- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਦਾ ਕੀਤਾ ਸਨਮਾਨ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਗਰੀਬ ਆਦਮੀ ਪਾਰਟੀ ਦਾ ਇਕ ਵਫ਼ਦ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਤਰਨਤਾਰਨ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸੰਦੀਪ ਧਵਨ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ। ਇਸ ਮੌਕੇ ਵਫ਼ਦ ਵੱਲੋਂ ਡਾ. ਸੰਦੀਪ ਧਵਨ, ਡਾ. ਭਾਰਤੀ ਧਵਨ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੂੰ ਗੁਰੂ ਕੀ ਨਗਰੀ ਵਿਚ ਆਉਣ ’ਤੇ ਜੀ ਆਇਆਂ ਆਖਦਿਆਂ ਧਾਰਮਿਕ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਵਫ਼ਦ ਨੇ ਗਰੀਬ ਅਤੇ ਲੋੜ੍ਹਵੰਦ ਮਰੀਜ਼ਾਂ ਨੂੰ ਸਿਵਲ ਹਸਪਤਾਲ ਵਿਚ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਸਿਵਲ ਸਰਜਨ ਨੂੰ ਵਿਸਥਾਰ ਨਾਲ ਜਾਣੂੰ ਕਰਵਾਇਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਆਉਣ ਵਾਲੇ
ਮਰੀਜ਼ਾਂ ਨੂੰ ਅਕਸਰ ਪੂਰੀ ਦਵਾਈ ਉਪਲੱਬਧ ਨਹੀਂ ਹੁੰਦੀ, ਜਿਸ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ’ਤੇ ਬਾਹਰੋਂ ਦਵਾਈਆਂ ਖਰੀਦਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਵਫ਼ਦ ਨੇ ਬੇਨਤੀ ਕੀਤੀ ਕਿ ਡਾਕਟਰ ਮਰੀਜ਼ਾਂ ਨੂੰ ਉਹੀ ਦਵਾਈਆਂ ਲਿਖਣ, ਜੋ ਹਸਪਤਾਲ ਵਿਚ ਮੁਫ਼ਤ ਉਪਲੱਬਧ ਹਨ, ਤਾਂ ਜੋ ਗਰੀਬ ਵਰਗ ਨੂੰ ਸਰਕਾਰੀ ਸਿਹਤ ਸੇਵਾਵਾਂ ਦਾ ਪੂਰਾ ਲਾਭ ਮਿਲ ਸਕੇ।
ਵਫ਼ਦ ਨੇ ਇਹ ਵੀ ਦੱਸਿਆ ਕਿ ਹਸਪਤਾਲ ਵਿਚ 10 ਲੱਖ ਰੁਪਏ ਤਕ ਦੇ ਮੁਫ਼ਤ ਸਿਹਤ ਬੀਮਾ ਕਾਰਡ ਬਣਾਉਣ ਲਈ ਲੋਕਾਂ ਦੀ ਭਾਰੀ ਭੀੜ ਰਹਿੰਦੀ ਹੈ, ਜਿਸ ਕਾਰਨ ਖਾਸ ਕਰਕੇ ਗਰੀਬ ਵਰਗ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਸੁਚਾਰੂ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸ ਦੇ ਨਾਲ ਹੀ ਹਸਪਤਾਲ ਵਿਚ ਪਾਰਕਿੰਗ ਦੀ ਸਮੱਸਿਆ ਵੱਲ ਵੀ ਸਿਵਲ ਸਰਜਨ ਦਾ ਧਿਆਨ ਦਿਵਾਇਆ ਗਿਆ। ਡਾ. ਸੰਦੀਪ ਧਵਨ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਹਸਪਤਾਲ ਵਿਚ ਲੋਕਾਂ ਨੂੰ ਦਰਪੇਸ਼ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਜਲਦੀ ਹੀ ਲੋੜੀਂਦੇ ਕਦਮ ਚੁੱਕੇ ਜਾਣਗੇ।
ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਤੋਂ ਇਲਾਵਾ ਐਡਵੋਕੇਟ ਆਦੇਸ਼ ਅਗਨੀਹੋਤਰੀ, ਐਡਵੋਕੇਟ ਦਇਆ ਸਿੰਘ, ਹਰਜਿੰਦਰ ਸਿੰਘ ਵਾਲੀਆ, ਡਾ. ਪਰਮਜੀਤ ਸਿੰਘ ਚੁੱਗ, ਡਾ. ਲਾਲ ਸਿੰਘ, ਸੁਖਜਿੰਦਰ ਸਿੰਘ ਕਾਕਾ, ਤਰਲੋਚਨ ਸਿੰਘ ਕਾਕਾ, ਕਵਲਜੀਤ ਸਿੰਘ ਕਾਨਪੁਰ ਬੈਗ ਹਾਊਸ ਅਤੇ ਬਾਬਾ ਪ੍ਰੇਮ ਸਿੰਘ ਆਦਿ ਹਾਜ਼ਰ ਸਨ।