- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗੱਜ ਅੱਜ ਕਰਨਗੇ ਹਰੀਕੇ ’ਚ ਅਰਦਾਸ

ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ,
ਹਰੀਕੇ ਪੱਤਣ : ਮਨੁੱਖੀ ਅਧਿਕਾਰ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਨੌਜਵਾਨਾਂ ਨਮਿਤ ਸਤਲੁਜ ਦਰਿਆ ਦੇ ਕੰਢੇ ਮੰਗਲਵਾਰ ਨੂੰ ਹੋਣ ਵਾਲੇ ਵਿਸ਼ੇਸ਼ ਅਰਦਾਸ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਰਦਾਸ ਕਰਨਗੇ। ਇਸ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਅਤੇ ਅਰਦਾਸ ਸਮਾਗਮ ਦੇ ਪ੍ਰਬੰਧਕ ਜਥੇਦਾਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ 14 ਜੁਲਾਈ ਸ਼ਾਮ 6 ਵਜੇ ਦਰਿਆ ਸਤਲੁਜ ਦੇ ਕੰਢੇ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਪਾਲਕੀ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਵੈਰਾਗਮਈ ਕੀਰਤਨ ਅਤੇ ਅਰਦਾਸ ਹੋਵੇਗੀ। ਸੰਗਤ ਲਈ ਗੁਰੂ ਕੇ ਲੰਗਰ ਦੇ ਵਿਸ਼ਾਲ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਪਰਿਵਾਰਾਂ ਸਮੇਤ ਅਰਦਾਸ ਸਮਾਗਮ ਵਿਚ ਸ਼ਮੂਲੀਅਤ ਕਰਕੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਅਪੀਲ ਕੀਤੀ।
----
ਅਰਦਾਸ ਸਮਾਗਮ ’ਚ ਸ਼ਾਮਲ ਹੋਣ ਪੀੜਤ ਪਰਿਵਾਰ : ਜਥੇਦਾਰ ਗੜਗੱਜ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਤਿਲਕ ਜੰਝੂ ਦੇ ਰਾਖੇ 9ਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਨੂੰ ਅਪਣਾਉਦਿਆਂ ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਹੱਕਾਂ ਲਈ ਜਾਨ ਵਾਰ ਦਿੱਤੀ ਸੀ। ਹਜਾਰਾਂ ਲਾਵਾਰਿਸ ਲਾਸ਼ਾਂ ਨੂੰ ਉਨ੍ਹਾਂ ਨੇ ਪਛਾਣ ਦਿਵਾਈ ਅਤੇ ਬਹੁਤਾਤ ਮਾਮਲੇ ਸੀਬੀਆਈ ਦੀ ਅਦਾਲਤ ’ਚ ਸੁਣਵਾਈ ਅਧੀਨ ਹਨ। ਉਨ੍ਹਾਂ ਨੇ ਕਿਹਾ ਕਿ 1995 ’ਚ ਅਗਵਾ ਕਰਕੇ ਕਤਲ ਕੀਤੇ ਗਏ ਭਾਈ ਜਸਵੰਤ ਸਿੰਘ ਖਾਲੜਾ ਅਤੇ ਹੋਰ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਸਤਲੁਜ ਦਰਿਆ ਦੇ ਕੰਢੇ ਮੰਗਲਵਾਰ ਸ਼ਾਮ ਨੂੰ ਅਰਦਾਸ ਕੀਤੀ ਜਾਵੇਗੀ। ਜਥੇਦਾਰ ਗੜਗੱਜ ਨੇ ਸਮਾਗਮ ਵਿਚ ਖਾਲੜਾ ਮਿਸ਼ਨ, ਮਨੁੱਖੀ ਅਧਿਕਾਰ ਸੰਗਠਨ, ਪੀੜਤਾਂ ਦੇ ਵਾਰਸ, ਸੰਘਰਸ਼ਸ਼ੀਲ, ਸਮਾਜਿਕ, ਧਾਰਮਿਕ ਅਤੇ ਰਾਜਸੀ ਜਥੇਬੰਦੀਆਂ, ਵਕੀਲ, ਰਾਗੀ, ਢਾਡੀ, ਪ੍ਰਚਾਰਕ, ਪੰਥ ਦਰਦੀ ਅਤੇ ਪੀੜਤ ਪਰਿਵਾਰਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ।