- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ਵੇਖ ਭਾਵੁਕ ਹੋਏ ਨਜ਼ਦੀਕੀ ਦੋਸਤ

ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ,
ਖਾਲੜਾ : ਕਾਲੇ ਦੌਰ ਦੌਰਾਨ ਲਾਵਾਰਿਸ ਲਾਸ਼ਾਂ ਦੇ ਮੁੱਦੇ ਨੂੰ ਉਜਾਗਰ ਕਰਨ ਦੇ ਚੱਲਦਿਆਂ ਪੁਲਿਸ ਵਲੋਂ ਅਗਵਾ ਕਰਕੇ ਲਾਪਤਾ ਕੀਤੇ ਗਏ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਬਣੀ ਫਿਲਮ ਦੇ ਰਲੀਜ਼ ਹੋਣ ਨਾਲ ਖਾਲੜਾ ਇਲਾਕੇ ਦੇ ਵਾਸੀਆਂ ਤੇ ਜਸਵੰਤ ਸਿੰਘ ਦੇ ਨਜ਼ਦੀਕੀਆਂ ਦੀਆਂ ਨਜ਼ਰਾਂ ਅੱਗੇ ਇਕ ਵਾਰ ਫਿਰ ਤੋਂ ਖਾਲੜਾ ਨਾਲ ਵਾਪਰੇ ਬਿਰਤਾਂਤ ਦੀ ਕਹਾਣੀ ਆ ਗਈ ਹੈ। ਹਾਲਾਂਕਿ ਫਿਲਮ ਦੇ ਰਿਲੀਜ਼ ਹੋਣ ’ਤੇ ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿਉਂਕਿ ਇਹ ਫਿਲਮ ਕਾਫ਼ੀ ਸਮੇਂ ਵਿਵਾਦਾਂ ’ਚ ਫਸ ਕੇ ਰਲੀਜ਼ ਨਹੀਂ ਹੋ ਰਹੀ ਸੀ।
80 ਤੇ 90 ਦੇ ਦਹਾਕੇ ਦੌਰਾਨ ਪੰਜਾਬ ਵਿਚ ਵਾਪਰੇ ਘਟਨਾਕ੍ਰਮ ਤੇ ਲਾਵਾਰਿਸ ਕਹਿ ਕੇ ਵੱਖ-ਵੱਖ ਸ਼ਮਸ਼ਾਨਘਾਟਾਂ ਵਿਚ ਖਪਾਏ ਗਏ ਨੌਜਵਾਨਾਂ ਦਾ ਬਿਉਰਾ ਇਕੱਠਾ ਕਰਕੇ ਅੰਤਰਾਸ਼ਟਰੀ ਪੱਧਰ ਤਕ ਲਿਜਾਣ ਵਾਲੇ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਕਰਦਿਆਂ ਪੁਲਿਸ ਵਲੋਂ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਬਾਅਦ ਵਿਚ ਗਵਾਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਉਪਰ ਹੋਏ ਤਸ਼ੱਦਦ ਤੋਂ ਦੁਨੀਆਂ ਤੋਂ ਰੁਖਸਤ ਕਰਨ ਦੀ ਕਹਾਣੀ ਸਾਹਮਣੇ ਆਈ।
ਜਿਸਦੇ ਚੱਲਦਿਆਂ ਕੁਝ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਵੀ ਹੋਈਆਂ। ਉਨ੍ਹਾਂ ਦੀ ਜੀਵਨੀ ’ਤੇ ਬਣੀ ਫਿਲਮ ਦੇ ਰਿਲੀਜ਼ ਹੋਣ ’ਚ ਲੰਮੇ ਸਮੇਂ ਤੋਂ ਅਟਕਲਾਂ ਚੱਲ ਰਹੀਆਂ ਸਨ। ਪਰ ਸ਼ਨਿਚਰਵਾਰ ਨੂੰ ਸਤਲੁਜ ਨਾਮਕ ਉਕਤ ਫਿਲਮ ਜਿਸ ਵਿਚ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਦਿਲਜੀਤ ਦੁਸਾਂਝ ਵਲੋਂ ਨਿਭਾਈ ਗਈ ਹੈ, ਦੇ ਓਟੀਟੀ ਪਲੇਟਫਾਰਮ ’ਤੇ ਰਿਲੀਜ਼ ਹੋਣ ਨਾਲ ਕਸਬਾ ਖਾਲੜਾ ਵਾਸੀਆਂ, ਖਾਸ ਕਰਕੇ ਭਾਈ ਜਸਵੰਤ ਸਿੰਘ ਦੇ ਪੁਰਾਣੇ ਦੋਸਤਾਂ ਨੇ ਫਿਲਮ ਸਬੰਧੀ ਆਪਣੇ ਵਿਚਾਰ ਰੱਖੇ ਹਨ।
ਭਾਈ ਖਾਲੜਾ ਦੋਸਤ ਬਾਜ ਸਿੰਘ ਖਾਲੜਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਅੰਮ੍ਰਿਤਸਰ ਚਲੇ ਗਏ ਸੀ। ਉਹ ਜ਼ਿਆਦਾਤਰ ਪਿੰਡ ਆ ਕੇ ਆਪਣੇ ਸਾਰੇ ਦੋਸਤਾਂ, ਮਿੱਤਰਾਂ, ਗਰੀਬ ਪਰਿਵਾਰਾਂ ਅਤੇ ਲੋੜਵੰਦ ਲੋਕਾਂ ਨਾਲ ਖੜ੍ਹਦੇ ਵੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਪਹਿਲ ਦਿੰਦੇ। ਇਸੇ ਤਰ੍ਹਾਂ ਭਾਈ ਖਾਲੜਾ ਦੇ ਹੋਰ ਦੋਸਤ ਪ੍ਰਧਾਨ ਗੋਪਾਲ ਸਿੰਘ ਖਾਲੜਾ ਨੇ ਜਸਵੰਤ ਸਿੰਘ ਦਾ ਪੁਰਾਣਾ ਘਰ ਦਿਖਾਉਂਦੇ ਹੋਏ ਦੱਸਿਆ ਕਿ ਇਸ ਘਰ ਵਿਚ ਹੀ ਉਨ੍ਹਾਂ ਆਪਣਾ ਬਚਪਨ ਤੋਂ ਜਵਾਨੀ ਤਕ ਸਮਾਂ ਬਿਤਾਇਆ।
ਉਨ੍ਹਾਂ ਕਿਹਾ ਕਿ ਭਾਈ ਖਾਲੜਾ ਦੇ ਜੀਵਨ ਉਪਰ ਫਿਲਮ ਬਹੁਤ ਸਮਾਂ ਪਹਿਲਾਂ ਬਣ ਜਾਣੀ ਚਾਹੀਦੀ ਸੀ, ਤਾਂ ਜੋ ਹੁਣ ਵਾਲੀ ਪੀੜ੍ਹੀ ਨੂੰ ਵੀ ਭਾਈ ਜਸਵੰਤ ਸਿੰਘ ਵਲੋਂ ਦਿੱਤੀ ਗਈ ਕੁਰਬਾਨੀ ਬਾਰੇ ਜਾਣਕਾਰੀ ਮਿਲ ਸਕਦੀ। ਇਸੇ ਤਰ੍ਹਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਦੋਸਤ ਡਾਕਟਰ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਫਿਲਮ ਸਿਨੇਮਾ ਘਰਾਂ ਤੇ ਫਰੀ ਚੈਨਲਾਂ ’ਤੇ ਵੀ ਜ਼ਰੂਰ ਦਿਖਾਈ ਜਾਣੀ ਚਾਹੀਦੀ ਹੈ, ਤਾਂ ਜੋ ਪੈਸੇ ਖਰਚ ਕੇ ਨਹੀਂ ਦੇਖ ਸਕਦੇ, ਉਹ ਵੀ ਇਸ ਫਿਲਮ ਨੂੰ ਦੇਖ ਸਕਣ। ਅਖੀਰ ਵਿਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੇ ਮੁੱਖ ਸੇਵਾਦਾਰ ਭਾਈ ਜੁਗਰਾਜ ਸਿੰਘ ਡੱਲ ਨੇ ਭਾਈ ਜਸਵੰਤ ਸਿੰਘ ਖਾਲੜਾ ਵਲੋਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਾਇਰੇ ਵਿਚ ਰਹਿੰਦਿਆਂ ਲਾਵਾਰਿਸ ਲਾਸ਼ਾਂ ਨੂੰ ਪਹਿਚਾਣ ਦਿਵਾਉਣ ਦੇ ਚੱਲਦਿਆਂ ਦਿੱਤੀ ਗਈ ਕੁਰਬਾਨੀ ਨੂੰ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ।