- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਐੱਸਆਈ ਹਰਜੀਤ ਸਿੰਘ ਦੇ ਚਚੇਰੇ ਭਰਾ ਪੰਜਾਬ ਸਿੰਘ ਨੇ ਦੱਸਿਆ ਕਿ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਰਜੀਤ ਸਿੰਘ ਕਾਫੀ ਮਿਹਨਤੀ ਸਨ। ਪੰਜਾਬ ਪੁਲਿਸ 'ਚ ਨੌਕਰੀ ਦੇ ਨਾਲ ਉਹ ਆਪਣੇ ਛੋਟੇ ਭਰਾ ਦਿਲਬਾਗ ਦੀ ਖੇਤੀ 'ਚ ਅਕਸਰ ਹੱਥ ਵਟਾਉਂਦੇ ਸਨ। ਏਐੱਸਆਈ ਹਰਜੀਤ ਸਿੰਘ ਦੀ ਹੱਤਿਆ ਦੀ ਖ਼ਬਰ ਸੁਣਦੇ ਹੀ ਡੀਜੀਪੀ ਗੌਰਵ ਯਾਦਵ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਹਮਲਾਵਰਾਂ ਨੂੰ ਜਲਦ ਲੱਭ ਲਿਆ ਜਾਵੇਗਾ।

ਜਾਗਰਣ ਸੰਵਾਦਦਾਤਾ, ਜਾਗਰਣ ਤਰਨਤਾਰਨ : ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਅਧੀਨ ਆਉਂਦੀ ਅਨਾਜ ਮੰਡੀ 'ਚ ਡਿਊਟੀ ਕਰ ਰਹੇ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ (49) ਦੀ ਸ਼ੁੱਕਰਵਾਰ ਤੜਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਰਾਮਪੁਰਾ ਭੂਤਵਿੰਡ 'ਚ ਸੋਗ ਦਾ ਮਾਹੌਲ ਪੈਦਾ ਹੋ ਗਿਆ। ਦੋ ਧੀਆਂ ਅਤੇ ਇਕ ਪੁੱਤਰ ਦੇ ਪਿਤਾ ਹਰਜੀਤ ਸਿੰਘ ਦੇ ਵੱਡੇ ਭਰਾ ਗੁਰਵੇਲ ਸਿੰਘ ਵੀ ਪੰਜਾਬ ਪੁਲਿਸ 'ਚ ਬਤੌਰ ਏਐੱਸਆਈ ਤਾਇਨਾਤ ਹਨ। ਉਨ੍ਹਾਂ ਦੀ ਡਿਊਟੀ ਫਿਲੌਰ 'ਚ ਹੈ।
ਹਰਜੀਤ ਸਿੰਘ ਦੇ ਪਿਤਾ ਕਰਨੈਲ ਸਿੰਘ ਅਤੇ ਮਾਤਾ ਨਰਿੰਦਰ ਕੌਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਰਜੀਤ ਸਿੰਘ ਕੁੱਲ ਤਿੰਨ ਭਰਾ ਹਨ। ਸਭ ਤੋਂ ਛੋਟਾ ਦਿਲਬਾਗ ਸਿੰਘ ਪਿੰਡ 'ਚ ਹੀ ਖੇਤੀਬਾੜੀ ਦਾ ਕਾਰੋਬਾਰ ਕਰਦਾ ਹੈ। ਹਰਜੀਤ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਦੱਸਿਆ ਕਿ ਵੱਡੀ ਲੜਕੀ ਸਿਮਰਨਜੀਤ ਕੌਰ ਸਟੱਡੀ ਬੇਸ 'ਤੇ ਇੰਗਲੈਂਡ ਗਈ ਹੋਈ ਹੈ। ਛੋਟੀ ਧੀ ਹਰਮਨਜੀਤ ਕੌਰ ਇੱਥੇ ਪੜ੍ਹਾਈ ਕਰਦੀ ਹੈ। 10 ਸਾਲਾ ਪੁੱਤਰ ਅਰਬਾਜ਼ ਅਜੇ ਸਦਮੇ 'ਚ ਹੈ।
ਵੀਰਵਾਰ ਸ਼ਾਮ ਨੂੰ ਜਦੋਂ ਹਰਜੀਤ ਸਿੰਘ ਅੰਮ੍ਰਿਤਸਰ ਸਥਿਤ ਅਸਥਾਈ ਰਿਹਾਇਸ਼ ਤੋਂ ਡਿਊਟੀ ਲਈ ਗਏ ਤਾਂ ਪੁੱਤਰ ਅਰਬਾਜ਼ ਬਾਜ਼ਾਰ ਜਾਣ ਦੀ ਜ਼ਿੱਦ ਕਰ ਰਿਹਾ ਸੀ। ਹਰਜੀਤ ਇਹ ਕਹਿ ਕੇ ਘਰੋਂ ਡਿਊਟੀ ਲਈ ਗਏ ਸਨ ਕਿ ਸਵੇਰੇ ਘਰ ਪਰਤਦੇ ਹੀ ਬਾਜ਼ਾਰ ਜਾਵਾਂਗੇ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਤੜਕੇ ਕਰੀਬ ਦੋ ਵਜੇ ਏਐੱਸਆਈ ਹਰਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਵਾਰਦਾਤ 'ਚ 30 ਬੋਰ ਦੇ ਪਿਸਤੌਲ ਦੀ ਵਰਤੋਂ ਕੀਤੀ ਗਈ।
ਏਐੱਸਆਈ ਹਰਜੀਤ ਸਿੰਘ ਦੇ ਚਚੇਰੇ ਭਰਾ ਪੰਜਾਬ ਸਿੰਘ ਨੇ ਦੱਸਿਆ ਕਿ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਰਜੀਤ ਸਿੰਘ ਕਾਫੀ ਮਿਹਨਤੀ ਸਨ। ਪੰਜਾਬ ਪੁਲਿਸ 'ਚ ਨੌਕਰੀ ਦੇ ਨਾਲ ਉਹ ਆਪਣੇ ਛੋਟੇ ਭਰਾ ਦਿਲਬਾਗ ਦੀ ਖੇਤੀ 'ਚ ਅਕਸਰ ਹੱਥ ਵਟਾਉਂਦੇ ਸਨ। ਏਐੱਸਆਈ ਹਰਜੀਤ ਸਿੰਘ ਦੀ ਹੱਤਿਆ ਦੀ ਖ਼ਬਰ ਸੁਣਦੇ ਹੀ ਡੀਜੀਪੀ ਗੌਰਵ ਯਾਦਵ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਹਮਲਾਵਰਾਂ ਨੂੰ ਜਲਦ ਲੱਭ ਲਿਆ ਜਾਵੇਗਾ।
ਇਸ ਹੱਤਿਆ ਦੀ ਜ਼ਿੰਮੇਵਾਰੀ ਤਹਿਰੀਕ ਦੇ ਤਾਲਿਬਾਨ (ਹਿੰਦੁਸਤਾਨ) ਨੇ ਲਈ ਹੈ। ਉਧਰ, ਪਿੰਡ ਰਾਮਪੁਰਾ ਭੂਤਵਿੰਡ 'ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਕੇਵਲ ਸਿੰਘ, ਬਲਵੰਤ ਸਿੰਘ ਅਤੇ ਕ੍ਰਿਪਾਲ ਸਿੰਘ ਨੇ ਕਿਹਾ ਕਿ ਪੂਰੇ ਪਿੰਡ 'ਚ ਹਰਜੀਤ ਸਿੰਘ ਦੇ ਪਰਿਵਾਰ ਦਾ ਸਤਿਕਾਰ ਨਾਲ ਨਾਮ ਲਿਆ ਜਾਂਦਾ ਸੀ। ਭਾਵੇਂ ਹਰਜੀਤ ਸਿੰਘ ਦਾ ਪਰਿਵਾਰ ਹੁਣ ਅਸਥਾਈ ਤੌਰ 'ਤੇ ਅੰਮ੍ਰਿਤਸਰ ਚਲਾ ਗਿਆ ਹੈ, ਪਰ ਉਹ ਪਿੰਡ ਦੇ ਸਮਾਜ ਸੇਵੀ ਕੰਮਾਂ ਤੋਂ ਲੈ ਕੇ ਧਾਰਮਿਕ ਸਮਾਗਮਾਂ 'ਚ ਉਤਸ਼ਾਹ ਨਾਲ ਹਿੱਸਾ ਲੈਂਦੇ ਰਹੇ ਹਨ।
ਏਐੱਸਆਈ ਹਰਜੀਤ ਸਿੰਘ ਦੇ ਪਰਿਵਾਰ ਨੇ ਇਸ ਘਟਨਾ ਨੂੰ ਕਰੂਰਤਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ 'ਤੇ ਆਏ ਦਿਨ ਹਮਲੇ ਕੀਤੇ ਜਾ ਰਹੇ ਹਨ। ਇਹ ਉਹੀ ਪੁਲਿਸ ਫੋਰਸ ਹੈ, ਜਿਸ ਨੇ ਅੱਤਵਾਦ ਦੇ ਦੌਰਾਨ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਅੱਤਵਾਦ ਨੂੰ ਖ਼ਤਮ ਕਰਨ 'ਚ ਕੋਈ ਕਸਰ ਨਹੀਂ ਛੱਡੀ ਸੀ। ਹੁਣ ਹਰਜੀਤ ਸਿੰਘ ਦੀ ਕੁਰਬਾਨੀ ਕਦੇ ਭੁਲਾਈ ਨਹੀਂ ਜਾ ਸਕੇਗੀ।
ਹਰਜੀਤ ਸਿੰਘ ਦੇ ਅੰਤਿਮ ਸੰਸਕਾਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਡਿਊਟੀ ਲਈ ਅੰਮ੍ਰਿਤਸਰ ਰਹਿੰਦੇ ਸਨ, ਪਰ ਪਿੰਡ ਦੀ ਮਿੱਟੀ ਨਾਲ ਜੁੜੇ ਰਹੇ। ਇਸ ਲਈ ਹਰਜੀਤ ਸਿੰਘ ਦਾ ਅੰਤਿਮ ਸੰਸਕਾਰ ਪਿੰਡ 'ਚ ਹੀ ਕੀਤਾ ਜਾਣਾ ਹੈ। ਪਰਿਵਾਰ 'ਚ ਜਿੱਥੇ ਸੋਗ ਦਾ ਮਾਹੌਲ ਹੈ, ਉੱਥੇ ਏਐੱਸਆਈ ਹਰਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਹੋਣ ਉਪਰੰਤ ਉਸ ਨੂੰ ਪਿੰਡ ਰਾਮਪੁਰਾ ਭੂਤਵਿੰਡ ਲਿਆਂਦਾ ਜਾਣਾ ਹੈ।