- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੰਦ ਸਹਿਕਾਰੀ ਅਦਾਰਿਆਂ ਨੂੰ ਮੁੜ ਚਾਲੂ ਕਰੇ ਸਰਕਾਰ, ਸ਼ੇਰੋਂ ਖੰਡ ਮਿੱਲ ਦੀ ਬਹਾਲੀ ਲਈ ਸੰਘਰਸ਼ ਜਾਰੀ ਰਹੇਗਾ : ਸੰਯੁਕਤ ਕਿਸਾਨ ਮੋਰਚਾ

ਕਿਹਾ, ਸ਼ੇਰੋਂ ਖੰਡ ਮਿੱਲ ਦੀ ਬਹਾਲੀ ਲਈ ਸੰਘਰਸ਼ ਰਹੇਗਾ ਜਾਰੀ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਦੀ ਮੁੜ ਬਹਾਲੀ ਲਈ ਲੱਗੇ ਪੱਕੇ ਮੋਰਚੇ ਤੋਂ ਸੰਯੁਕਤ ਕਿਸਾਨ ਮੋਰਚਾ ਐੱਸਕੇਐੱਮ ਦੇ ਆਗੂਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿਚ ਬੰਦ ਪਏ ਸਹਿਕਾਰੀ ਅਦਾਰਿਆਂ ਨੂੰ ਮੁੜ ਚਾਲੂ ਕਰਨ ਲਈ ਠੋਸ ਯੋਜਨਾ ਬਣਾਈ ਜਾਵੇ, ਤਾਂ ਜੋ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਮੁੜ ਰੁਜ਼ਗਾਰ ਅਤੇ ਬਿਹਤਰ ਸੇਵਾਵਾਂ ਮਿਲ ਸਕਣ।
ਧਰਨੇ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਹਰਜਿੰਦਰ ਸਿੰਘ ਟਾਂਡਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਦਲਜੀਤ ਸਿੰਘ ਦਿਆਲਪੁਰਾ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ ਅਤੇ ਇੰਦਰਜੀਤ ਸਿੰਘ ਮਰਹਾਣਾ ਨੇ ਕਿਹਾ ਕਿ ਸਹਿਕਾਰੀ ਅਦਾਰੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਨਾਲ-ਨਾਲ ਆਮ ਲੋਕਾਂ ਨੂੰ ਸਸਤੀਆਂ ਅਤੇ ਬਿਹਤਰ ਸੇਵਾਵਾਂ ਵੀ ਮੁਹੱਈਆ ਕਰਵਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੇਰੋਂ ਖੰਡ ਮਿੱਲ ਤਰਨਤਾਰਨ ਜ਼ਿਲ੍ਹੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਸੀ, ਪਰ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ। ਜਿਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ।
ਆਗੂਆਂ ਨੇ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਸ਼ੇਰੋਂ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ, ਤਾਂ ਜੋ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਵਾਅਦਾ ਪੂਰਾ ਕਰਨ ਦੀ ਬਜਾਏ ਮਿੱਲ ਦੀ ਮਲਕੀਅਤ ਪੁੱਡਾ ਅਤੇ ਹੋਰ ਅਦਾਰਿਆਂ ਨੂੰ ਤਬਦੀਲ ਕੀਤੀ ਜਾ ਰਹੀ ਹੈ, ਜਿਸ ਨਾਲ ਲੋਕਾਂ ਦੀ ਕਰੋੜਾਂ ਰੁਪਏ ਦੀ ਸੰਪਤੀ ਖ਼ਤਮ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੇਰੋਂ ਖੰਡ ਮਿੱਲ ਨੂੰ ਮੁੜ ਚਾਲੂ ਕਰਨ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮਿੱਲ ਦੇ ਖਾਤਿਆਂ ਵਿਚ ਕਰੋੜਾਂ ਰੁਪਏ ਜਮ੍ਹਾਂ ਹੋਣ ਕਾਰਨ ਇਸ ਨੂੰ ਚਾਲੂ ਕਰਨ ਲਈ ਪੰਜਾਬ ਸਰਕਾਰ ’ਤੇ ਵਾਧੂ ਵਿੱਤੀ ਬੋਝ ਨਹੀਂ ਪਵੇਗਾ। ਇਸ ਮੌਕੇ ਬਲਕਾਰ ਸਿੰਘ ਵਲਟੋਹਾ, ਮਨਜੀਤ ਸਿੰਘ ਬੱਗੂ, ਜਤਿੰਦਰ ਸਿੰਘ ਛੀਨਾ, ਸੁਖਦੇਵ ਸਿੰਘ ਤੁੜ, ਦਰਸ਼ਨ ਸਿੰਘ ਬਿਹਾਰੀਪੁਰ, ਸੁਖਬਾਜ ਸਿੰਘ ਸਿੱਧੂ, ਦਵਿੰਦਰ ਸੋਹਲ, ਜੋਗਿੰਦਰ ਸਿੰਘ, ਦਿਆਲ ਸਿੰਘ ਤੁੜ, ਭਾਗ ਸਿੰਘ ਤੁੜ, ਸੂਬੇਦਾਰ ਜਸਪਾਲ ਸਿੰਘ ਤੁੜ, ਕਸ਼ਮੀਰ ਸਿੰਘ, ਅਮਰੀਕ ਸਿੰਘ ਸ਼ੇਰੋਂ, ਬਲਦੇਵ ਸਿੰਘ ਸ਼ੇਰੋਂ, ਗੁਰਚਰਨ ਸਿੰਘ ਸਭਰਾ ਅਤੇ ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਮਜ਼ਦੂਰ ਹਾਜ਼ਰ ਸਨ।