- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਰਿਮਾਂਡ ’ਤੇ ਚੱਲ ਰਹੇ ਕਥਿਤ ਗੈਂਗਸਟਰ ਅਫਰੀਦੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕਰੀਬ ਛੇ ਮਹੀਨੇ ਦੁਬਈ ਦੇ ਅਜਮਾਨ ਵਿੱਚ ਰਿਹਾ ਸੀ। ਉੱਥੇ ਉਹ ਵਲਟੋਹਾ ਨਾਲ ਸਬੰਧਤ ਲਵਪ੍ਰੀਤ ਸਿੰਘ ਲਵਲੀ ਦੇ ਫਲੈਟ ਵਿੱਚ ਰਹਿੰਦਾ ਸੀ। ਉਸ ਦੇ ਨਾਲ ਡੋਨੀ ਬੱਲ ਦਾ ਦੋਸਤ ਹੈਪੀ ਬਾਹਮਣ, ਬਿੱਲਾ ਮਾਂਗਾ, ਅਰਸ਼ ਠੱਕਰਪੁਰਾ ਅਤੇ ਅਰਸ਼ ਬੱਗਾ ਵੀ ਰਹਿੰਦੇ ਸਨ।

ਧਰਮਬੀਰ ਸਿੰਘ ਮਲਹਾਰ, ਜਾਗਰਣ, ਤਰਨਤਾਰਨ : ਤਿੰਨ ਸਤੰਬਰ 2025 ਦੀ ਰਾਤ ਪੌਣੇ ਨੌਂ ਵਜੇ ਦਰਿਆ ’ਤੇ ਟੁੱਟੇ ਬੰਨ੍ਹ ਦੀ ਮੁਰੰਮਤ ਕਰਵਾ ਕੇ ਘਰ ਪਰਤ ਰਹੇ ਬਲਾਕ ਪੱਟੀ ਦੇ ਪ੍ਰਧਾਨ ਗੁਰਮੇਲ ਸਿੰਘ ਤੂਤ ਨੂੰ ਪਿੰਡ ਝੁੱਗੀਆਂ ਪੀਰ ਬਖ਼ਸ਼ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਪਿੱਛੇ ਇਸੇ ਪਿੰਡ ਨਾਲ ਸਬੰਧਤ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਪੁੱਛਗਿੱਛ ਦੌਰਾਨ ਅਫਰੀਦੀ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਦੁਬਈ ਵਿੱਚ ਰਹਿੰਦੇ ਪ੍ਰਭ ਦਾਸੂਵਾਲ ਨਾਲ ਮਿਲ ਕੇ ਇਹ ਹੱਤਿਆ ਕਰਵਾਈ ਸੀ। ਸ਼ੂਟਰਾਂ ਨੂੰ ਹਵਾਲਾ ਰਾਹੀਂ ਪੈਸੇ ਵੀ ਭੇਜੇ ਗਏ ਸਨ।
ਪੁਲਿਸ ਰਿਮਾਂਡ ’ਤੇ ਚੱਲ ਰਹੇ ਕਥਿਤ ਗੈਂਗਸਟਰ ਅਫਰੀਦੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਕਰੀਬ ਛੇ ਮਹੀਨੇ ਦੁਬਈ ਦੇ ਅਜਮਾਨ ਵਿੱਚ ਰਿਹਾ ਸੀ। ਉੱਥੇ ਉਹ ਵਲਟੋਹਾ ਨਾਲ ਸਬੰਧਤ ਲਵਪ੍ਰੀਤ ਸਿੰਘ ਲਵਲੀ ਦੇ ਫਲੈਟ ਵਿੱਚ ਰਹਿੰਦਾ ਸੀ। ਉਸ ਦੇ ਨਾਲ ਡੋਨੀ ਬੱਲ ਦਾ ਦੋਸਤ ਹੈਪੀ ਬਾਹਮਣ, ਬਿੱਲਾ ਮਾਂਗਾ, ਅਰਸ਼ ਠੱਕਰਪੁਰਾ ਅਤੇ ਅਰਸ਼ ਬੱਗਾ ਵੀ ਰਹਿੰਦੇ ਸਨ। ਕਰੀਬ ਛੇ ਮਹੀਨੇ ਤੱਕ ਇਹ ਸਾਰੇ ਦੋ ਫਲੈਟਾਂ ਵਿੱਚ ਇਕੱਠੇ ਰਹੇ। ਇਸ ਦੌਰਾਨ ਪ੍ਰਭ ਦਾਸੂਵਾਲ ਨੇ ਆਪਣੇ ਕਿਸੇ ਕਰੀਬੀ ਰਾਹੀਂ ਅਫਰੀਦੀ ਲਈ ਦੁਬਈ ਦੀ ਆਈਡੀ ਬਣਵਾਈ। ਅਫਰੀਦੀ ਨੂੰ ਜਦੋਂ ਪੈਸਿਆਂ ਦੀ ਲੋੜ ਪੈਂਦੀ ਸੀ ਤਾਂ ਉਹ ਸਥਾਨਕ ਦੁਕਾਨਦਾਰਾਂ ਨੂੰ ਸਕੈਨਰ ਭੇਜਦਾ ਸੀ।
ਦੁਬਈ ਵਿੱਚ ਅਬੂਦ ਨਾਂ ਦੇ ਟ੍ਰੈਵਲ ਏਜੰਟ ਨੇ ਪ੍ਰਭ ਦਾਸੂਵਾਲ ਦੇ ਕਹਿਣ ’ਤੇ ਅਫਰੀਦੀ ਦਾ ਮੈਕਸੀਕੋ ਦਾ ਵੀਜ਼ਾ ਲਗਵਾਇਆ। ਇਸ ਲਈ ਅਬੂਦ ਨੂੰ 32 ਹਜ਼ਾਰ ਦਿਰਹਮ ਦਿੱਤੇ ਗਏ ਸਨ, ਪਰ ਮੈਕਸੀਕੋ ਪਹੁੰਚਣ ’ਤੇ ਇਮੀਗ੍ਰੇਸ਼ਨ ਵਿਭਾਗ ਨੇ ਮੈਕਸੀਕਨ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਉਸ ਨੂੰ ਵਾਪਸ ਭੇਜ ਦਿੱਤਾ। ਬਾਅਦ ਵਿੱਚ ਪ੍ਰਭ ਦਾਸੂਵਾਲ ਨੇ ਅਰਸ਼ ਠੱਕਰ ਨਾਲ ਮਿਲ ਕੇ ਅਫਰੀਦੀ ਦਾ ਕੀਨੀਆ ਦਾ ਵੀਜ਼ਾ ਲਗਵਾਇਆ। ਦੋਵਾਂ ਨੇ ਟ੍ਰੈਵਲ ਏਜੰਟ ਰਾਹੀਂ ਆਸਟ੍ਰੀਆ ਦੇ ਵੀਜ਼ੇ ਲਈ ਵੀ ਅਰਜ਼ੀ ਦਿੱਤੀ, ਪਰ ਪੈਸਿਆਂ ਦੀ ਕਮੀ ਕਾਰਨ ਇਸ ਨੂੰ ਰੱਦ ਕਰਵਾ ਦਿੱਤਾ ਗਿਆ।
ਪਿੰਡ ਝੁੱਗੀਆਂ ਕਾਲੂ ਵਿੱਚ ਅਫਰੀਦੀ ਅਤੇ ਦਾਸੂਵਾਲ ਨੇ ਮਿਲ ਕੇ ਗੁਰਪ੍ਰੀਤ ਸਿੰਘ ਗੋਰਾ ਦਾ ਵੀ ਉਸ ਸਮੇਂ ਕਤਲ ਕਰਵਾਇਆ ਸੀ, ਜਦੋਂ ਉਹ ਕਬੂਤਰਾਂ ਦੀ ਸ਼ਰਤ ਲਗਾ ਰਿਹਾ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੀਨੀਆ ਦੇ ਨੈਰੋਬੀ ਪਹੁੰਚਣ ’ਤੇ ਪ੍ਰਭ ਦਾਸੂਵਾਲ ਦਾ ਟ੍ਰੈਵਲ ਏਜੰਟ ਦੋਵਾਂ ਨੂੰ ਲੈਣ ਲਈ ਹਵਾਈ ਅੱਡੇ ’ਤੇ ਪਹੁੰਚਿਆ ਸੀ। ਹਵਾਈ ਅੱਡੇ ਤੋਂ ਕਰੀਬ 15 ਕਿਲੋਮੀਟਰ ਦੂਰ ਉਨ੍ਹਾਂ ਲਈ ਫਲੈਟ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦਾ ਖ਼ਰਚਾ ਦਾਸੂਵਾਲ ਨੇ ਚੁੱਕਿਆ ਸੀ।
ਅਫਰੀਦੀ ਨੇ ਦੱਸਿਆ ਕਿ ਜਦੋਂ ਉਸ ਨੇ ਦੁਬਈ ਹਵਾਈ ਅੱਡੇ ਤੋਂ ਮੈਕਸੀਕੋ ਦੀ ਉਡਾਣ ਲਈ ਤਾਂ ਤੁਰਕੀ ਵਿੱਚ ਅੱਠ ਘੰਟੇ ਦਾ ਠਹਿਰਾਅ ਸੀ। ਉੱਥੇ ਹੀ ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਕਸੀਕਨ ਭਾਸ਼ਾ ਦੀ ਜਾਣਕਾਰੀ ਨਾ ਹੋਣ ਕਾਰਨ ਉਸ ਨੂੰ ਦੇਸ਼ ਵਿੱਚ ਦਾਖ਼ਲਾ ਨਹੀਂ ਮਿਲੇਗਾ। ਇਸ ਤੋਂ ਬਾਅਦ ਉਹ ਇਥੋਪੀਆ ਦੀ ਉਡਾਣ ਰਾਹੀਂ ਅਦੀਸ ਅਬਾਬਾ ਪਹੁੰਚ ਗਿਆ। ਦਾਸੂਵਾਲ ਦੇ ਕਹਿਣ ’ਤੇ ਉਹ ਟੈਕਸੀ ਰਾਹੀਂ ਡੱਡੀ ਚਵਾਨ ਦੇ ਫਲੈਟ ਵਿੱਚ ਗਿਆ, ਜਿੱਥੇ ਉਸ ਨੂੰ ਸ਼ਗਨਪ੍ਰੀਤ ਦਾ ਚਚੇਰਾ ਭਰਾ ਭਿੰਦਾ ਅਤੇ ਅਰਸ਼ ਬੱਗਾ ਮਿਲੇ। ਬਾਅਦ ਵਿੱਚ ਡੱਡੀ ਅਤੇ ਭਿੰਦਾ ਬ੍ਰਾਜ਼ੀਲ ਚਲੇ ਗਏ, ਜਦਕਿ ਅਰਸ਼ ਬੱਗਾ ਇੰਡੋਨੇਸ਼ੀਆ ਚਲਾ ਗਿਆ। ਅਫਰੀਦੀ ਦਾ ਸਾਰਾ ਖ਼ਰਚਾ ਦਾਸੂਵਾਲ ਵੈਸਟਰਨ ਯੂਨੀਅਨ ਰਾਹੀਂ ਭੇਜਦਾ ਰਿਹਾ।
ਅਫਰੀਦੀ ਡੇਢ ਮਹੀਨੇ ਤੱਕ ਸੋਮਾਲੀਲੈਂਡ ਦੇ ਹਰਗੇਸਾ ਸਥਿਤ ਹੋਟਲ ਵਿੱਚ ਰਿਹਾ। ਉੱਥੇ ਉਸ ਨੇ ਦਾਸੂਵਾਲ ਨਾਲ ਮਿਲ ਕੇ ਅਜਮੀਤ ਨੌਸ਼ਹਿਰਾ ਪੰਨੂਆਂ ਦੀ ਹੱਤਿਆ ਕਰਵਾਈ। ਅਜਮੀਤ ਨੂੰ ਸਰਹਾਲੀ ਥਾਣੇ ’ਤੇ ਹੋਏ ਆਰਪੀਜੀ ਹਮਲੇ ਦਾ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਸੋਮਾਲੀਲੈਂਡ ਤੋਂ ਬਾਅਦ ਉਹ ਇਥੋਪੀਆ ਦੇ ਵੱਖ-ਵੱਖ ਹੋਟਲਾਂ ਵਿੱਚ ਕਰੀਬ ਇਕ ਮਹੀਨਾ ਰਿਹਾ। ਇਸ ਦੌਰਾਨ ਦਾਸੂਵਾਲ ਦੇ ਇਸ਼ਾਰੇ ’ਤੇ ਪੰਜਾਬ ਪੁਲਿਸ ਦੇ ਏਐੱਸਆਈ ਇਕਬਾਲ ਸਿੰਘ, ਵਾਸੀ ਨੌਸ਼ਹਿਰਾ ਪੰਨੂਆਂ, ਦੀ ਹੱਤਿਆ ਕਰਵਾਈ ਗਈ। ਇਕਬਾਲ ਸਿੰਘ ਅਜਮੀਤ ਦਾ ਚਾਚਾ ਸੀ। ਬਾਅਦ ਵਿੱਚ ਪ੍ਰਭ ਦਾਸੂਵਾਲ ਨੇ ਅਫਰੀਦੀ ਨੂੰ ਮੈਕਸੀਕੋ ਦੇ ਪਾਸਪੋਰਟ ’ਤੇ ਤਨਜ਼ਾਨੀਆ ਜਾਣ ਲਈ ਕਿਹਾ, ਪਰ ਉੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਦਿੱਲੀ ’ਚ ਰਹਿੰਦੇ ਹੋਏ ਦਾਸੂਵਾਲ ਤੇ ਡੋਨੀ ਨਾਲ ਹੁੰਦਾ ਰਿਹਾ ਸੰਪਰਕ
ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਰਾਜਵਿੰਦਰ ਸਿੰਘ ਰਾਜ ਦੀ ਹੱਤਿਆ ਵਿੱਚ ਸ਼ਾਮਲ ਅਫਰੀਦੀ ਨੇ ਪੁਲਿਸ ਸਾਹਮਣੇ ਕਈ ਖ਼ੁਲਾਸੇ ਕੀਤੇ ਹਨ। ਰਾਜ ਦੀ ਹੱਤਿਆ ਤੋਂ ਬਾਅਦ ਉਹ ਡੇਢ ਮਹੀਨੇ ਤੱਕ ਦਿੱਲੀ ਵਿੱਚ ਰਿਹਾ। ਇਸ ਦੌਰਾਨ ਉਸ ਦਾ ਦਾਸੂਵਾਲ ਅਤੇ ਡੋਨੀ ਬੱਲ ਨਾਲ ਸੰਪਰਕ ਬਣਿਆ ਰਿਹਾ।
ਦਾਸੂਵਾਲ ਨੇ ਅਫਰੀਦੀ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਾਣ ਲਈ ਕਿਹਾ, ਜਿੱਥੇ ਉਸ ਨੂੰ ਇਕ ਨੌਜਵਾਨ ਮਿਲਿਆ। ਉਸ ਨੇ ਅਫਰੀਦੀ ਨੂੰ ਵਜਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਦੇ ਨਾਂ ’ਤੇ ਆਧਾਰ ਕਾਰਡ ਅਤੇ ਪੈਨ ਕਾਰਡ ਮੁਹੱਈਆ ਕਰਵਾਏ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਉਹ ਪਾਸਪੋਰਟ ਦਫ਼ਤਰ ਪਹੁੰਚਿਆ ਅਤੇ ਉੱਥੇ ਫਿੰਗਰਪ੍ਰਿੰਟ ਦਿੱਤੇ। ਦਫ਼ਤਰ ਤੋਂ ਬਾਹਰ ਆਉਂਦਿਆਂ ਹੀ ਉਸ ਤੋਂ ਦਸਤਾਵੇਜ਼ ਵਾਪਸ ਲੈ ਲਏ ਗਏ। ਕਰੀਬ ਡੇਢ ਮਹੀਨਾ ਦੋ ਹੋਟਲਾਂ ਵਿੱਚ ਰਹਿਣ ਦੌਰਾਨ ਦਾਸੂਵਾਲ ਨੇ ਉਸ ਦੀ ਮੁੰਬਈ ਦੀ ਟਿਕਟ ਬੁੱਕ ਕਰਵਾਈ। ਬਾਅਦ ਵਿੱਚ ਉਹ ਕੈਬ ਰਾਹੀਂ ਲਖਨਊ ਗਿਆ ਅਤੇ ਉੱਥੋਂ ਮੁੰਬਈ ਪਹੁੰਚਿਆ।
ਸ਼ੂਟਰਾਂ ਨੂੰ ਵੱਖ-ਵੱਖ ਥਾਵਾਂ ’ਤੇ ਦਿਵਾਈ ਜਾਂਦੀ ਸੀ ਪਨਾਹ
ਪੁਲਿਸ ਜਾਂਚ ਅਨੁਸਾਰ ਸਰਪੰਚ ਰਾਜਵਿੰਦਰ ਸਿੰਘ ਤਲਵੰਡੀ ਦੀ ਹੱਤਿਆ ਪਿੱਛੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਹਰੀਕੇ ਨਾਲ ਉਸ ਦੀ ਨੇੜਤਾ ਕਾਰਨ ਰੰਜਿਸ਼ ਸੀ। ਦੱਸਿਆ ਗਿਆ ਹੈ ਕਿ ਉਸ ਨੇ ਹੀ ਸਰਪੰਚ ਦੇ ਘਰ ’ਤੇ ਗੋਲੀਬਾਰੀ ਕਰਵਾਈ ਸੀ।
ਸਰਪੰਚ ਗੁਰਮੇਲ ਸਿੰਘ ਤੂਤ ਦੀ ਹੱਤਿਆ ਵਿੱਚ ਵਰਤਿਆ ਗਿਆ ਮੋਟਰਸਾਈਕਲ ਅਨਮੋਲ ਸਿੰਘ ਤੂਤ ਨੇ ਮੁਹੱਈਆ ਕਰਵਾਇਆ ਸੀ। ਸਰਪੰਚ ਜਰਮਲ ਸਿੰਘ ਦੀ ਹੱਤਿਆ ਵਿੱਚ ਸ਼ਾਮਲ ਸ਼ੂਟਰ ਗੁੰਗਾ ਅਤੇ ਕਰਮ ਸਿੰਘ ਨੂੰ ਲਵਪ੍ਰੀਤ ਸਿੰਘ ਲੱਬੂ ਦੇ ਘਰ ਪਨਾਹ ਦਿਵਾਈ ਗਈ ਸੀ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਗੋਰਾ ਕਾਲੂ ਝੁੱਗੀਆਂ ਦੀ ਹੱਤਿਆ ਕਰਨ ਵਾਲੇ ਸ਼ੂਟਰਾਂ ਨੂੰ ਕੋਟ ਬੁੱਢਾ ਦੇ ਰਹਿਣ ਵਾਲੇ ਜੁਗਰਾਜ ਸਿੰਘ ਦੇ ਟਿਊਬਵੈੱਲ ’ਤੇ ਪਨਾਹ ਦਿੱਤੀ ਗਈ ਸੀ।
ਅਜਮੀਤ ਦੀ ਹੱਤਿਆ ਨੂੰ ਗੁਰਲਾਲ ਸਿੰਘ ਰੱਤਾਗੁੱਦਾ (ਹਰੀਕੇ) ਅਤੇ ਸਹਿਜ ਨੌਸ਼ਹਿਰਾ ਪੰਨੂਆਂ ਨੇ ਅੰਜਾਮ ਦਿੱਤਾ ਸੀ। ਪ੍ਰਭ ਦਾਸੂਵਾਲ ਨਾਲ ਗੁਰਲਾਲ ਦਾ ਸੰਪਰਕ ਅਫਰੀਦੀ ਨੇ ਹੀ ਕਰਵਾਇਆ ਸੀ। ਅਜਮੀਤ ਦੇ ਚਾਚੇ ਏਐੱਸਆਈ ਇਕਬਾਲ ਸਿੰਘ ਦੀ ਹੱਤਿਆ ਬਾਹਮਣ ਵਾਸੀ ਮਨਿਹਾਲਾ ਜੈ ਸਿੰਘ ਅਤੇ ਭਿੰਦਾ ਭਗਵਾਨਪੁਰਾ ਨੇ ਕੀਤੀ ਸੀ। ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਹੱਤਿਆ ਤੋਂ ਬਾਅਦ ਭੱਜਣ ਲਈ ਪਿੰਡ ਸੀਤੋ ਨੌ ਆਬਾਦ ਦੇ ਕੁਲਬੀਰ ਸਿੰਘ ਨੇ ਗੱਡੀ ਮੁਹੱਈਆ ਕਰਵਾਈ ਸੀ।
50 ਲੱਖ ਦੀ ਫਿਰੌਤੀ ਮੰਗ ਕੇ ਪੰਜ ਲੱਖ ਤੱਕ ਵਸੂਲਦੇ ਰਹੇ
ਪੁਲਿਸ ਜਾਂਚ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਫਤਿਹਵਾਲ ਸਥਿਤ ਇਕ ਨਿੱਜੀ ਸਕੂਲ ਦੇ ਮਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਸਬੰਧੀ ਦੋ ਵਾਰ ਗੋਲੀਬਾਰੀ ਵੀ ਕਰਵਾਈ ਗਈ। ਇਸ ਤੋਂ ਇਲਾਵਾ ਵੱਖ-ਵੱਖ ਕਾਰੋਬਾਰੀਆਂ ਅਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਫਿਰੌਤੀ ਵਸੂਲਣ ਦੇ ਮਾਮਲੇ ਸਾਹਮਣੇ ਆਏ ਹਨ।
- ਪਿੰਡ ਭੰਗਾਲਾ ਦੇ ਆੜ੍ਹਤੀ ਤੋਂ 8 ਲੱਖ ਰੁਪਏ।
- ਦੁੱਧੀਏ ਤੋਂ 9 ਲੱਖ ਰੁਪਏ।
- ਟੈਂਟ ਹਾਊਸ ਮਾਲਕ ਤੋਂ 5 ਲੱਖ ਰੁਪਏ।
- ਦੁੱਧ ਵਿਕਰੇਤਾ ਤੋਂ 5 ਲੱਖ ਰੁਪਏ।
- ਪਿੰਡ ਤੂਤ ਦੇ ਕੈਮਿਸਟ ਤੋਂ 7 ਲੱਖ ਰੁਪਏ।
- ਪਿੰਡ ਮਾੜੀਮੇਘਾ ਦੇ ਆੜ੍ਹਤੀ ਤੋਂ 7 ਲੱਖ ਰੁਪਏ।
- ਪਿੰਡ ਦੁਬਲੀ ਦੇ ਆੜ੍ਹਤੀ ਤੋਂ 5 ਲੱਖ ਰੁਪਏ।
- ਸੇਵਾਮੁਕਤ ਸਿਵਲ ਸਰਜਨ ਤੋਂ 20 ਲੱਖ ਰੁਪਏ।
- ਪੱਟੀ ਦੇ ਪ੍ਰਾਪਰਟੀ ਡੀਲਰ ਤੋਂ 9 ਲੱਖ ਰੁਪਏ।
- ਪਿੰਡ ਭੰਗਾਲਾ ਦੇ ਪੈਟਰੋਲ ਪੰਪ ਮਾਲਕ ਤੋਂ 6 ਲੱਖ ਰੁਪਏ।
- ਪਿੰਡ ਤਲਵੰਡੀ ਦੇ ਡੇਅਰੀ ਮਾਲਕ ਤੋਂ 10 ਲੱਖ ਰੁਪਏ।
- ਕਰਿਆਨਾ ਵਪਾਰੀ ਤੋਂ 5 ਲੱਖ ਰੁਪਏ।
- ਪੱਟੀ ਦੇ ਟੈਲੀਕਾਮ ਮਾਲਕ ਤੋਂ 4 ਲੱਖ ਰੁਪਏ।
- ਪਿੰਡ ਸੀਤੋ ਦੇ ਡੇਅਰੀ ਮਾਲਕ ਤੋਂ 5 ਲੱਖ ਰੁਪਏ।
- ਦੁਬਲੀ ਦੇ ਡਾਕਟਰ ਤੋਂ 5 ਲੱਖ ਰੁਪਏ।
ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਨੂੰ ਟਰੇਸ ਕਰ ਲਿਆ ਗਿਆ ਹੈ।
ਇਨ੍ਹਾਂ ਕਾਰੋਬਾਰੀਆਂ ਨੂੰ ਵੀ ਬਣਾਇਆ ਨਿਸ਼ਾਨਾ
- ਪਿੰਡ ਕਾਲੇਕੇ ਦੇ ਟਰੈਕਟਰ ਕਾਰੋਬਾਰੀ ਤੋਂ ਫਿਰੌਤੀ ਮੰਗਣ ਲਈ ਗੋਲੀਬਾਰੀ ਕਰਵਾਈ।
- ਪਿੰਡ ਤੂਤ ਦੇ ਆੜ੍ਹਤੀ ਤੋਂ ਫਿਰੌਤੀ ਮੰਗਣ ਲਈ ਪੰਜ ਰਾਊਂਡ ਗੋਲੀਆਂ ਚਲਵਾਈਆਂ।
- ਪੱਟੀ ਦੀ ਹਲਵਾਈ ਦੀ ਦੁਕਾਨ ’ਤੇ ਦੋ ਵਾਰ ਗੋਲੀਬਾਰੀ ਕਰਵਾਈ।
- ਪੱਟੀ ਦੇ ਨਿੱਜੀ ਹਸਪਤਾਲ ’ਤੇ ਗੋਲੀਆਂ ਚਲਵਾਈਆਂ।
- ਨਾਮਵਰ ਸਕੂਲ ਦੇ ਮਾਲਕ ਤੋਂ ਫਿਰੌਤੀ ਮੰਗਣ ਲਈ ਸੱਤ ਤੋਂ ਅੱਠ ਰਾਊਂਡ ਫਾਇਰ ਕੀਤੇ।
- ਘਰਿਆਲਾ ਦੇ ਪੈਟਰੋਲ ਪੰਪ ਮਾਲਕ ਤੋਂ ਫਿਰੌਤੀ ਮੰਗਣ ਲਈ ਛੇ ਰਾਊਂਡ ਗੋਲੀਆਂ ਚਲਵਾਈਆਂ।
- ਦੁਬਲੀ ਦੇ ਪੈਟਰੋਲ ਪੰਪ ਮਾਲਕ ’ਤੇ ਛੇ ਰਾਊਂਡ ਫਾਇਰ ਕੀਤੇ।
- ਭੰਗਾਲਾ ਦੇ ਪੈਟਰੋਲ ਪੰਪ ਮਾਲਕ ਤੋਂ 50 ਲੱਖ ਦੀ ਫਿਰੌਤੀ ਮੰਗ ਕੇ ਪੰਜ ਰਾਊਂਡ ਗੋਲੀਆਂ ਚਲਵਾਈਆਂ।
- ਭਿੱਖੀਵਿੰਡ ਦੇ ਮੋਬਾਈਲ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗ ਕੇ ਦੁਕਾਨ ’ਤੇ ਗੋਲੀਆਂ ਚਲਵਾਈਆਂ।
ਕਈ ਹੋਰ ਨਾਂ ਵੀ ਆਏ ਸਾਹਮਣੇ
ਫਿਰੌਤੀ ਵਸੂਲਣ ਦੇ ਮਾਮਲਿਆਂ ਵਿੱਚ ਪੁਲਿਸ ਨੂੰ ਕੁਝ ਅਜਿਹੇ ਸੁਰਾਗ ਮਿਲੇ ਹਨ, ਜਿਨ੍ਹਾਂ ਰਾਹੀਂ ਅਫਰੀਦੀ ਨਾਲ ਜੁੜੇ ਕਈ ਹੋਰ ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ। ਪੁਲਿਸ ਨੇ ਜਾਂਚ ਦੌਰਾਨ ਇਹ ਵੀ ਪਤਾ ਲਗਾਇਆ ਹੈ ਕਿ ਫਿਰੌਤੀ ਲਈ ਨਿਸ਼ਾਨਾ ਬਣਾਏ ਗਏ ਹਰੇਕ ਵਪਾਰੀ ਦੀ ਜਾਣਕਾਰੀ ਗੈਂਗਸਟਰਾਂ ਤੱਕ ਕਿਸ ਵਿਅਕਤੀ ਨੇ ਪਹੁੰਚਾਈ ਸੀ।
ਹਾਲਾਂਕਿ, ਇਸ ਪੂਰੇ ਮਾਮਲੇ ਬਾਰੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਫਿਲਹਾਲ ਕੁਝ ਵੀ ਕਹਿਣ ਲਈ ਤਿਆਰ ਨਹੀਂ ਹਨ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਸਿਰਫ਼ ਇੰਨਾ ਕਿਹਾ ਕਿ ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਇਸ ਸਮੇਂ ਹੋਰ ਖ਼ੁਲਾਸੇ ਕਰਨਾ ਉਚਿਤ ਨਹੀਂ ਹੋਵੇਗਾ।