ਅਜਮੀਤ ਹੱਤਿਆਕਾਂਡ ਦਾ ਮੁੱਖ ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ, ਅਸਲਾ ਬਰਾਮਦਗੀ ਦੌਰਾਨ ASI ਦੀ ਸਰਵਿਸ ਰਿਵਾਲਵਰ ਖੋਹ ਕੇ ਚਲਾਈਆਂ ਗੋਲੀਆਂ
ਪੁਲਿਸ ਰਿਮਾਂਡ ਦੌਰਾਨ ਗੁਰਲਾਲ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਹਥਿਆਰ ਲੁਕਾ ਕੇ ਰੱਖਿਆ ਹੋਇਆ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਅਤੇ ਐੱਸਪੀ ਆਈ ਰਿਪੁਤਪਨ ਸਿੰਘ ਸੰਧੂ ਨੇ ਦੱਸਿਆ ਕਿ ਮੰਗਲਵਾਰ ਨੂੰ ਥਾਣਾ ਸਰਹਾਲੀ ਦੇ ਮੁਖੀ ਬਲਵੀਰ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਗੁਰਲਾਲ ਸਿੰਘ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਜਾ ਰਹੀ ਸੀ।
Publish Date: Tue, 20 Oct 2026 04:20 PM (IST)
Updated Date: Tue, 20 Oct 2026 04:22 PM (IST)
ਧਰਮਬੀਰ ਸਿੰਘ ਮਲਹਾਰ, ਜਾਗਰਣ ਤਰਨਤਾਰਨ : ਥਾਣਾ ਸਰਹਾਲੀ 'ਤੇ ਹੋਏ ਆਰਪੀਜੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਅਜਮਿੱਤ ਸਿੰਘ ਨੌਸ਼ਹਿਰਾ ਪੰਨੂਆਂ ਦੇ ਕਤਲ ਮਾਮਲੇ ਦਾ ਮੁੱਖ ਸ਼ੂਟਰ ਗੁਰਲਾਲ ਸਿੰਘ ਉਰਫ਼ ਚਾਚਾ ਪੁਲਿਸ ਮੁਕਾਬਲੇ 'ਚ ਜ਼ਖ਼ਮੀ ਹੋ ਗਿਆ। ਪੁਲਿਸ ਉਸ ਨੂੰ ਲੁਕਾ ਕੇ ਰੱਖੇ ਹਥਿਆਰ ਦੀ ਬਰਾਮਦਗੀ ਲਈ ਲੈ ਕੇ ਜਾ ਰਹੀ ਸੀ। ਇਸ ਦੌਰਾਨ ਉਸ ਨੇ ਪੁਲਿਸ ਪਾਰਟੀ 'ਚ ਸ਼ਾਮਲ ਏਐੱਸਆਈ ਦੀ ਸਰਵਿਸ ਰਿਵਾਲਵਰ ਖੋਹ ਲਈ ਅਤੇ ਭੱਜਦੇ ਸਮੇਂ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ 'ਚ ਪੁਲਿਸ ਦੀ ਇੱਕ ਗੋਲੀ ਉਸ ਦੀ ਲੱਤ 'ਚ ਲੱਗੀ। ਜ਼ਖ਼ਮੀ ਹਾਲਤ 'ਚ ਉਸ ਨੂੰ ਕਾਬੂ ਕਰਕੇ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
2022 'ਚ ਸਰਹਾਲੀ ਥਾਣੇ 'ਤੇ ਹੋਇਆ ਸੀ ਆਰਪੀਜੀ ਹਮਲਾ
ਸਾਲ 2022 'ਚ ਜੰਮੂ-ਕਸ਼ਮੀਰ-ਰਾਜਸਥਾਨ ਕੌਮੀ ਮਾਰਗ 'ਤੇ ਸਥਿਤ ਥਾਣਾ ਸਰਹਾਲੀ 'ਤੇ ਅੱਧੀ ਰਾਤ ਨੂੰ ਆਰਪੀਜੀ ਹਮਲਾ ਹੋਇਆ ਸੀ। ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ 'ਚ ਬੰਦ ਅਜਮਿੱਤ ਸਿੰਘ ਨੇ ਇਸ ਹਮਲੇ ਦੀ ਸਾਜ਼ਿਸ਼ ਰਚੀ ਸੀ। ਵਿਦੇਸ਼ 'ਚ ਬੈਠੇ ਗੈਂਗਸਟਰ ਲਖਬੀਰ ਸਿੰਘ ਹਰੀਕੇ ਦੇ ਇਸ਼ਾਰੇ 'ਤੇ ਕੀਤੇ ਗਏ ਇਸ ਹਮਲੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। ਬਾਅਦ 'ਚ ਪੁਲਿਸ ਨੇ ਅਜਮਿੱਤ ਸਿੰਘ ਨੂੰ ਇਸ ਮਾਮਲੇ 'ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਸੀ।
ਕਰੀਬ ਇਕ ਦਰਜਨ ਅਪਰਾਧਿਕ ਮਾਮਲਿਆਂ 'ਚ ਨਾਮਜ਼ਦ ਅਜਮਿੱਤ ਸਿੰਘ 13 ਅਗਸਤ ਨੂੰ ਕੇਂਦਰੀ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ। 11 ਸਤੰਬਰ ਦੀ ਰਾਤ ਨੂੰ ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਅੱਡਾ ਨੌਸ਼ਹਿਰਾ ਪੰਨੂਆਂ ਨੇੜੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਹਰਿਆਣਾ ਦੇ ਨੂਹ ਤੋਂ ਗ੍ਰਿਫ਼ਤਾਰ ਕੀਤਾ ਸੀ ਮੁੱਖ ਸ਼ੂਟਰ
ਇਸ ਹੱਤਿਆਕਾਂਡ ਦਾ ਮੁੱਖ ਸ਼ੂਟਰ ਗੁਰਲਾਲ ਸਿੰਘ ਉਰਫ਼ ਚਾਚਾ ਪੰਜਾਬ ਛੱਡ ਕੇ ਹਰਿਆਣਾ ਭੱਜ ਗਿਆ ਸੀ। ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਅਤੇ ਤਰਨਤਾਰਨ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਉਸ ਨੂੰ ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਪੁਲਿਸ ਰਿਮਾਂਡ ਦੌਰਾਨ ਗੁਰਲਾਲ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਹਥਿਆਰ ਲੁਕਾ ਕੇ ਰੱਖਿਆ ਹੋਇਆ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਅਤੇ ਐੱਸਪੀ ਆਈ ਰਿਪੁਤਪਨ ਸਿੰਘ ਸੰਧੂ ਨੇ ਦੱਸਿਆ ਕਿ ਮੰਗਲਵਾਰ ਨੂੰ ਥਾਣਾ ਸਰਹਾਲੀ ਦੇ ਮੁਖੀ ਬਲਵੀਰ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਗੁਰਲਾਲ ਸਿੰਘ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਜਾ ਰਹੀ ਸੀ।
ਇਸ ਦੌਰਾਨ ਉਸ ਨੇ ਏਐੱਸਆਈ ਦੀ ਸਰਵਿਸ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ 'ਚ ਉਸ ਦੀ ਲੱਤ 'ਚ ਗੋਲੀ ਲੱਗੀ। ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ 'ਤੇ ਗੋਲੀਬਾਰੀ ਕਰਨ ਦੇ ਮਾਮਲੇ 'ਚ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ।