- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਿੱਖੀਵਿੰਡ ਦਾ ਖੇਡ ਸਟੇਡੀਅਮ ਪਹਿਲਾਂ ਬਣਿਆ ਪਾਰਕ, ਹੁਣ ਜੰਗਲੀ ਬੂਟੀ ਦਾ ਘਰ

ਨੌਜਵਾਨਾਂ ਚੁੱਕੇ ਸਵਾਲ, ਕਿਹਾ ਹੁਣ ਉਹ ਖੇਡਣ ਲਈ ਕਿਥੇ ਜਾਣ
ਰਾਜਨ ਚੋਪੜਾ, •ਪੰਜਾਬੀ ਜਾਗਰਣ,
ਭਿੱਖੀਵਿੰਡ : ਸਬ ਡਵੀਜ਼ਨ ਵਜੋਂ ਜਾਣੇ ਜਾਂਦੇ ਭਿੱਖੀਵਿੰਡ ਸ਼ਹਿਰ ’ਚ ਕਦੇ ਨੌਜਵਾਨਾਂ ਦੀਆਂ ਖੇਡ ਗਤੀਵਿਧੀਆਂ ਦਾ ਕੇਂਦਰ ਰਹਿਣ ਵਾਲਾ ਖੇਡ ਸਟੇਡੀਅਮ ਅੱਜ ਆਪਣੀ ਪਛਾਣ ਗੁਆ ਬੈਠਾ ਹੈ। ਸ਼ਹਿਰ ਦੇ ਪੱਟੀ ਰੋਡ ’ਤੇ ਸਥਿਤ ਬੱਸ ਸਟੈਂਡ ਦੇ ਪਿੱਛੇ ਬਣੇ ਖੇਡ ਸਟੇਡੀਅਮ ਦੀ ਜਗ੍ਹਾ ਨੂੰ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਪਾਰਕ ਦਾ ਰੂਪ ਦੇ ਦਿੱਤਾ ਗਿਆ ਸੀ। ਪਰ ਪਾਰਕ ਬਣਾਉਣ ਤੋਂ ਬਾਅਦ ਵੀ ਇਸ ਦੀ ਸਹੀ ਸਾਂਭ-ਸੰਭਾਲ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਇਹ ਜਗ੍ਹਾ ਬੇਰੁਖ਼ੀ ਅਤੇ ਅਣਗਹਿਲੀ ਦੀ ਤਸਵੀਰ ਬਣ ਚੁੱਕੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਥੇ ਪਹਿਲਾਂ ਹਰ ਰੋਜ਼ ਨੌਜਵਾਨ ਕ੍ਰਿਕਟ, ਫੁੱਟਬਾਲ, ਕਬੱਡੀ ਅਤੇ ਹੋਰ ਖੇਡਾਂ ਨੌਜਵਾਨ ਖੇਡਦੇ ਸਨ, ਉਥੇ ਹੁਣ ਉੱਚੀ-ਉੱਚੀ ਘਾਹ ਅਤੇ ਜੰਗਲੀ ਬੂਟੀ ਨੇ ਕਬਜ਼ਾ ਕਰ ਲਿਆ ਹੈ। ਪਾਰਕ ਦੀ ਦੇਖਭਾਲ ਨਾ ਹੋਣ ਕਾਰਨ ਇਹ ਜਗ੍ਹਾ ਸੁੰਨੀ ਪਈ ਰਹਿੰਦੀ ਹੈ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਸ਼ਾ ਕਰਨ ਵਾਲੇ ਲੋਕਾਂ ਦਾ ਅੱਡਾ ਬਣਦੀ ਜਾ ਰਹੀ ਹੈ।
ਇਸ ਕਾਰਨ ਆਮ ਲੋਕ ਅਤੇ ਪਰਿਵਾਰ ਵੀ ਇਥੇ ਆਉਣ ਤੋਂ ਗੁਰੇਜ਼ ਕਰਦੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਭਿੱਖੀਵਿੰਡ ਹਲਕਾ ਖੇਮਕਰਨ ਦਾ ਮਹੱਤਵਪੂਰਨ ਸ਼ਹਿਰ ਹੈ, ਜਿਥੇ ਇਕ ਵਧੀਆ ਖੇਡ ਸਟੇਡੀਅਮ ਦੀ ਬਹੁਤ ਲੋੜ ਸੀ। ਪਰ ਸਰਕਾਰ ਨੇ ਖੇਡ ਮੈਦਾਨ ਦੀ ਜਗ੍ਹਾ ਨੂੰ ਖਤਮ ਕਰਕੇ ਪਾਰਕ ਬਣਾ ਦਿੱਤਾ ਅਤੇ ਫਿਰ ਉਸ ਦੀ ਸੰਭਾਲ ਵੀ ਨਹੀਂ ਕੀਤੀ। ਇਸ ਨਾਲ ਨੌਜਵਾਨਾਂ ਦੀਆਂ ਖੇਡ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਜਸ਼ਨ, ਹੁਸਨ, ਸਾਜਨ, ਸ਼ੰਮੀ, ਜਤਿੰਦਰ ਕੁਮਾਰ, ਰਮਨ ਕੁਮਾਰ ਅਤੇ ਪ੍ਰਿੰਸ ਨੇ ਦੱਸਿਆ ਕਿ ਉਹ ਲੰਬੇ ਸਮੇਂ ਤਕ ਇਸ ਸਟੇਡੀਅਮ ਵਿਚ ਨਿਯਮਿਤ ਤੌਰ ’ਤੇ ਖੇਡਦੇ ਰਹੇ ਹਨ, ਜਿਸ ਨਾਲ ਉਹ ਸਰੀਰਿਕ ਤੌਰ ’ਤੇ ਤੰਦਰੁਸਤ ਰਹਿੰਦੇ ਸਨ। ਪਰ ਸਟੇਡੀਅਮ ਖ਼ਤਮ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਖੇਡਣ ਲਈ ਦੂਰ ਪਿੰਡ ਸੁਰਸਿੰਘ ਦੇ ਸਟੇਡੀਅਮ ਵਿਚ ਜਾਣਾ ਪੈਂਦਾ ਹੈ, ਜੋ ਹਰ ਕਿਸੇ ਲਈ ਸੰਭਵ ਨਹੀਂ।
ਨੌਜਵਾਨਾਂ ਅਤੇ ਸਥਾਨਕ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਇਸ ਨੂੰ ਮੁੜ ਖੇਡ ਸਟੇਡੀਅਮ ਵਜੋਂ ਵਿਕਸਤ ਕੀਤਾ ਜਾਵੇ ਜਾਂ ਘੱਟੋਂ-ਘੱਟ ਅਜਿਹੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਭਿੱਖੀਵਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜ ਸਕਣ ਅਤੇ ਆਪਣਾ ਭਵਿੱਖ ਸਵਾਰ ਸਕਣ।