚ ਲਗਾਤਾਰ ਮਿਹਨਤ ਕਰਦਿਆਂ ਉਸ ਨੇ ਆਪਣੀ ਪ੍ਰਤਿਭਾ ਨਿਖਾਰੀ ਅਤੇ ਹੌਲੀ-ਹੌਲੀ ਵੱਡੇ ਮੁਕਾਬਲਿਆਂ ਤਕ ਪਹੁੰਚ ਬਣਾਈ।
ਚੀਨ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ
ਬਲਜੀਤ ਲਈ ਇਹ ਸਫ਼ਰ ਉਸ ਵੇਲੇ ਇਤਿਹਾਸਕ ਬਣ ਗਿਆ, ਜਦੋਂ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਫਾਈਨਲ ਵਿਚ ਚੀਨ ਨੂੰ 1-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। 44 ਸਾਲ ਬਾਅਦ ਮਿਲੀ ਇਸ ਕਾਮਯਾਬੀ ਦਾ ਹਿੱਸਾ ਬਣ ਕੇ ਬਲਜੀਤ ਨੇ ਆਪਣੇ ਪਿੰਡ ਨੂੰ ਵੀ ਮਾਣ ਦਿਵਾਇਆ। ਜਿਸ ਪਿੰਡ ਦੀ ਧੀ ਕੁਝ ਸਾਲ ਪਹਿਲਾਂ ਹਾਕੀ ਸਟਿਕ ਲੈ ਕੇ ਮੈਦਾਨ ਵਿਚ ਉਤਰਦੀ ਸੀ, ਅੱਜ ਉਸ ਦੀ ਕਾਮਯਾਬੀ ਦੀ ਚਰਚਾ ਦੇਸ਼ ਭਰ ਵਿਚ ਹੋ ਰਹੀ ਹੈ।
ਸੀਮਤ ਸਾਧਨਾਂ ਦੇ ਬਾਵਜੂਦ ਪਰਿਵਾਰ ਨੇ ਦਿੱਤਾ ਸਾਥ
ਬਲਜੀਤ ਕਿਸੇ ਖੇਡ ਪਰਿਵਾਰ ਵਿਚੋਂ ਨਹੀਂ ਆਉਂਦੀ। ਉਸ ਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਹਨ, ਜਦਕਿ ਵੱਡਾ ਭਰਾ ਟੈਕਸੀ ਚਲਾ ਕੇ ਪਰਿਵਾਰ ਦੀ ਆਰਥਿਕ ਮਦਦ ਕਰਦਾ ਹੈ। ਛੋਟਾ ਭਰਾ ਇਟਲੀ ਵਿਚ ਰਹਿੰਦਾ ਹੈ। ਪਰਿਵਾਰ ਦੀਆਂ ਸੀਮਤ ਆਰਥਿਕ ਸਹੂਲਤਾਂ ਦੇ ਬਾਵਜੂਦ ਮਾਪਿਆਂ ਨੇ ਬਲਜੀਤ ਦੀ ਖੇਡ ਪ੍ਰਤਿਭਾ ਨੂੰ ਰੋਕਿਆ ਨਹੀਂ, ਸਗੋਂ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਹੌਸਲਾ ਦਿੱਤਾ। ਪਰਿਵਾਰ ਦੇ ਸਹਿਯੋਗ ਅਤੇ ਬਲਜੀਤ ਦੀ ਦਿਨ-ਰਾਤ ਦੀ ਮਿਹਨਤ ਨੇ ਉਸ ਨੂੰ ਅੰਤਰਰਾਸ਼ਟਰੀ ਮੰਚ ਤਕ ਪਹੁੰਚਾਇਆ।
ਪਿੰਡ ਦੀਆਂ ਧੀਆਂ ਲਈ ਬਣੀ ਪ੍ਰੇਰਣਾ
ਬਲਜੀਤ ਦੀ ਕਾਮਯਾਬੀ ਸਿਰਫ਼ ਇਕ ਖਿਡਾਰਨ ਦੀ ਪ੍ਰਾਪਤੀ ਨਹੀਂ, ਸਗੋਂ ਪੇਂਡੂ ਖੇਤਰ ਦੀਆਂ ਉਨ੍ਹਾਂ ਧੀਆਂ ਲਈ ਵੀ ਪ੍ਰੇਰਣਾ ਹੈ, ਜੋ ਖੇਡਾਂ ਵਿਚ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਦੇਖਦੀਆਂ ਹਨ। ਉਸ ਨੇ ਸਾਬਤ ਕੀਤਾ ਕਿ ਹੌਸਲੇ, ਮਿਹਨਤ ਅਤੇ ਪਰਿਵਾਰ ਦੇ ਸਾਥ ਨਾਲ ਪਿੰਡ ਦੀਆਂ ਪਗਡੰਡੀਆਂ ਤੋਂ ਨਿਕਲ ਕੇ ਅੰਤਰਰਾਸ਼ਟਰੀ ਖੇਡ ਮੈਦਾਨ ਤਕ ਪਹੁੰਚਿਆ ਜਾ ਸਕਦਾ ਹੈ।
ਪੰਜਾਬ ਸਰਕਾਰ ਦੇਵੇਗੀ ਇਕ ਕਰੋੜ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬਲਜੀਤ ਕੌਰ ਨੂੰ ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀ ਇਤਿਹਾਸਕ ਜਿੱਤ ’ਤੇ ਮਾਣ ਪ੍ਰਗਟ ਕਰਦਿਆਂ ਬਲਜੀਤ ਨੂੰ ਵਧਾਈ ਦਿੱਤੀ।
ਐਤਵਾਰ ਨੂੰ ‘ਆਪਣੀ ਧੀ’ ਦਾ ਹੋਵੇਗਾ ਸਵਾਗਤ
ਬਲਜੀਤ ਕੌਰ ਦੇ ਐਤਵਾਰ ਨੂੰ ਜੱਦੀ ਪਿੰਡ ਪਹੁੰਚਣ ਦੀ ਖ਼ਬਰ ਨਾਲ ਕੱਕਾ ਕੰਡਿਆਲਾ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਉਸ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਰਿਸ਼ਤੇਦਾਰਾਂ, ਦੋਸਤਾਂ, ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਪਰਿਵਾਰ ਨੂੰ ਲਗਾਤਾਰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਰਾਮਗੜ੍ਹੀਆ ਵੈਲਫੇਅਰ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਦਿਲਪ੍ਰੀਤ ਸਿੰਘ, ਮੀਡੀਆ ਇੰਚਾਰਜ ਠੇਕੇਦਾਰ ਅਵਤਾਰ ਸਿੰਘ, ਬਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਸਮੇਤ ਹੋਰਨਾਂ ਨੇ ਬਲਜੀਤ ਕੌਰ ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ।