- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸ੍ਰੀ ਲਕੀਰ ਸਾਹਿਬ ’ਚ ਸ਼ਰਧਾ ਨਾਲ ਹੋਇਆ ਹਫ਼ਤਾਵਾਰੀ ਚੁਪਹਿਰਾ ਸਮਾਗਮ

ਹੁੰਮਸ ਭਰੀ ਗਰਮੀ ਦੇ ਬਾਵਜੂਦ ਹਜ਼ਾਰ ਦੀ ਗਿਣਤੀ ’ਚ ਸੰਗਤ ਨੇ ਭਰੀ ਗੁਰੂ ਘਰ ਹਾਜ਼ਰੀ, ਸੰਗਤੀ ਰੂਪ ਵਿਚ ਕੀਤੇ ਪਾਠ, ਗੁਰੂ ਕੇ ਲੰਗਰ ਅਤੁੱਟ ਵਰਤੇ
ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਚੁਪਹਿਰਾ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਹੁੰਮਸ ਭਰੀ ਗਰਮੀ ਦੇ ਬਾਵਜੂਦ ਇਸ ਸਮਾਗਮ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ ਅਤੇ ਸੰਗਤੀ ਰੂਪ ਵਿਚ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਪਾਠ ਕੀਤੇ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸੰਗਤ ਨੂੰ ਸਮੂਹਿਕ ਪਾਠ ਕਰਵਾਉਣ ਦੀ ਸੇਵਾ ਨਿਭਾਈ ਗਈ।
ਹਰ ਐਤਵਾਰ ਨੂੰ ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਚੁਪਹਿਰਾ ਸਮਾਗਮ ਹੁੰਦਾ ਹੈ ਅਤੇ ਹਰ ਹਫ਼ਤੇ ਇਥੇ ਵੱਡੀ ਗਿਣਤੀ ਸੰਗਤ ਹਾਜ਼ਰੀ ਭਰਨ ਲਈ ਪਹੁੰਚਦੀ ਹੈ। ਸ਼ਰਧਾਲੂਆਂ ਦੀ ਭਾਰੀ ਆਮਦ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਹਰ ਪ੍ਰਕਾਰ ਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ, ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਗੁਰਦੁਆਰਾ ਸਾਹਿਬ ਦੇ ਮੈਨੇਜਰ ਅਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨਤਾਰਨ ਸ਼ਹਿਰ ਦੇ ਨਾਲ ਆਸ ਪਾਸ ਦੇ ਇਲਾਕਿਆਂ ਤੋਂ ਵੀ ਸੰਗਤ ਇਥੇ ਪਹੁੰਚਦੀ ਹੀ ਹੈ। ਨਾਲ ਹੀ ਪਿੰਡਾਂ ਤੋਂ ਵੀ ਸ਼ਰਧਾਲੂ ਚੁਪਹਿਰਾ ਸਮਾਗਮ ਵਿਚ ਹਾਜ਼ਰੀ ਭਰਨ ਲਈ ਪਹੁੰਚਣ ਲੱਗੇ ਹਨ। ਜਿਨ੍ਹਾਂ ਦੀ ਸਹੂਲਤ ਲਈ ਦੀਵਾਨ ਹਾਲ ਵਿਚ ਜਿਥੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਉਥੇ ਹੀ ਗੁਰੂ ਕੇ ਲੰਗਰ ਵੀ ਵਿਸ਼ੇਸ਼ ਤੌਰ ’ਤੇ ਤਿਆਰ ਹੁੰਦੇ ਹਨ। ਸਾਰਾ ਦਿਨ ਛਬੀਲ ਦਾ ਪ੍ਰਬੰਧ ਸ਼ਰਧਾਲੂਆਂ ਵੱਲੋਂ ਕੀਤਾ ਜਾਂਦਾ ਹੈ ਅਤੇ ਜੋੜਾ ਘਰ ਸੇਵਕ ਜਥੇ ਦੀ ਸੰਗਤ ਤਨਦੇਹੀ ਨਾਲ ਸੇਵਾ ਨਿਭਾਉਂਦੀ ਹੈ।
ਉਨ੍ਹਾਂ ਦੱਸਿਆ ਕਿ ਦੁਪਹਿਰ 12 ਤੋਂ ਸ਼ਾਮ 4 ਵਜੇ ਤਕ ਹੋਣ ਵਾਲੇ ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸੰਗਤ ਨੂੰ ਪਾਠ ਕਰਵਾਉਣ ਦੀ ਸੇਵਾ ਨਿਭਾਉਂਦੇ ਹਨ ਅਤੇ ਅਰਦਾਸ ਉਪਰੰਤ ਚੁਪਹਿਰਾ ਸਮਾਗਮ ਦੀ ਸਮਾਪਤੀ ਹੁੰਦੀ ਹੈ। ਸਰਦੀ ਹੋਵੇ ਜਾਂ ਗਰਮੀ, ਸੰਗਤ ਸਮਾਗਮ ਦੌਰਾਨ ਹਾਜ਼ਰੀ ਭਰਨ ਲਈ ਗੁਰੂ ਘਰ ਜ਼ਰੂਰ ਪੁੱਜਦੀ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਿੰਸੀਪਲ ਬਖਸ਼ੀਸ਼ ਸਿੰਘ ਤੋਂ ਇਲਾਵਾ ਕਮੇਟੀ ਦੇ ਮੈਂਬਰਾਂ ਕੁਲਦੀਪ ਸਿੰਘ, ਜਤਿੰਦਰ ਸਿੰਘ, ਲਖਵਿੰਦਰ ਸਿੰਘ, ਜਗਦੀਸ਼ ਸਿੰਘ, ਹਰਿੰਦਰ ਸਿੰਘ ਨੰਬਰਦਾਰ, ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ, ਗ੍ਰੰਥੀ ਭਾਈ ਮੁਖਤਾਰ ਸਿੰਘ, ਭਾਈ ਰਣਜੀਤ ਸਿੰਘ, ਭਾਈ ਨਿਰਮਲ ਸਿੰਘ, ਭਾਈ ਸਿਮਰਨਜੀਤ ਸਿੰਘ ਸਮੇਤ ਹੋਰ ਸੇਵਾਦਾਰ ਜਿਥੇ ਮੌਜੂਦ ਸਨ। ਉਥੇ ਹੀ ਵੱਡੀ ਗਿਣਤੀ ਸੇਵਾਦਾਰਾਂ ਨੇ ਜੋੜਾ ਘਰ ਅਤੇ ਛਬੀਲ ਤੋਂ ਇਲਾਵਾ ਪਾਰਕਿੰਗ ਵਿਚ ਵੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ।
------
ਸੰਗਤ ਦੇ ਸਹਿਯੋਗ ਨਾਲ ਚੱਲ ਰਹੀਆਂ ਹਨ ਸੇਵਾਵਾਂ
ਮੈਨੇਜਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਹੋਣ ਵਾਲੇ ਚੁਪਹਿਰਾ ਸਮਾਗਮ ’ਚ ਸੰਗਤ ਦੀ ਵਧ ਰਹੀ ਆਮਦ ਨੂੰ ਧਿਆਨ ਵਿਚ ਰੱਖਦਿਆਂ ਵੱਖ-ਵੱਖ ਸੇਵਾਵਾਂ ਗੁਰੂ ਘਰ ਦੇ ਵਿਸਥਾਰ ਤੇ ਵਿਕਾਸ ਲਈ ਚੱਲ ਰਹੀਆਂ ਹਨ। ਜਿਨ੍ਹਾਂ ਨੂੰ ਸੰਗਤ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਚੱਲ ਰਹੀਆਂ ਸੇਵਾਵਾਂ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ।