ਭਾਈ ਖ਼ਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ਨੂੰ ਹਟਾਉਣਾ ਇਕ ਸਾਜ਼ਿਸ਼ : ਬ੍ਰਹਮਪੁਰਾ ਭਾਈ ਖ਼ਾਲੜਾ ਦੇ ਜੀਵਨ ’ਤੇ ਬਣੀ ਫ਼ਿਲਮ ਨੂੰ ਹਟਾਉਣਾ ਪੰਜਾਬ ਦੇ ਇਤਿਹਾਸ ਨੂੰ ਦਬਾਉਣ ਦੀ ਸਾਜ਼ਿਸ਼ - ਬ੍ਰਹਮਪੁਰਾ
Publish Date: Wed, 08 Jul 2026 08:24 PM (IST)
Updated Date: Thu, 09 Jul 2026 04:07 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਜੀਵਨ ਅਤੇ ਸੰਘਰਸ਼ ’ਤੇ ਬਣੀ ਫ਼ਿਲਮ ਨੂੰ ਚੱਲਦੇ ਪ੍ਰਸਾਰਣ ਓਟੀਟੀ ਮੰਚ ਤੋਂ ਮਹਿਜ਼ ਕੁਝ ਦਿਨਾਂ ਅੰਦਰ ਹਟਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਪੰਜਾਬ ਦੇ ਸੱਚ ਅਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਜ਼ਬਰਦਸਤੀ ਦਬਾਉਣ ਦੀ ਇਕ ਡੂੰਘੀ ਤੇ ਗਿਣੀ-ਮਿੱਥੀ ਸਾਜ਼ਿਸ਼ ਕਰਾਰ ਦਿੱਤਾ ਹੈ। ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖ਼ਾਲੜਾ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਹੋਏ ਹਜ਼ਾਰਾਂ ਨਾਜਾਇਜ਼ ਸਸਕਾਰਾਂ ਅਤੇ ਲਾਪਤਾ ਕੀਤੇ ਗਏ ਬੇਗੁਨਾਹ ਨੌਜਵਾਨਾਂ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਸੀ, ਜਿਸ ਦੀ ਗਵਾਹੀ ਖੁਦ ਦੇਸ਼ ਦੀ ਸਰਬਉੱਚ ਅਦਾਲਤ ਅਤੇ ਸੀਬੀਆਈ ਨੇ ਆਪਣੀਆਂ ਜਾਂਚ ਰਿਪੋਰਟਾਂ ਵਿਚ ਦਿੱਤੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਦੇਸ਼ ਦੀਆਂ ਅਦਾਲਤਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਤੋਂ ਲੰਘ ਕੇ ਇਹ ਫ਼ਿਲਮ ਦਰਸ਼ਕਾਂ ਦੇ ਸਾਹਮਣੇ ਆਈ, ਤਾਂ ਆਖਿਰ ਅਜਿਹੀ ਕਿਹੜੀ ਅਦਿੱਖ ਤਾਕਤ ਹੈ ਜਿਸ ਨੇ ਮਹਿਜ਼ ਤਿੰਨ ਦਿਨਾਂ ਦੇ ਅੰਦਰ ਹੀ ਇਸ ਦੇ ਪ੍ਰਸਾਰਣ ’ਤੇ ਰੋਕ ਲਗਵਾ ਦਿੱਤੀ। ਉਨ੍ਹਾਂ ਇਤਿਹਾਸਕ ਸਟੈਂਡ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ 1995 ਵਿਚ ਖ਼ਾਲੜਾ ਨੂੰ ਅਗਵਾ ਕੀਤਾ ਗਿਆ ਸੀ, ਉਦੋਂ ਵੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਹੀ ਸਰਵਉੱਚ ਅਦਾਲਤ ਤਕ ਪਹੁੰਚ ਕਰਕੇ ਇਸ ਅਨਿਆਂ ਖ਼ਿਲਾਫ਼ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਸੀ। ਬੀਬੀ ਪਰਮਜੀਤ ਕੌਰ ਖ਼ਾਲੜਾ ਨੇ ਦਹਾਕਿਆਂ ਤਕ ਕਾਨੂੰਨੀ ਲੜਾਈ ਲੜ ਕੇ ਇਨਸਾਫ਼ ਦੀ ਸ਼ਮਾ ਨੂੰ ਜਗਾਈ ਰੱਖਿਆ ਹੈ, ਜਿਸ ਦਾ ਸਤਿਕਾਰ ਸਮੁੱਚੀ ਕੌਮ ਕਰਦੀ ਹੈ। ਸਾਬਕਾ ਵਿਧਾਇਕ ਬ੍ਰਹਮਪੁਰਾ ਨੇ ਅਲੋਚਨਾ ਕਰਦਿਆਂ ਆਖਿਆ ਕਿ ਹੁਣ ਦੇਸ਼ ਵਿਚ ਪੰਜਾਬ ਦੇ ਸੱਚੇ ਸੰਘਰਸ਼ ਨੂੰ ਪਰਦੇ ’ਤੇ ਦਿਖਾਉਣ ’ਤੇ ਵੀ ਪਾਬੰਦੀ ਹੈ। ਫ਼ਿਲਮ ਨੂੰ ਇਸ ਤਰ੍ਹਾਂ ਹਟਾਉਣਾ ਪ੍ਰਗਟਾਵੇ ਦੀ ਆਜ਼ਾਦੀ ਦਾ ਸ਼ਰੇਆਮ ਘਾਣ ਹੈ। ਅਸੀਂ ਪ੍ਰਸਾਰਣ ਕੰਪਨੀ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਫ਼ਿਲਮ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਦੁਬਾਰਾ ਬਹਾਲ ਕੀਤਾ ਜਾਵੇ, ਕਿਉਂਕਿ ਇਤਿਹਾਸ ਦੇ ਸੱਚ ਨੂੰ ਚਾਰਦੀਵਾਰੀ ਵਿਚ ਕੈਦ ਨਹੀਂ ਕੀਤਾ ਜਾ ਸਕਦਾ।