- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਵਲਟੋਹਾ ਅਧੀਨ ਆਉਂਦੀ ਚੌਕੀ ਅਲਗੋਂ ਦੀ ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਟਰੈਕਟਰ ਟਰਾਲੀ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਦਲਜਿਦੰਰ ਸਿੰਘ, ਪੰਜਾਬੀ ਜਾਗਰਣ, ਅਲਗੋਂ ਕੋਠੀ : ਖੇਮਕਰਨ-ਭਿੱਖੀਵਿੰਡ ਮਾਰਗ ’ਤੇ ਪੈਂਦੇ ਪਿੰਡ ਡਿੱਬੀਪੁਰਾ ਦੇ ਕੋਲ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਈਕ ਸਵਾਰ ਦੋ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਤੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ। ਥਾਣਾ ਵਲਟੋਹਾ ਅਧੀਨ ਆਉਂਦੀ ਚੌਕੀ ਅਲਗੋਂ ਦੀ ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਟਰੈਕਟਰ ਟਰਾਲੀ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਛੱਤਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਮਰਕੋਟ ਤੇ ਹੀਰਾ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਵਾੜਾ ਤੇਲੀਆਂ, ਮੋਟਰਸਾਈਕਲ ਰੇਹੜੀ ਚਲਾਉਣ ਦਾ ਕੰਮ ਕਰਦੇ ਸਨ। ਨਛੱਤਰ ਸਿੰਘ ਦੀ ਮੋਟਰਸਾਈਕਲ ਰੇਹੜੀ ਖ਼ਰਾਬ ਹੋ ਗਈ ਸੀ, ਜਿਸ ਦਾ ਸਮਾਨ ਲੈਣ ਲਈ ਉਹ ਹੀਰਾ ਸਿੰਘ ਨਾਲ ਉਸੇ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭਿੱਖੀਵਿੰਡ ਗਿਆ ਤੇ ਜਦੋਂ ਸਮਾਨ ਲੈ ਕੇ ਪਰਤ ਰਹੇ ਸੀ ਤਾਂ ਪਿੰਡ ਡਿੱਬੀਪੁਰਾ ਦੇ ਸੂਏ ਦੇ ਪੁਲ ਕੋਲ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਦੌਰਾਨ ਨਛੱਤਰ ਸਿੰਘ ਤੇ ਹੀਰਾ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਜ਼ਖ਼ਮਾ ਦੀ ਤਾਬ ਨਾ ਝੱਲਦਿਆਂ ਦੋਵਾਂ ਨੇ ਦਮ ਤੋੜ ਦਿੱਤਾ। ਉੱਧਰ ਚੌਕੀ ਅਲਗੋਂ ਦੇ ਇੰਚਾਰਜ ਏਐੱਸਆਈ ਸੁਨੀਲ ਦੱਤ ਨੇ ਦੱਸਿਆ ਕਿ ਟਰੈਕਟਰ ਚਾਲਕ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਆਸਲ ਉਤਾੜ ਵਜੋਂ ਹੋਈ ਹੈ। ਜਿਸ ਨੂੰ ਕੇਸ ’ਚ ਨਾਮਜ਼ਦ ਕਰਕੇ ਜਿਥੇ ਗ੍ਰਿਫ਼ਤਾਰ ਕਰ ਲਿਆ ਹੈ। ਉਥੇ ਹੀ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਤੋਂ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।