- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਫਟੀਏ ਵਿਰੁੱਧ ਤੇ ਕਿਸਾਨੀ ਮੰਗਾਂ ਲਈ ਦੇਸ਼-ਵਿਆਪੀ ਏਕਤਾ ਦੇ ਯਤਨ ਜਾਰੀ ਰਹਿਣਗੇ : ਐੱਸਕੇਐੱਮ ਗੈਰ ਸਿਆਸੀ

ਨਵੇਂ ਬਣੇ ਮੋਰਚੇ ਨੂੰ ਬਾਹਰੋਂ ਸਮਰਥਨ, ਸਮੁੱਚੀ ਏਕਤਾ ਤਕ ਕਿਸੇ ਕਮੇਟੀ ਦਾ ਹਿੱਸਾ ਨਹੀਂ ਬਣਾਂਗੇ : ਆਗੂ
ਕੇਪੀ ਗਿੱਲ, •ਪੰਜਾਬੀ ਜਾਗਰਣ, ਕੈਰੋਂ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਭਾਰਤ ਦੀ ਇਕ ਅਹਿਮ ਜ਼ੂਮ ਮੀਟਿੰਗ ਦੌਰਾਨ ਦੇਸ਼ ਦੀਆਂ ਕਿਸਾਨੀ ਸਮੱਸਿਆਵਾਂ, ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਏਕਤਾ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਕਰ-ਮੁਕਤ ਵਪਾਰ ਸਮਝੌਤਿਆਂ ਦੇ ਵਿਰੋਧ ਵਿਚ ਦੇਸ਼-ਪੱਧਰੀ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਸਾਨ ਜਥੇਬੰਦੀਆਂ ਲਈ ਆਪਸੀ ਹਉਮੈ ਅਤੇ ਅਹੰਕਾਰ ਨੂੰ ਛੱਡ ਕੇ ਇਕ ਸਾਂਝੇ ਮੰਚ ’ਤੇ ਇਕੱਠੇ ਹੋਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ 401 ਦਿਨ ਚੱਲੇ ਕਿਸਾਨ ਅੰਦੋਲਨ ਦੇ ਦੂਜੇ ਪੜਾਅ ਤੋਂ ਸਾਰੇ ਕਿਸਾਨ ਆਗੂਆਂ ਨੂੰ ਸਬਕ ਲੈਣਾ ਚਾਹੀਦਾ ਹੈ, ਕਿਉਂਕਿ ਨੌਜਵਾਨ ਸ਼ੁਭਕਰਨ ਸਿੰਘ ਸਮੇਤ 45 ਕਿਸਾਨਾਂ ਦੀਆਂ ਕੁਰਬਾਨੀਆਂ ਦੇ ਬਾਵਜੂਦ ਕਿਸਾਨਾਂ ਦੀਆਂ ਕਈ ਅਹਿਮ ਮੰਗਾਂ ਅਜੇ ਵੀ ਅਧੂਰੀਆਂ ਹਨ।
ਉਨ੍ਹਾਂ ਦੱਸਿਆ ਕਿ ਐੱਸਕੇਐੱਮ ਗੈਰ ਸਿਆਸੀ ਭਾਰਤ ਵੱਲੋਂ ਫਰਵਰੀ ਮਹੀਨੇ ਤੋਂ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਮੋਰਚਿਆਂ ਨਾਲ ਲਗਾਤਾਰ ਸੰਪਰਕ ਕਰਕੇ ਵਿਆਪਕ ਏਕਤਾ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ ਵਿਚ ਹੋਈ ਏਕਤਾ ਮੀਟਿੰਗ ਦੌਰਾਨ ਵੀ ਸੰਗਠਨ ਨੇ ਸਪੱਸ਼ਟ ਕੀਤਾ ਸੀ ਕਿ ਕਿਸਾਨੀ ਹਿੱਤਾਂ ਦੀ ਰੱਖਿਆ ਲਈ ਵੱਧ ਤੋਂ ਵੱਧ ਜਥੇਬੰਦੀਆਂ ਨੂੰ ਇਕ ਮੰਚ 'ਤੇ ਲਿਆਉਣਾ ਲਾਜ਼ਮੀ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਕਰ-ਮੁਕਤ ਵਪਾਰ ਸਮਝੌਤਿਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਇਹ ਸਮਝੌਤੇ ਲਾਗੂ ਹੁੰਦੇ ਹਨ, ਤਾਂ ਇਸ ਦਾ ਸਭ ਤੋਂ ਵੱਧ ਨੁਕਸਾਨ ਭਾਰਤ ਦੇ ਕਿਸਾਨਾਂ ਨੂੰ ਹੋਵੇਗਾ।
ਪਹਿਲਾਂ ਹੀ ਕਰਜ਼ੇ ਅਤੇ ਘਟਦੇ ਮੁਨਾਫ਼ੇ ਦੀ ਮਾਰ ਝੱਲ ਰਹੇ ਕਿਸਾਨ ਹੋਰ ਆਰਥਿਕ ਸੰਕਟ ਵਿਚ ਫਸ ਜਾਣਗੇ। ਇਸ ਲਈ ਅਜਿਹੇ ਸਮਝੌਤਿਆਂ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਦਿੱਲੀ ਕਿਸਾਨ ਅੰਦੋਲਨ ਦੇ ਪਹਿਲੇ ਅਤੇ ਦੂਜੇ ਪੜਾਅ ਨਾਲ ਜੁੜੀਆਂ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਕਿਸਾਨਾਂ ਦੇ ਹੱਕਾਂ ਲਈ ਹਰ ਲੋਕਤੰਤਰੀ ਲੜਾਈ ਲੜੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿਚ ਨਵੇਂ ਬਣੇ ਕਿਸਾਨ ਮੋਰਚੇ ਦੀ ਪਹਿਲ ਦਾ ਸਵਾਗਤ ਕੀਤਾ ਜਾਂਦਾ ਹੈ, ਪਰ ਜਿਸ ਸਾਂਝੇ ਪਲੇਟਫਾਰਮ ’ਤੇ ਦੇਸ਼ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਤਿਹਾਸਕ ਸੰਘਰਸ਼ ਕੀਤਾ ਸੀ, ਉਸ ਏਕਤਾ ਨੂੰ ਮੁੜ ਬਹਾਲ ਕਰਨਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਸੰਘਰਸ਼ਾਂ ਵਿਚ ਜ਼ਿੰਮੇਵਾਰੀਆਂ ਸੌਂਪਣ ਸਮੇਂ ਦਿੱਲੀ ਕਿਸਾਨ ਅੰਦੋਲਨ ਦੌਰਾਨ ਆਗੂਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਕੰਮਕਾਜ ਨੂੰ ਵੀ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ।
ਕੋਟ ਬੁੱਢਾ ਨੇ ਦੱਸਿਆ ਕਿ ਐੱਸਕੇਐੱਮ ਗੈਰ ਸਿਆਸੀ ਭਾਰਤ ਨੇ ਸਪੱਸ਼ਟ ਕੀਤਾ ਕਿ ਸਮੁੱਚੀ ਕਿਸਾਨ ਏਕਤਾ ਹੋਣ ਤਕ ਉਹ ਨਵੇਂ ਬਣੇ ਮੋਰਚੇ ਦੀ ਕਿਸੇ ਵੀ ਕਮੇਟੀ ਦਾ ਹਿੱਸਾ ਨਹੀਂ ਬਣੇਗਾ, ਪਰ ਕਿਸਾਨਾਂ ਦੇ ਹਿੱਤਾਂ ਲਈ ਉਸ ਮੋਰਚੇ ਵੱਲੋਂ ਦਿੱਤੇ ਜਾਣ ਵਾਲੇ ਹਰ ਸੰਘਰਸ਼ੀ ਪ੍ਰੋਗਰਾਮ ਨੂੰ ਬਾਹਰੋਂ ਪੂਰਾ ਸਮਰਥਨ ਦਿੱਤਾ ਜਾਵੇਗਾ। ਵਿਆਪਕ ਏਕਤਾ ਹੀ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਇਸੇ ਦਿਸ਼ਾ ਵਿਚ ਯਤਨ ਲਗਾਤਾਰ ਜਾਰੀ ਰਹਿਣਗੇ।