- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਦਹਾਕੇ ਤੋਂ ਰਾਹਗੀਰਾਂ ਲਈ ਸਿਰਦਰਦੀ ਬਣਿਆ ਪੱਟੀ-ਤਰਨਤਾਰਨ ਮੁੱਖ ਮਾਰਗ

ਇਕ ਦਹਾਕੇ ਤੋਂ ਰਾਹਗੀਰਾਂ ਲਈ ਸਿਰਦਰਦੀ ਬਣਿਆ ਪੱਟੀ-ਤਰਨਤਾਰਨ ਮੁੱਖ ਮਾਰਗ
ਤਿੰਨ ਸਰਕਾਰਾਂ ਵੀ ਨਹੀਂ ਦਿਵਾ ਸਕੀਆਂ ਇਲਾਕੇ ਦੇ ਲੋਕਾਂ ਨੂੰ ਰਾਹਤ
ਕੇਪੀ ਗਿੱਲ•, ਪੰਜਾਬੀ ਜਾਗਰਣ, ਕੈਰੋਂ : ਪੱਟੀ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਤਰਨਤਾਰਨ ਨਾਲ ਜੋੜਨ ਵਾਲੀ ਅਹਿਮ ਪੱਟੀ-ਤਰਨਤਾਰਨ ਮੁੱਖ ਸੜਕ ਕਰੀਬ ਇਕ ਦਹਾਕੇ ਤੋਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਇਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਲੋਕ, ਸਰਕਾਰੀ ਕਰਮਚਾਰੀ, ਵਿਦਿਆਰਥੀ, ਕਿਸਾਨ, ਵਪਾਰੀ ਅਤੇ ਮਰੀਜ਼ ਆਵਾਜਾਈ ਕਰਦੇ ਹਨ, ਪਰ ਸੜਕ ਦੀ ਮਾੜੀ ਹਾਲਤ ਕਾਰਨ ਹਰ ਰੋਜ਼ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਤਿੰਨ ਸਰਕਾਰਾਂ ਵੀ ਇਸ ਮਹੱਤਵਪੂਰਨ ਸੜਕ ਨੂੰ ਮਜ਼ਬੂਤੀ ਅਤੇ ਲੰਬੇ ਸਮੇਂ ਲਈ ਬਣਾਉਣ ਵਿਚ ਨਾਕਾਮ ਰਹੀਆਂ ਹਨ। ਕਾਂਗਰਸ ਸਰਕਾਰ ਦੇ ਸਮੇਂ ਲੋਕਾਂ ਵੱਲੋਂ ਲੰਬੇ ਸੰਘਰਸ਼, ਧਰਨਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਇਹ ਸੜਕ ਬਣਾਈ ਗਈ ਸੀ, ਪਰ ਕੁਝ ਹੀ ਸਮੇਂ ਵਿਚ ਇਸ ਦੀਆਂ ਪਰਤਾਂ ਉਖੜਣੀਆਂ ਸ਼ੁਰੂ ਹੋ ਗਈਆਂ ਅਤੇ ਅੱਜ ਇਹ ਸੜਕ ਮੁੜ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ।
ਟੁੱਟੀ ਸੜਕ ਕਾਰਨ ਰਾਹਗੀਰਾਂ ਨੂੰ ਰੋਜ਼ਾਨਾ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਥਾਵਾਂ 'ਤੇ ਡੂੰਘੇ ਖੱਡੇ ਬਣੇ ਹੋਏ ਹਨ, ਜਿਨ੍ਹਾਂ ਕਾਰਨ ਮੋਟਰਸਾਈਕਲ ਸਵਾਰਾਂ ਲਈ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਬਰਸਾਤ ਦੇ ਦਿਨਾਂ ਵਿਚ ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਹਾਦਸਿਆਂ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਸ ਸੜਕ ’ਤੇ ਪਹਿਲਾਂ ਵੀ ਕਈ ਛੋਟੇ-ਵੱਡੇ ਹਾਦਸੇ ਵਾਪਰ ਚੁੱਕੇ ਹਨ।
ਇਸ ਵੇਲੇ ਪੱਟੀ ਦੇ ਮਾਹੀ ਪੈਲੇਸ ਤੋਂ ਲੈ ਕੇ ਰਸੂਲਪੁਰ ਨਹਿਰਾਂ ਤਕ ਸੜਕ ਦੀ ਮੁੜ ਉਸਾਰੀ ਦਾ ਕੰਮ ਚੱਲ ਰਿਹਾ ਹੈ। ਪਰ ਲੋਕਾਂ ਨੇ ਕੰਮ ਦੀ ਰਫ਼ਤਾਰ ਅਤੇ ਤਰੀਕੇ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਬੰਧਤ ਠੇਕੇਦਾਰ ਵੱਲੋਂ ਸੜਕ ਨੂੰ ਲਗਾਤਾਰ ਬਣਾਉਣ ਦੀ ਬਜਾਏ ਜਗ੍ਹਾ-ਜਗ੍ਹਾ ਤੋਂ ਛੱਡ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਵੀਂ ਅਤੇ ਪੁਰਾਣੀ ਸੜਕ ਦਾ ਪੱਧਰ ਇੱਕੋ ਜਿਹਾ ਨਹੀਂ ਰਿਹਾ। ਨਤੀਜੇ ਵਜੋਂ ਨਵੀਂ ਬਣੀ ਸੜਕ 'ਤੇ ਵੀ ਉੱਚੇ-ਨੀਵੇਂ ਹਿੱਸੇ ਅਤੇ ਖੱਡੇ ਬਣੇ ਹੋਏ ਹਨ, ਜਿਸ ਨਾਲ ਲੋਕਾਂ ਨੂੰ ਸੁਵਿਧਾ ਦੀ ਬਜਾਏ ਹੋਰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਰਾਹਗੀਰ ਸੰਤੋਖ ਸਿੰਘ, ਪ੍ਰੇਮਪਾਲ ਸ਼ਰਮਾ, ਸੁਖਬੀਰ ਸਿੰਘ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਦੇਵ ਸਿੰਘ ਆਦਿ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਏ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਕੰਮ ਅਜੇ ਅੱਧਾ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਦਾ ਸਵਾਲ ਹੈ ਕਿ ਜੇਕਰ ਸੜਕ ਦਾ ਨਿਰਮਾਣ ਲਗਾਤਾਰ ਕੀਤਾ ਜਾਵੇ, ਤਾਂ ਇਹ ਕੰਮ ਕਾਫ਼ੀ ਪਹਿਲਾਂ ਮੁਕੰਮਲ ਹੋ ਸਕਦਾ ਸੀ। ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਆਖ਼ਿਰ ਕੀ ਕਾਰਨ ਹੈ ਕਿ ਕੰਮ ਨੂੰ ਟੁਕੜਿਆਂ ਵਿਚ ਕੀਤਾ ਜਾ ਰਿਹਾ ਹੈ।
ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ, ਲੋਕ ਨਿਰਮਾਣ ਵਿਭਾਗ ਅਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਨਿਰਮਾਣ ਕੰਮ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਕੰਮ ਨੂੰ ਜਲਦ ਤੋਂ ਜਲਦ ਮਿਆਰੀ ਢੰਗ ਨਾਲ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸੜਕ ਪੱਟੀ ਅਤੇ ਤਰਨਤਾਰਨ ਵਿਚਕਾਰ ਇਕ ਅਹਿਮ ਸੰਪਰਕ ਮਾਰਗ ਹੈ, ਇਸ ਲਈ ਇਸ ਨਾਲ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ।
-----
ਸੀਐੱਮ ਫਲਾਇੰਗ ਸਕੁਐਡ ਕਦੋਂ ਲਵੇਗਾ ਬਣ ਰਹੀ ਸੜਕ ਦੀ ਗੁਣਵੱਤਾ ਦਾ ਜਾਇਜ਼ਾ?
ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਬਣ ਰਹੀਆਂ ਸੜਕਾਂ ਅਤੇ ਮੁਰੰਮਤ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਸੀਐੱਮ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਸੀ, ਤਾਂ ਜੋ ਨਿਰਮਾਣ ਕਾਰਜਾਂ ਦੀ ਅਚਨਚੇਤ ਜਾਂਚ ਕਰਕੇ ਘਟੀਆ ਸਮੱਗਰੀ ਜਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਠੇਕੇਦਾਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਪਰ ਪੱਟੀ–ਰਸੂਲਪੁਰ ਨਹਿਰਾਂ–ਤਰਨਤਾਰਨ ਮਾਰਗ 'ਤੇ ਚੱਲ ਰਹੇ ਨਿਰਮਾਣ ਕਾਰਜ ਨੂੰ ਲੈ ਕੇ ਲੋਕਾਂ ਵਿਚ ਸਵਾਲ ਉੱਠ ਰਹੇ ਹਨ ਕਿ ਕੀ ਸੀਐੱਮ ਫਲਾਇੰਗ ਸਕੁਐਡ ਇਸ ਸੜਕ ਦੀ ਵੀ ਮੌਕੇ 'ਤੇ ਜਾ ਕੇ ਜਾਂਚ ਕਰੇਗਾ ? ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਨੂੰ ਥਾਂ-ਥਾਂ ਤੋਂ ਬਣਾ ਕੇ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਪੱਧਰ ਬਰਾਬਰ ਨਹੀਂ ਹੈ ਅਤੇ ਨਵੀਂ ਬਣੀ ਸੜਕ ’ਤੇ ਵੀ ਖੱਡੇ ਵਰਗੀ ਸਥਿਤੀ ਬਣੀ ਹੋਈ ਹੈ। ਲੋਕਾਂ ਦੀ ਮੰਗ ਹੈ ਕਿ ਸੀਐੱਮ ਫਲਾਇੰਗ ਸਕੁਐਡ, ਲੋਕ ਨਿਰਮਾਣ ਵਿਭਾਗ ਦੇ ਉਚ ਅਧਿਕਾਰੀ ਅਤੇ ਸਬੰਧਤ ਏਜੰਸੀਆਂ ਮੌਕੇ ’ਤੇ ਪਹੁੰਚ ਕੇ ਕੰਮ ਦੀ ਗੁਣਵੱਤਾ ਦੀ ਜਾਂਚ ਕਰਨ ਅਤੇ ਜੇਕਰ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸਰਕਾਰੀ ਖ਼ਜ਼ਾਨੇ ਦੇ ਪੈਸੇ ਦੀ ਸਹੀ ਵਰਤੋਂ ਹੋ ਸਕੇ ਅਤੇ ਲੋਕਾਂ ਨੂੰ ਲੰਬੇ ਸਮੇਂ ਲਈ ਟਿਕਾਊ ਸੜਕ ਮਿਲ ਸਕੇ।
--------
ਟੋਲ ਤੋਂ ਬਚਣ ਲਈ ਲੰਘਦੇ ਭਾਰੀ ਵਾਹਨ ਵੀ ਸੜਕ ਦੇ ਨੁਕਸਾਨ ਦਾ ਵੱਡਾ ਕਾਰਨ
ਪੱਟੀ-ਰਸੂਲਪੁਰ ਨਹਿਰਾਂ ਸੜਕ ਦੀ ਮਾੜੀ ਹਾਲਤ ਪਿੱਛੇ ਇਕ ਵੱਡਾ ਕਾਰਨ ਨੈਸ਼ਨਲ ਹਾਈਵੇ-54 ਤੋਂ ਟੋਲ ਟੈਕਸ ਬਚਾਉਣ ਲਈ ਵਾਇਆ ਪੱਟੀ ਲੰਘਣ ਵਾਲੇ ਭਾਰੀ ਵਪਾਰਕ ਵਾਹਨ ਵੀ ਮੰਨੇ ਜਾ ਰਹੇ ਹਨ। ਜਾਣਕਾਰਾਂ ਮੁਤਾਬਿਕ ਮਾਲਵੇ ਨੂੰ ਮਾਝੇ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ-54 ’ਤੇ ਉਸਮਾ ਨੇੜੇ ਸਥਿਤ ਟੋਲ ਪਲਾਜ਼ਾ ਤੋਂ ਬਚਣ ਲਈ ਕਈ ਟਿੱਪਰ, ਟਰਾਲੇ ਅਤੇ ਹੋਰ ਭਾਰੀ ਲੋਡ ਵਾਹਨ ਹਰੀਕੇ ਤੋਂ ਹੇਠਾਂ ਉਤਰ ਕੇ ਵਾਇਆ ਪੱਟੀ ਰਸੂਲਪੁਰ ਨਹਿਰਾਂ ਰਾਹੀਂ ਮੁੜ ਹਾਈਵੇ ’ਤੇ ਚੜ੍ਹ ਜਾਂਦੇ ਹਨ।
ਇਸ ਕਾਰਨ ਪੱਟੀ–ਤਰਨਤਾਰਨ ਰੋਡ 'ਤੇ ਭਾਰੀ ਟ੍ਰੈਫਿਕ ਦਾ ਦਬਾਅ ਆਮ ਤੋਂ ਕਈ ਗੁਣਾ ਵੱਧ ਜਾਂਦਾ ਹੈ। ਜੇਕਰ ਸੜਕ ਦਾ ਨਿਰਮਾਣ ਭਾਰੀ ਵਾਹਨਾਂ ਦੇ ਮਾਪਦੰਡਾਂ ਅਨੁਸਾਰ ਮਜ਼ਬੂਤੀ ਨਾਲ ਨਾ ਕੀਤਾ ਜਾਵੇ, ਤਾਂ ਇਹ ਕੁਝ ਹੀ ਸਮੇਂ ਵਿਚ ਟੁੱਟਣ ਲੱਗ ਪੈਂਦੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਇਸ ਰੂਟ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਨਹੀਂ ਕੀਤਾ ਜਾਂਦਾ ਜਾਂ ਸੜਕ ਨੂੰ ਉਸ ਅਨੁਸਾਰ ਮਜ਼ਬੂਤ ਨਹੀਂ ਬਣਾਇਆ ਜਾਂਦਾ, ਉਦੋਂ ਤਕ ਕਰੋੜਾਂ ਰੁਪਏ ਖਰਚ ਕਰਕੇ ਬਣਾਈਆਂ ਜਾ ਰਹੀਆਂ ਸੜਕਾਂ ਵੀ ਲੰਬਾ ਸਮਾਂ ਨਹੀਂ ਟਿਕ ਸਕਣਗੀਆਂ।
-------
ਸਬੰਧਤ ਅਧਿਕਾਰੀਆਂ ਨਾਲ ਗੱਲ ਕਰਕੇ ਜਲਦ ਕੀਤਾ ਜਾਵੇਗਾ ਮੁਸ਼ਕਿਲ ਦਾ ਹੱਲ : ਚੇਅਰਮੈਨ ਚੀਮਾ
ਪੰਜਾਬ ਸਰਕਾਰ ਦੇ ਚੇਅਰਮੈਨ ਅਤੇ ਹਲਕਾ ਪੱਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਪੱਟੀ–ਰਸੂਲਪੁਰ ਨਹਿਰਾਂ ਸੜਕ ਸਬੰਧੀ ਲੋਕਾਂ ਵੱਲੋਂ ਉਠਾਏ ਜਾ ਰਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਹ ਜਲਦ ਹੀ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੜਕ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਅਤੇ ਗੁਣਵੱਤਾ ਬਾਰੇ ਜਾਣਕਾਰੀ ਲੈਣਗੇ। ਉਨ੍ਹਾਂ ਕਿਹਾ ਕਿ ਕੰਮ ਵਿਚ ਜੇਕਰ ਕਿਸੇ ਤਰ੍ਹਾਂ ਦੀ ਦੇਰੀ ਜਾਂ ਤਕਨੀਕੀ ਰੁਕਾਵਟ ਹੈ, ਤਾਂ ਉਸ ਨੂੰ ਦੂਰ ਕਰਵਾ ਕੇ ਸੜਕ ਦਾ ਨਿਰਮਾਣ ਜਲਦ ਅਤੇ ਮਿਆਰੀ ਢੰਗ ਨਾਲ ਮੁਕੰਮਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਕੈਪਸ਼ਨ : ਤਰਨਤਾਰਨ-ਪੱਟੀ ਮਾਰਗ ’ਚ ਵੱਖ-ਵੱਖ ਥਾਵਾਂ ’ਤੇ ਪਏ ਡੂੰਘੇ ਟੋਏ।
ਕੈਪਸ਼ਨ : ਰਣਜੀਤ ਸਿੰਘ ਚੀਮਾ ਚੇਅਰਮੈਨ।