ਤਰਨਤਾਰਨ ’ਚ ਕਲਯੁਗੀ ਮਾਂ ਦੀ ਹੈਵਾਨੀਅਤ, ਡੇਢ ਸਾਲ ਦੀ ਮਾਸੂਮ ਨੂੰ ਬੇਰਹਿਮੀ ਨਾਲ ਕੁੱਟਿਆ; ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਕੀਤਾ ਰੈਸਕਿਊ
ਮੋਹੱਲਾ ਨਾਨਕਸਰ ਵਿੱਚ ਮੰਗਲਵਾਰ ਨੂੰ ਦਿਲ ਕੰਬਾਊ ਘਟਨਾ ਸਾਹਮਣੇ ਆਈ। ਨਸ਼ੇ ਦੀ ਲਤ ਦਾ ਸ਼ਿਕਾਰ ਜੈਮਲ ਸਿੰਘ ਦੀ ਪਤਨੀ ਸਿਮਰਨ ਨੇ ਆਪਣੀ ਡੇਢ ਸਾਲ ਦੀ ਮਾਸੂਮ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
Publish Date: Tue, 16 Jun 2026 05:00 PM (IST)
Updated Date: Tue, 16 Jun 2026 05:04 PM (IST)
ਧਰਮਬੀਰ ਸਿੰਘ ਮਲਹਾਰ, ਜਾਗਰਣ, ਤਰਨਤਾਰਨ। ਮੋਹੱਲਾ ਨਾਨਕਸਰ ਵਿੱਚ ਮੰਗਲਵਾਰ ਨੂੰ ਦਿਲ ਕੰਬਾਊ ਘਟਨਾ ਸਾਹਮਣੇ ਆਈ। ਨਸ਼ੇ ਦੀ ਲਤ ਦਾ ਸ਼ਿਕਾਰ ਜੈਮਲ ਸਿੰਘ ਦੀ ਪਤਨੀ ਸਿਮਰਨ ਨੇ ਆਪਣੀ ਡੇਢ ਸਾਲ ਦੀ ਮਾਸੂਮ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਧੀ ਨੂੰ ਪਿੱਟਣ ਦੀ ਵੀਡੀਓ ਬਣਾ ਕੇ ਪਹਿਲਾਂ ਆਪਣੇ ਪਤੀ ਨੂੰ ਭੇਜੀ ਅਤੇ ਫਿਰ ਇਹ ਵੀਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤੀ। ਮਾਮਲੇ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਰੈਸਕਿਊ ਕਰਦੇ ਹੋਏ ਮਾਸੂਮ ਬੱਚੀ ਨੂੰ ਬਰਾਮਦ ਕਰ ਲਿਆ ਹੈ। ਅਗਲੇਰੀ ਜਾਂਚ ਥਾਣਾ ਸਿਟੀ ਦੀ ਪੁਲਿਸ ਨੂੰ ਸੌਂਪੀ ਗਈ ਹੈ।
ਮੁਰਾਦਪੁਰਾ ਦੇ ਰਹਿਣ ਵਾਲੇ ਹੀਰਾ ਸਿੰਘ ਦਾ ਲੜਕਾ ਜੈਮਲ ਸਿੰਘ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ। ਕਰੀਬ ਚਾਰ ਸਾਲਾਂ ਤੋਂ ਉਹ ਮੋਹੱਲਾ ਨਾਨਕਸਰ ਦੀ ਰਹਿਣ ਵਾਲੀ ਸਿਮਰਨ ਨਾਮਕ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਹੈ, ਜਿਸ ਦੌਰਾਨ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ।
ਜੈਮਲ ਸਿੰਘ ਅਤੇ ਸਿਮਰਨ ਕਥਿਤ ਤੌਰ 'ਤੇ ਦੋਵੇਂ ਹੀ ਨਸ਼ੇ ਦੇ ਆਦੀ ਹਨ। ਜੈਮਲ ਸਿੰਘ ਨੂੰ ਨਸ਼ਾ ਮੁਕਤ ਕਰਨ ਲਈ ਉਸ ਦੀ ਭੂਆ ਉਸ ਨੂੰ ਸਰਹੱਦੀ ਪਿੰਡ ਆਸਲ ਸਥਿਤ ਇੱਕ ਨਿੱਜੀ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਕਰਵਾਉਣ ਲਈ ਆਪਣੇ ਨਾਲ ਲੈ ਗਈ ਸੀ।
ਨਸ਼ੇ ਦੀ ਤੋਟ ਕਾਰਨ ਮਾਸੂਮ 'ਤੇ ਕੱਢਿਆ ਗੁੱਸਾ
ਇਸ ਦੌਰਾਨ ਸਿਮਰਨ ਆਪਣੀ ਮਾਸੂਮ ਧੀ ਸਮੇਤ ਮੋਹੱਲਾ ਨਾਨਕਸਰ ਸਥਿਤ ਆਪਣੇ ਪੇਕੇ ਘਰ ਆ ਗਈ। ਸਿਮਰਨ ਨੇ ਜੈਮਲ ਨੂੰ ਕਈ ਵਾਰ ਵਾਪਸ ਆਉਣ ਲਈ ਕਿਹਾ ਪਰ ਉਸ ਦੀ ਭੂਆ ਨੇ ਜੈਮਲ ਨੂੰ ਸਿਮਰਨ ਕੋਲ ਨਹੀਂ ਭੇਜਿਆ। ਸੂਤਰਾਂ ਦੀ ਮੰਨੀਏ ਤਾਂ ਸਿਮਰਨ ਨੂੰ ਜਦੋਂ ਨਸ਼ੇ ਦੀ ਤਲਬ ਲੱਗਦੀ ਸੀ ਤਾਂ ਜੈਮਲ ਹੀ ਉਸ ਦੀ ਪੂਰਤੀ ਕਰਵਾਉਂਦਾ ਸੀ।
ਜੈਮਲ ਦੇ ਜਾਣ ਤੋਂ ਬਾਅਦ ਸਿਮਰਨ ਦੀ ਨਸ਼ੇ ਦੀ ਭੁੱਖ ਵਧਣ ਲੱਗੀ। ਉਸ ਨੇ ਜੈਮਲ ਨੂੰ ਇਮੋਸ਼ਨਲ ਬਲੈਕਮੇਲ ਕਰਨ ਲਈ ਮੰਗਲਵਾਰ ਨੂੰ ਆਪਣੀ ਮਾਸੂਮ ਧੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਕਰੀਬ 18 ਸੈਕਿੰਡ ਦੀ ਇੱਕ ਵੀਡੀਓ ਬਣਾਈ।
ਬਾਲ ਹੈਲਪਲਾਈਨ ਦੀ ਮਦਦ ਨਾਲ ਬੱਚੀ ਦਾ ਰੈਸਕਿਊ
ਬਾਅਦ ਵਿੱਚ ਇਹ ਵੀਡੀਓ ਜੈਮਲ ਨੂੰ ਭੇਜੀ ਗਈ। ਦੁਪਹਿਰ ਦੋ ਵਜੇ ਜੈਮਲ ਸਿੰਘ ਨੇ ਬਾਲ ਹੈਲਪਲਾਈਨ ਨੰਬਰ 1098 'ਤੇ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਉਸ ਨੇ ਵੀਡੀਓ ਭੇਜਦੇ ਹੋਏ ਦੱਸਿਆ ਕਿ ਬੱਚੀ ਨਾਲ ਕੁੱਟਮਾਰ ਕਰਦੇ ਹੋਏ ਸਿਮਰਨ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਥਾਣਾ ਸਿਟੀ ਦੇ ਸਬ-ਇੰਸਪੈਕਟਰ ਗਗਨਦੀਰ ਸਿੰਘ, ਐੱਲ.ਸੀ.ਟੀ. ਕਾਜਲ ਕੁਮਾਰੀ, ਮਨਮੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਕੰਚਨ ਕੌਰ 'ਤੇ ਅਧਾਰਿਤ ਟੀਮ ਨਾਲ ਮੋਹੱਲਾ ਨਾਨਕਸਰ ਸਥਿਤ ਸਿਮਰਨ ਦੇ ਪੇਕੇ ਘਰ ਛਾਪੇਮਾਰੀ ਕਰਕੇ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ। ਬਾਅਦ ਵਿੱਚ ਕਾਨੂੰਨੀ ਕਾਰਵਾਈ ਦੌਰਾਨ ਮਾਸੂਮ ਬੱਚੀ ਨੂੰ ਉਸ ਦੀ ਦਾਦੀ ਸੁਖਵਿੰਦਰ ਕੌਰ ਦੇ ਹਵਾਲੇ ਕਰ ਦਿੱਤਾ ਗਿਆ।