ਵਾਈਸ ਆਫ਼ ਪੰਜਾਬ ਮਾਸਟਰ ਚੈਂਪ ਵਿਚ ਚਮਕਿਆ ਕਰਮਨ ਕੰਬੋਜ਼ ਵਾਈਸ ਆਫ਼ ਪੰਜਾਬ ਮਾਸਟਰ ਚੈਂਪ ਵਿਚ ਚਮਕਿਆ ਤਰਨਤਾਰਨ ਦਾ ਕਰਮਨ ਕੰਬੋਜ਼
Publish Date: Sun, 05 Jul 2026 08:16 PM (IST)
Updated Date: Mon, 06 Jul 2026 04:09 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਹੋਣਹਾਰ ਬਾਲ ਗਾਇਕ ਕਰਮਨ ਕੰਬੋਜ਼ ਪ੍ਰਸਿੱਧ ਟੈਲੀਵਿਜ਼ਨ ਰਿਐਲਿਟੀ ਸ਼ੋਅ ‘ਵਾਈਸ ਆਫ ਪੰਜਾਬ ਮਾਸਟਰ ਚੈਂਪ’ ਵਿਚ ਆਪਣੀ ਸੁਰੀਲੀ ਆਵਾਜ਼ ਅਤੇ ਸ਼ਾਨਦਾਰ ਗਾਇਕੀ ਨਾਲ ਦਰਸ਼ਕਾਂ ਅਤੇ ਜੱਜਾਂ ਦਾ ਦਿਲ ਜਿੱਤ ਲਿਆ ਹੈ। ਸ਼ੋਅ ਦੌਰਾਨ ਕਰਮਨ ਵੱਲੋਂ ਪੇਸ਼ ਕੀਤੇ ਗਏ ਗੀਤਾਂ ਨੂੰ ਜੱਜਾਂ ਵੱਲੋਂ ਭਰਪੂਰ ਸ਼ਲਾਘਾ ਅਤੇ ਆਸ਼ੀਰਵਾਦ ਮਿਲਿਆ, ਜਿਸ ਨਾਲ ਉਸ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਤਰਨਤਾਰਨ ਸ਼ਹਿਰ ਦੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਹਾਲਾਂਕਿ ਸਖਤ ਮਿਹਨਤ ਨਾਲ ਟਾਪ ਸੈਵਨ ਤਕ ਸਥਾਨ ਬਣਾਉਣ ਵਾਲੇ ਕਰਮਨ ਕੰਬੋਜ਼ ਨੇ ਫਿਲਹਾਲ ਸਿਹਤ ਸਬੰਧੀ ਮੁਸ਼ਕਿਲ ਦੇ ਚੱਲਦਿਆਂ ਸ਼ੋਅ ਤੋਂ ਵਿਰਾਮ ਲਿਆ ਹੈ। 14 ਸਾਲਾ ਕਰਮਨ ਕੰਬੋਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਬਹੁਤ ਸ਼ੌਕ ਰਿਹਾ ਹੈ। ਆਪਣੀ ਲਗਨ, ਮਿਹਨਤ ਅਤੇ ਸੰਗੀਤ ਪ੍ਰਤੀ ਸਮਰਪਣ ਦੇ ਸਦਕਾ ਉਹ ਅੱਜ ਪੰਜਾਬ ਦੇ ਸਭ ਤੋਂ ਵੱਡੇ ਗਾਇਕੀ ਮੰਚਾਂ ਵਿੱਚੋਂ ਇਕ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਿਹਾ ਹੈ। ਉਸ ਦੀ ਹਰ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ, ਜਦੋਂ ਕਿ ਜੱਜ ਵੀ ਉਸ ਦੀ ਆਵਾਜ਼, ਸੁਰਾਂ ਦੀ ਪਕੜ ਅਤੇ ਆਤਮ-ਵਿਸ਼ਵਾਸ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦੇ ਰਹੇ ਹਨ। ਕਰਮਨ ਇਸ ਤੋਂ ਪਹਿਲਾਂ ਵੀ ‘ਕਿਸ ਮੇਂ ਕਿਤਨਾ ਹੈ ਦਮ’ ਸ਼ੋਅ ਦਾ ਵਿਨਰ ਬਣ ਚੁੱਕਾ ਹੈ ਅਤੇ ਕਈ ਗਾਇਕੀ ਮੁਕਾਬਲਿਆਂ ’ਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕਾ ਹੈ। ਉਸ ਨੇ ਹਰ ਮੰਚ ’ਤੇ ਆਪਣੀ ਕਲਾ ਨਾਲ ਤਰਨਤਾਰਨ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਹੋਰਨਾਂ ਬੱਚਿਆਂ ਲਈ ਪ੍ਰੇਰਣਾ ਬਣਿਆ ਹੈ। ਕਰਮਨ ਦੀ ਇਸ ਉਪਲੱਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਪਿਤਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮਿਹਨਤ ਅਤੇ ਸੰਗੀਤ ਪ੍ਰਤੀ ਸਮਰਪਣ ਦਾ ਹੀ ਨਤੀਜਾ ਹੈ ਕਿ ਉਹ ਅੱਜ ਇਸ ਮੁਕਾਮ ਤਕ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ 8 ਹਜ਼ਾਰ ਬੱਚੇ ਵਿੱਚੋਂ ਨਿਕਲ ਕੇ ਟਾਪ ਸੈਵਨ ਤਕ ਪਹੁੰਚਣਾ ਆਪਣੇ ਆਪ ਵਿਚ ਕਿਸੇ ਜਿੱਤ ਤੋਂ ਘੱਟ ਨਹੀਂ। ਉਨ੍ਹਾਂ ਦੱਸਿਆ ਕਿ ਬੇਸ਼ੱਕ ਸਿਹਤ ਦੀ ਮੁਸ਼ਕਿਲ ਦੇ ਚੱਲਦਿਆਂ ਫਿਲਹਾਲ ਕਰਮਨ ਕੰਬੋਜ਼ ਨੇ ਸ਼ੋਅ ਤੋਂ ਵਿਸ਼ਰਾਮ ਲਿਆ ਹੈ। ਪਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਕਰਮਨ ਆਪਣੀ ਗਾਇਕੀ ਨਾਲ ਅੱਗੇ ਵੀ ਨਵੀਆਂ ਉਚਾਈਆਂ ਹਾਸਿਲ ਕਰੇਗਾ।