- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ 24 ਵਿਚ ਬਣੇਗਾ ਆਧੁਨਿਕ ਓਪਨ ਏਅਰ ਜਿਮ : ਕੌਂਸਲਰ ਲਾਲੀ ਵਸੀਕਾ

-ਪਾਰਕ ’ਚ ਵਿਕਸਤ ਹੋਵੇਗੀ ਸੁੰਦਰ ਸੈਰਗਾਹ, ਲੋਕਾਂ ਨੂੰ ਮਿਲਣਗੀਆਂ ਸਹੂਲਤਾਂ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ਹਿਰ ਦੇ ਵਾਰਡ ਨੰਬਰ 24 ਦੇ ਵਸਨੀਕਾਂ ਨੂੰ ਜਲਦ ਹੀ ਇਕ ਹੋਰ ਵਿਕਾਸ ਕਾਰਜ ਦੀ ਸੌਗਾਤ ਮਿਲਣ ਜਾ ਰਹੀ ਹੈ। ਪੰਜਾਬ ਸਰਕਾਰ ਦੇ ਉਪਰਾਲੇ ਅਤੇ ਹਲਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਾਰਡ ਦੇ ਪਾਰਕ ਵਿਚ ਆਧੁਨਿਕ ਸਹੂਲਤਾਂ ਨਾਲ ਲੈਸ ਓਪਨ ਏਅਰ ਜਿਮ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪਾਰਕ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸੁੰਦਰ ਅਤੇ ਵਿਸ਼ਾਲ ਸੈਰਗਾਹ ਵੀ ਬਣਾਈ ਜਾਵੇਗੀ। ਇਸ ਸਬੰਧੀ ਕੌਂਸਲਰ ਸਰਬਜੀਤ ਸਿੰਘ ਲਾਲੀ ਵਸੀਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਵਾਰਡ ਦੇ ਪਾਰਕ ਵਿਚ ਓਪਨ ਏਅਰ ਜਿਮ ਅਤੇ ਸੈਰਗਾਹ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੀ ਸੈਰ ਦੇ ਨਾਲ-ਨਾਲ ਕਸਰਤ ਕਰਨ ਦੀ ਵੀ ਸੁਵਿਧਾ ਮਿਲੇਗੀ।
ਕੌਂਸਲਰ ਲਾਲੀ ਵਸੀਕਾ ਨੇ ਕਿਹਾ ਕਿ ਹਲਕਾ ਵਿਧਾਇਕ ਡਾ. ਹਰਮੀਤ ਸਿੰਘ ਸੰਧੂ ਵੱਲੋਂ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਅਗਵਾਈ ਹੇਠ ਵਾਰਡਾਂ ਵਿਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨੂੰ ਧਿਆਨ ਵਿਚ ਰੱਖਦਿਆਂ ਪਾਰਕਾਂ ਦੇ ਵਿਕਾਸ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਓਪਨ ਏਅਰ ਜਿਮ ਵਿਚ ਆਧੁਨਿਕ ਕਸਰਤ ਯੰਤਰ ਲਗਾਏ ਜਾਣਗੇ, ਜਿਨ੍ਹਾਂ ਦੀ ਵਰਤੋਂ ਨੌਜਵਾਨਾਂ, ਔਰਤਾਂ ਤੇ ਬਜ਼ੁਰਗਾਂ ਸਮੇਤ ਹਰ ਵਰਗ ਦੇ ਲੋਕ ਕਰ ਸਕਣਗੇ। ਇਸ ਤੋਂ ਇਲਾਵਾ ਪਾਰਕ ਵਿਚ ਬਣਨ ਵਾਲੀ ਸੈਰਗਾਹ ਨੂੰ ਸੁੰਦਰ ਅਤੇ ਟਿਕਾਊ ਢੰਗ ਨਾਲ ਵਿਕਸਤ ਕੀਤਾ ਜਾਵੇਗਾ, ਤਾਂ ਜੋ ਸੈਰ ਕਰਨ ਵਾਲਿਆਂ ਨੂੰ ਵਧੀਆ ਮਾਹੌਲ ਮਿਲ ਸਕੇ। ਕੌਂਸਲਰ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਵਾਰਡ ਦੇ ਲੋਕਾਂ ਨੂੰ ਹਰ ਲੋੜੀਂਦੀ ਸਹੂਲਤ ਉਨ੍ਹਾਂ ਦੇ ਇਲਾਕੇ ਵਿਚ ਹੀ ਉਪਲੱਬਧ ਹੋਵੇ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਾਰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਜਾਰੀ ਰੱਖਿਆ ਜਾਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਕੀਤਾ ਜਾਵੇਗਾ।